ਮਰਦਾਨਾ ਤਾਕਤ ਦੀਆਂ ਦਵਾਈਆਂ ਦੇਣ ਦੇ ਨਾਮ ਤੇ ਲੋਕਾਂ ਨੂੰ ਠੱਗਦੇ ਨੀਮ ਹਕੀਮਾਂ ਤੇ ਕਾਬੂ ਕਰੇ ਸਰਕਾਰ

ਪੰਜਾਬ ਸਰਕਾਰ ਵਲੋਂ ਸੂਬੇ ਦੀ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਅਤੇ ਜਨਤਾ ਨੂੰ ਨੀਮ ਹਕੀਮਾਂ ਦੇ ਇਲਾਜ ਤੋਂ ਛੁਟਕਾਰਾ ਦਿਵਾਉਣ ਦੇ ਲੰਬੇ ਚੌੜੇ ਦਾਅਵੇ ਜਰੂਰ ਕੀਤੇ ਜਾਂਦੇ ਹਨ ਅਤੇ ਸਮੇਂ ਸਮੇਂ ਤੇ ਇਹ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਉਸ ਵਲੋਂ ਨਾ ਸਿਰਫ ਸੂਬੇ ਵਿੱਚ ਅਣਅਧਿਕਾਰਤ ਤੌਰ ਤੇ ਪ੍ਰੈਕਟਿਸ ਕਰਨ ਵਾਲੇ ਝੋਲਾ ਛਾਪ ਡਾਕਟਰਾਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਬਲਕਿ ਇਹਨਾਂ ਨੀਮ ਹਕੀਮਾਂ ਤੇ ਕਾਬੂ ਕਰਨ ਲਈ ਵੱਖ ਵੱਖ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਸਿਹਤ ਵਿਭਾਗ ਨੂੰ ਛਾਪੇਮਾਰੀ ਕਰਨ ਅਤੇ ਅਜਿਹ ਨੀਮ ਹਕੀਮਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਵਾਉਣ ਦੀਆਂ ਹਿਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ|
ਇਸ ਸੰਬੰਧੀ ਕੁੱਝ ਦਿਨਾਂ ਬਾਅਦ ਥੋੜ੍ਹੀ ਬਹੁਤ ਕਾਰਵਾਈ ਵੀ ਹੁੰਦੀ ਦਿਖ ਜਾਂਦੀ ਹੈ ਅਤੇ ਸਿਹਤ ਵਿਭਾਗ ਵਲੋਂ ਅਜਿਹੇ ਇੱਕਾ ਦੁੱਕਾ ਨੀਮ ਹਕੀਮਾਂ ਨੂੰ ਕਾਬੂ ਵੀ ਕੀਤਾ ਜਾਂਦਾ ਹੈ ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਸਿਹਤ ਵਿਭਾਗ ਵਲੋਂ ਸੜਕਾਂ ਕਿਨਾਰੇ ਅੱਡੇ ਜਮਾ ਕੇ ਆਮ ਲੋਕਾਂ ਨੂੰ ਮਰਦਾਨਗੀ ਦੀਆਂ ਦਵਾਈਆਂ ਦੇ ਨਾਮ ਤੇ ਵੱਖੋਂ ਵੱਖ ਜੜੀਆਂ ਬੂਟੀਆਂ ਅਤੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰਾਂ ਦਾ ਤੇਲ ਕੱਢ ਕੇ ਵੇਚਣ ਵਾਲੇ ਨੀਮ ਹਕੀਮਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਰਕਾਰ ਵਲੋਂ ਮਰਦਾਨਾ ਤਾਕਤ ਦੀਆਂ ਦਵਾਈਆਂ ਵੇਚਣ ਵਾਲੇ ਇਹਨਾਂ ਨੀਮ ਹਕੀਮਾਂ (ਜਿਹਨਾ ਨੂੰ ਆਮ ਗੱਲਬਾਤ ਵਿੱਚ ਲੋਕ ਗੱਡੀਆਂ ਵਾਲੇ ਹਕੀਮ ਦੱਸਦੇ ਹਨ) ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ|
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਆਮ ਲੋਕਾਂ ਨੁੰ ਮਰਦਾਨਾ ਤਾਕਤ ਵਧਾਉਣ ਦੇ ਨਾਮ ਤੇ ਆਪਣੀਆਂ ਊਲ ਜਲੂਲ ਦਵਾਈਆਂ ਵੇਚਣ ਵਾਲੇ ਇਹਨਾਂ ਠੱਗਾਂ ਕੋਲ ਨਾ ਤਾਂ ਕੋਈ ਡਿਗਰੀ ਹੁੰਦੀ ਹੈ ਅਤੇ ਨਾ ਹੀ ਇਹਨਾਂ ਨੂੰ ਸਿਹਤ ਵਿਭਾਗ ਵਲੋਂ ਅਜਿਹੀ ਕੋਈ ਪ੍ਰਵਾਨਗੀ ਦਿੱਤੀ ਜਾਂਦੀ ਹੈ ਪਰੰਤੂ ਇਹ ਧੜੱਲੇ ਨਾਲ ਆਪਣਾ ਧੰਧਾ ਚਲਾਉਂਦੇ ਹਨ| ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ (ਜਿਸਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਠੱਗਾਂ ਦੀ ਇਸ ਕਾਰਵਾਈ ਤੇ ਰੋਕ ਲਗਾਏ) ਵਲੋਂ ਇਹਨਾਂ ਨੀਮ ਹਕੀਮਾਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਅਤੇ ਇਹਨਾਂ ਦਾ ਕਾਰੋਬਾਰ ਲਗਾਤਾਰ ਚਲਦਾ ਰਹਿੰਦਾ ਹੈ|
ਸਾਡੇ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਵੀ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਤੰਬੂ ਲਗਾ ਕੇ ਬੈਠੇ ਅਜਿਹੇ ਨੀਮ ਹਕੀਮ ਆਮ ਦਿਖ ਜਾਂਦੇ ਹਨ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਮਰਦਾਨਾ ਤਾਕਤ ਦੀਆਂ ਆਪੇ ਬਣਾਈਆਂ ਦਵਾਈਆਂ ਵੇਚ ਕੇ ਠੱਗਦੇ ਹਨ| ਇਹਨਾਂ ਨੀਮ ਹਕੀਮਾਂ ਵਲੋਂ ਆਪਣੇ ਤੰਬੂਆਂ ਦੇ ਬਾਹਰ ਬਾਕਾਇਦਾ ਕਈ ਤਰ੍ਹਾਂ ਦੇ ਸਜਾਵਟੀ ਬੋਰਡ ਲਗਾਏ ਹੁੰਦੇ ਹਨ ਜਿਹਨਾਂ ਰਾਂਹੀ ਉਹ ਲੋਕਾਂ ਦੀਆਂ ਵੱਖ ਵੱਖ ਬਿਮਾਰੀਆਂ (ਖਾਸ ਕਰ ਮਰਦਾਨਾ ਕਮਜੋਰੀ ਨਾਲ ਸੰਬੰਧਿਤ) ਦਾ ਆਪਣੀਆਂ ਦੇਸੀ ਦਵਾਈਆਂ ਨਾਲ ਸ਼ਰਤੀਆਂ ਇਲਾਜ ਕਰਨ ਦਾ ਦਾਅਵਾ ਕਰਦੇ ਹਨ| ਪ੍ਰਸ਼ਾਸ਼ਨ ਵਲੋਂ ਇਹਨਾਂ ਠੱਗਾਂ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਣ ਇਹ ਬੇਫਿਕਰ ਹੋ ਕੇ ਆਮ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਰਹਿੰਦੇ ਹਨ| ਇਹਨਾਂ ਨੀਮ ਹਕੀਮਾਂ ਦੀ ਇਹ ਖਾਸੀਅਤ ਹੈ ਕਿ ਇਹਨਾਂ ਵਲੋਂ ਆਪਣਾ ਇਹ ਕਾਰੋਬਾਰ ਕਿਸੇ ਨਾ ਕਿਸੇ ਮੁੱਖ ਸੜਕ ਦੇ ਕਿਨਾਰੇ ਹੀ ਚਲਾਇਆ ਜਾਂਦਾ ਹੈ ਤਾਂ ਇਹਨਾਂ ਵਲੋਂ ਜੋ ਰਾਹ ਜਾਂਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਸਕੇ| ਕਾਨੂੰਨਨ ਇਹ ਨੀਮ ਹਕੀਮ ਅਜਿਹੀ ਕੋਈ ਵੀ ਦਵਾਈ ਨਹੀਂ ਵੇਚ ਸਕਦੇ ਕਿਉਂਕਿ ਨਾ ਤਾਂ ਉਹਨਾਂ ਨੇ ਅਜਿਹੀ ਕੋਈ ਸਿਖਿਆ ਹਾਸਿਲ ਕੀਤੀ ਹੁੰਦੀ ਹੈ ਅਤੇ ਨਾ ਹੀ ਉਹਨਾਂ ਕੋਲ ਇੰਨੀ ਕਾਬਲੀਅਤ ਹੁੰਦੀ ਹੈ ਕਿ ਉਹ ਕਿਸੇ ਦਾ ਇਲਾਜ ਕਰ ਸਕਣ| ਇਸਦੇ ਬਾਵਜੂਦ ਪਤਾ ਨਹੀਂ ਕਿਉਂ ਸਰਕਾਰ ਵਲੋਂ ਖਾਨਦਾਨੀ ਇਲਾਜ ਦੇ ਨਾਮ ਤੇ ਮਰਦਾਨਾ ਤਾਕਤ ਦੀਆਂ ਦਵਾਈਆਂ ਵੇਚਣ ਵਾਲੇ ਇਹਨਾਂ ਨੀਮ ਹਕੀਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦੋਂਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਅਨਸਰਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|
ਇਹਨਾਂ ਨੀਮ ਹਕੀਮਾਂ ਦਾ ਇਹ ਗੈਰਕਾਨੂੰਨੀ ਧੰਧਾ ਤੁਰੰਤ ਬੰਦ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਪ੍ਰਸ਼ਾਸ਼ਲ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਲੁੱਟਣ ਵਾਲੇ ਇਹਨਾਂ ਨੀਮ ਹਕੀਮਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਸਿਹਤ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਲੋਕਾਂ ਦੀ ਨਾਲ ਠੱਗੀਆਂ ਮਾਰਦੇ ਇਹਨਾਂ ਨੀਮ ਹਕੀਮਾਂ ਦੇ ਅੱਡੇ ਚੁਕਵਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਦੀ ਲੁੱਟ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *