ਮਰਦਾਨਾ ਤਾਕਤ ਦੀਆਂ ਦਵਾਈਆਂ ਦੇਣ ਦੇ ਨਾਮ ਤੇ ਲੋਕਾਂ ਨੂੰ ਠੱਗਣ ਵਾਲਿਆਂ ਵਿਰੁੱਧ ਕਾਰਵਾਈ ਹੋਵੇ

ਸਾਡੇ ਸੂਬੇ ਦੇ ਹਰ ਸ਼ਹਿਰ ਦੇ ਨਾਲ- ਨਾਲ ਕਸਬਿਆਂ ਵੱਲ ਜਾਂਦੀਆਂ ਮੁੱਖ ਸੜਕਾਂ ਦੇ ਕਿਨਾਰੇ ਅਜਿਹੀਆਂ ਟੈਂਟ ਨੁਮਾ ਦੁਕਾਨਾਂ ਆਮ ਨਜਰ ਆ ਜਾਂਦੀਆਂ ਹਨ, ਜਿਹਨਾਂ ਉਪਰ ਤਾਕਤ ਵਧਾਓ ਦਵਾਖਾਨਾ ਦੇ ਬੋਰਡ ਤੇ ਬੈਨਰ ਲਗੇ ਹੁੰਦੇ ਹਨ| ਇਹਨਾਂ ਤਾਕਤ ਵਧਾਓ ਦਵਾਈਆਂ ਵੇਚਣ ਵਾਲਿਆਂ ਨੇ ਆਪਣੀਆਂ ਇਹਨਾਂ ਟੈਂਟ ਨੁਮਾ ਦੁਕਾਨਾਂ ਅੰਦਰ ਕਈ ਪਹਿਲਵਾਨਾਂ ਤੇ ਫਿਲਮੀ ਸਿਤਾਰਿਆਂ ਨਾਲ ਆਪਣੀਆਂ ਫੋਟੋਆਂ ਵੀ ਖਿਚਵਾ ਕੇ ਲਗਾਈਆਂ ਹੁੰਦੀਆਂ ਹਨ| ਇਹ ਫੋਟੋਆਂ ਕਿੰਨੀਆਂ ਕੁ ਅਸਲੀ ਹੁੰਦੀਆਂ ਹਨ, ਇਹ ਤਾਂ ਇਹ ਖੁਦ ਹੀ ਬਿਹਤਰ ਜਾਣਦੇ ਹੁੰਦੇ ਹਨ ਪਰ ਇਹਨਾਂ ਫੋਟੋਆਂ ਦਾ ਲੋਕਾਂ ਉਪਰ ਕਾਫੀ ਪ੍ਰਭਾਵ ਪੈਂਦਾ ਹੈ|
ਮਰਦਾਨਾ ਤਾਕਤ ਵਧਾਉਣ ਵਾਲੀਆਂ ਕਥਿਤ ਦਵਾਈਆਂ ਅਤੇ ਨੁਸਖੇ ਵੇਚਣ ਵਾਲੀਆਂ ਇਹਨਾਂ ਦੁਕਾਨਾਂ ਨੂੰ ਚਲਾਉਣ ਵਾਲੇ ਨੀਮ ਹਕੀਮਾਂ (ਜਿਹਨਾਂ ਨੂੰ ਆਮ ਲੋਕ ਗੱਡੀਆਂ ਵਾਲੇ ਵੀ ਕਹਿੰਦੇ ਹਨ) ਕੋਲ ਨਾ ਤਾਂ ਕੋਈ ਮੈਡੀਕਲ ਡਿਗਰੀ ਹੁੰਦੀ ਹੈ ਨਾ ਹੀ ਉਹਨਾਂ ਕੋਲ ਸਿਹਤ ਵਿਭਾਗ ਵਲੋਂ ਅਜਿਹੀਆਂ ਦਵਾਈਆਂ ਵੇਚਣ ਦੀ ਕੋਈ ਮੰਜੂਰੀ ਲਈ ਜਾਂਦੀ ਹੈ| ਇਹ ਲੋਕ ਆਪਣੀ ਮਨਮਰਜੀ ਦੇ ਨੁਸਖਿਆਂ ਨਾਲ ਦੇਸੀ ਦਵਾਈਆਂ ਬਣਾ ਕੇ ਅਤੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰਾਂ ਦਾ ਤੇਲ ਕੱਢ ਕੇ ਭੋਲੇ ਭਾਲੇ ਲੋਕਾਂ ਨੂੰ ਮਰਦਾਨਾ ਤਾਕਤ ਵਧਾਉਣ ਵਾਲੀਆਂ ਦਵਾਈਆਂ ਦੇ ਨਾਮ ਤੇ ਵੇਚਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਠੱਗਦੇ ਹਨ| ਇਹ ਲੋਕ ਗੁਪਤ ਰੋਗਾਂ ਦਾ ਸ਼ਾਹੀ ਇਲਾਜ ਕਰਨ ਦੇ ਵੀ ਦਾਅਵੇ ਕਰਦੇ ਹਨ ਅਤੇ ਇਹਨਾਂ ਕੋਲ ਆਉਣ ਵਾਲੇ ਜਿਆਦਾਤਰ ਲੋਕ ਅਜਿਹੇ ਹੀ ਹੁੰਦੇ ਹਨ ਜਿਹੜੇ ਕਿਸੇ ਨਾ ਕਿਸੇ ਗੁਪਤ ਰੋਗ ਦਾ ਸ਼ਿਕਾਰ ਹੁੰਦੇ ਹਨ|
ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਜਿਸ ਕੋਲ ਸਰਕਾਰ ਵਲੋਂ ਪ੍ਰਵਾਣਿਤ ਮੈਡੀਕਲ ਦੀ ਡਿਗਰੀ ਨਾ ਹੋਵੇ ਕਿਸੇ ਦਾ ਇਲਾਜ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਤਰੀਕੇ ਨਾਲ ਉਲ ਜਲੂਲ ਦਵਾਈਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ ਪਰੰਤੂ ਹੈਰਾਨੀ ਦੀ ਗੰਲ ਇਹ ਹੈ ਕਿ ਇਹਨਾਂ ਨੀਮ ਹਕੀਮਾਂ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਇਸ ਸਿੱਧੀ ਉਲੰਘਣਾ ਦੀ ਇਸ ਕਾਰਵਾਈ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮਰਦਾਨਾ ਤਾਕਤ ਦੇ ਨਾਮ ਤੇ ਲੋਕਾਂ ਨੂੰ ਠੱਗਣ ਅਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਇਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਅਜਿਹਾ ਵੀ ਨਹੀਂ ਹੈ ਕਿ ਇਹ ਲੋਕ ਆਪਣਾ ਠੱਗੀ ਦਾ ਇਹ ਕਾਰੋਬਾਰ ਲੁਕ ਛਿਪ ਕੇ ਚਲਾਉਂਦੇ ਹਨ ਬਲਕਿ ਇਹਨਾਂ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਟੈਂਟ ਲਗਾ ਕੇ ਅਤੇ ਬਾਕਾਇਦਾ ਬੋਰਡ ਲਗਾ ਕੇ ਆਪਣਾ ਇਹ ਕਾਰੋਬਾਰ ਚਲਾਇਆ ਜਾਂਦਾ ਹੈ|
ਖੁਦ ਨੂੰ ਖਾਨਦਾਨੀ ਵੈਦ ਅਤੇ ਮਰਦਾਨਾ ਤਾਕਤ ਦੇ ਬਾਦਸ਼ਾਹ ਦੱਸਣ ਵਾਲੇ ਇਹ ਨੀਮ ਹਕੀਮ ਹਰ ਕਸਬੇ ਅਤੇ ਸ਼ਹਿਰ ਵਿੱਚ ਮਿਲ ਜਾਂਦੇ ਹਨ, ਜੋ ਕਿ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਵਾਈਆਂ ਆਮ ਲੋਕਾਂ ਨੂੰ ਵੇਚਦੇ ਰਹਿੰਦੇ ਹਨ| ਆਮ ਤੌਰ ਤੇ ਮਰਦਾਨਾ ਕਮਜੋਰੀ ਦੇ ਸ਼ਿਕਾਰ ਲੋਕ ਜਿਹੜੇ ਇਸ ਸੰਬੰਧੀ ਕਿਸੇ ਡਾਕਟਰ ਨਾਲ ਗੱਲ ਕਰਨ ਤੋਂ ਝਿਝਕਦੇ ਹਨ, ਆਸਾਨੀ ਨਾਲ ਇਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ| ਇਹਨਾਂ ਠੱਗਾਂ (ਨੀਮ ਹਕੀਮਾਂ) ਵਲੋਂ ਆਪਣੇ ਟਿਕਾਣੇ ਵੀ ਇਸੇ ਕਰਕੇ ਮੁੱਖ ਸੜਕਾਂ ਦੇ ਕਿਨਾਰੇ (ਆਬਾਦੀ ਤੋਂ ਥੋੜ੍ਹਾ ਹਟ ਕੇ) ਬਣਾਏ ਜਾਂਦੇ ਹਨ ਤਾਂ ਜੋ ਲੋਕ ਕੰਮ ਤੇ ਜਾਣ ਜਾਂ ਵਾਪਸ ਆਉਣ ਵੇਲੇ ਇਹਨਾਂ ਦੇ ਚੁੰਗਲ ਵਿਚ ਫਸ ਜਾਣ ਅਤੇ ਜਦੋਂ ਕੋਈ ਵਿਅਕਤੀ ਇਹਨਾਂ ਦੇ ਚੱਕਰ ਵਿੱਚ ਆ ਜਾਂਦਾ ਹੈ ਤਾਂ ਇਹ ਉਸਨੂੰ ਉਦੋਂ ਤਕ ਲੁੱਟਦੇ ਰਹਿੰਦੇ ਹਨ ਜਦੋਂ ਤਕ ਉਹ ਇਹਨਾਂ ਨੂੰ ਪੈਸੇ ਦੇਣ ਜੋਗ ਰਹਿੰਦਾ ਹੈ|
ਇਹਨਾਂ ਨੀਮ ਹਕੀਮਾਂ ਦੇ ਚੱਕਰ ਵਿੱਚ ਆਉਣ ਵਾਲੇ ਲੋਕਾਂ ਵਿੱਚ ਜਿਆਦਾਤਰ ਦਿਹਾੜੀਦਾਰ ਮਜਦੂਰ ਜਾਂ ਪਿੰਡਾਂ ਦੇ ਘੱਟ ਪੜ੍ਹੇ ਲਿਖੇ ਗਰੀਬ ਲੋਕ ਹੁੰਦੇ ਹਨ ਜਿਹੜੇ ਆਪਣੇ ਨਾਲ ਹੋਈ ਇਸ ਲੁੱਟ ਦੀ ਸ਼ਿਕਾਇਤ ਤੱਕ ਨਹੀਂ ਕਰਦੇ ਅਤੇ ਇਹਨਾਂ ਨੀਮ ਹਕੀਮਾਂ ਦਾ ਲੁੱਟ ਦਾ ਇਹ ਧੰਦਾ ਲਗਾਤਾਰ ਚਲਦਾ ਰਹਿੰਦਾ ਹੈ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਸਖਤ ਕਦਮ ਚੁੱਕੇ ਜਾਣ ਅਤੇ ਸਿਹਤ ਵਿਭਾਗ ਵਲੋਂ ਇਹਨਾਂ ਠੱਗਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ| ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਠੱਗਾਂ ਦੇ ਖਿਲਾਫ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਭੋਲੇ ਭਾਲੇ ਗਰੀਬ ਲੋਕਾਂ ਨੂੰ ਠੱਗਣ ਅਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *