ਮਰਦਾਨਾ ਤਾਕਤ ਦੀਆਂ ਦਵਾਈਆਂ ਦੇ ਨਾਮ ਤੇ ਲੋਕਾਂ ਨੂੰ ਠੱਗਦੇ ਨੀਮ ਹਕੀਮਾਂ ਵਿਰੁੱਧ ਹੋਵੇ ਸਖਤ ਕਾਰਵਾਈ

ਸਾਡੇ ਦੇਸ਼ ਦੇ ਹਰ ਸ਼ਹਿਰ ਅਤੇ ਕਸਬੇ ਵਿੱਚ ਖੁਦ ਨੂੰ ਖਾਨਦਾਨੀ ਵੈਦ ਅਤੇ ਮਰਦਾਨਾ ਤਾਕਤ ਦੇ ਬਾਦਸ਼ਾਹ ਦੱਸਣ ਵਾਲੇ ਨੀਮ ਹਕੀਮ ਆਮ ਮਿਲ ਜਾਂਦੇ ਹਨ ਜੋ ਪਤਾ ਨਹੀਂ ਕਿਹੜੇ ਕਿਹੜੇ ਜਾਨਵਰਾਂ ਦੇ ਤੇਲ ਅਤੇ ਹੋਰਨਾਂ ਦਵਾਈਆਂ ਦੇ ਨਾਮ ਤੇ ਆਮ ਲੋਕਾਂ ਨੂੰ ਮਰਦਾਨਾਂ ਤਾਕਤ ਦੀਆਂ ਆਪੇ ਬਣਾਈਆਂ ਦਵਾਈਆਂ ਵੇਚਦੇ ਹਨ| ਆਮ ਤੌਰ ਤੇ ਮਰਦਾਨਾ ਕਮਜੋਰੀ ਦੇ ਸ਼ਿਕਾਰ ਲੋਕ (ਜਿਹੜੇ ਇਸ ਸੰਬੰਧੀ ਕਿਸੇ ਡਾਕਟਰ ਨਾਲ ਗੱਲ ਕਰਨ ਤੋਂ ਝਿਝਕਦੇ ਹਨ) ਆਸਾਨੀ ਨਾਲ ਇਹਨਾਂ ਨੀਮ ਹਕੀਮਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਜਿਹੜੇ ਲੋਕਾਂ ਦੇ ਗੁਪਤ ਰੋਗਾਂ ਦਾ ਸ਼ਾਹੀ ਇਲਾਜ ਕਰਨ ਦਾ ਦਾਅਵਾ ਕਰਦੇ ਹਨ|
ਪੰਜਾਬ ਵਿੱਚ ਵੀ ਹਰ ਸ਼ਹਿਰ ਤੋਂ ਬਾਹਰ ਜਾਂਦੀਆਂ ਮੁੱਖ ਸੜਕਾਂ ਦੇ ਕਿਨਾਰੇ ਅਜਿਹੀਆਂ ਟੈਂਟ ਨੁਮਾ ਦੁਕਾਨਾਂ ਆਮ ਨਜਰ ਆ ਜਾਂਦੀਆਂ ਹਨ, ਜਿਹਨਾਂ ਉਪਰ ਤਾਕਤ ਵਧਾਓ ਦਵਾਖਾਨਾ ਜਾਂ ਹਰ ਬਿਮਾਰੀ ਦਾ ਸ਼ਰਤੀਆ ਇਲਾਜ ਦੇ ਬੋਰਡ ਤੇ ਬੈਨਰ ਲੱਗੇ ਹੁੰਦੇ ਹਨ| ਇਹਨਾਂ ਤਾਕਤ ਵਧਾਓ ਦਵਾਈਆਂ ਵੇਚਣ ਵਾਲਿਆਂ ਨੇ ਆਪਣੀਆਂ ਇਹਨਾਂ ਟੈਂਟ ਨੁਮਾ ਦੁਕਾਨਾਂ ਅੰਦਰ ਕਈ ਪਹਿਲਵਾਨਾਂ ਤੇ ਫਿਲਮੀ ਸਿਤਾਰਿਆਂ ਨਾਲ ਆਪਣੀਆਂ ਫੋਟੋਆਂ ਵੀ ਖਿਚਵਾ ਕੇ ਲਗਾਈਆਂ ਹੁੰਦੀਆਂ ਹਨ| ਇਹ ਫੋਟੋਆਂ ਕਿੰਨੀਆਂ ਕੁ ਅਸਲੀ ਹੁੰਦੀਆਂ ਹਨ, ਇਹ ਤਾਂ ਇਹ ਖੁਦ ਹੀ ਬਿਹਤਰ ਜਾਣਦੇ ਹੁੰਦੇ ਹਨ, ਪਰ ਇਹਨਾਂ ਫੋਟੋਆਂ ਦਾ ਲੋਕਾਂ ਉੱਪਰ ਕਾਫੀ ਪ੍ਰਭਾਵ ਪੈਂਦਾ ਹੈ ਅਤੇ ਉਹ ਇਹਨਾਂ ਠੱਗਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ|
ਇਹਨਾਂ ਠੱਗਾਂ (ਨੀਮ ਹਕੀਮਾਂ) ਵਲੋਂ ਆਪਣੇ ਟਿਕਾਣੇ ਵੀ ਇਸੇ ਕਰਕੇ ਮੁੱਖ ਸੜਕਾਂ ਦੇ ਕਿਨਾਰੇ (ਆਬਾਦੀ ਤੋਂ ਥੋੜ੍ਹਾ ਹਟ ਕੇ) ਬਣਾਏ ਜਾਂਦੇ ਹਨ ਤਾਂ ਜੋ ਲੋਕ ਕੰਮ ਤੇ ਜਾਣ ਜਾਂ ਵਾਪਸ ਆਉਣ ਵੇਲੇ ਇਹਨਾਂ ਦੇ ਚੁੰਗਲ ਵਿਚ ਫਸ ਜਾਣ ਅਤੇ ਜਦੋਂ ਕੋਈ ਵਿਅਕਤੀ ਇਹਨਾਂ ਦੇ ਚੱਕਰ ਵਿੱਚ ਆ ਜਾਂਦਾ ਹੈ ਤਾਂ ਇਹ ਉਸਨੂੰ ਉਦੋਂ ਤਕ ਲੁੱਟਦੇ ਰਹਿੰਦੇ ਹਨ ਜਦੋਂ ਤਕ ਉਹ ਇਹਨਾਂ ਨੂੰ ਪੈਸੇ ਦੇਣ ਜੋਗਾ ਰਹਿੰਦਾ ਹੈ| ਮਰਦਾਨਾ ਤਾਕਤ ਵਧਾਉਣ ਵਾਲੀਆਂ ਕਥਿਤ ਦਵਾਈਆਂ ਅਤੇ ਨੁਸਖੇ ਵੇਚਣ ਵਾਲੇ ਇਹਨਾਂ ਨੀਮ ਹਕੀਮਾਂ (ਜਿਹਨਾਂ ਨੂੰ ਆਮ ਲੋਕ ਗੱਡੀਆਂ ਵਾਲੇ ਵੀ ਕਹਿੰਦੇ ਹਨ) ਕੋਲ ਨਾ ਤਾਂ ਮੈਡੀਕਲ ਦੀ ਕੋਈ ਡਿਗਰੀ ਹੁੰਦੀ ਹੈ ਨਾ ਹੀ ਉਹਨਾਂ ਕੋਲ ਸਿਹਤ ਵਿਭਾਗ ਵਲੋਂ ਅਜਿਹੀਆਂ ਦਵਾਈਆਂ ਵੇਚਣ ਦੀ ਕੋਈ ਮੰਜੂਰੀ ਲਈ ਜਾਂਦੀ ਹੈ| ਇਹ ਲੋਕ ਆਪਣੀ ਮਨਮਰਜੀ ਦੇ ਨੁਸਖਿਆਂ ਨਾਲ ਦੇਸੀ ਦਵਾਈਆਂ ਬਣਾ ਕੇ ਅਤੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰਾਂ ਦਾ ਤੇਲ ਕੱਢ ਕੇ ਭੋਲੇ ਭਾਲੇ ਲੋਕਾਂ ਨੂੰ ਮਰਦਾਨਾ ਤਾਕਤ ਵਧਾਉਣ ਵਾਲੀਆਂ ਦਵਾਈਆਂ ਦੇ ਨਾਮ ਤੇ ਵੇਚਦੇ ਅਤੇ ਉਹਨਾਂ ਨੂੰ ਠੱਗਦੇ ਰਹਿੰਦੇ ਹਨ| ਇਹਨਾਂ ਨੀਮ ਹਕੀਮਾਂ ਦੇ ਚੱਕਰ ਵਿੱਚ ਆਉਣ ਵਾਲੇ ਲੋਕਾਂ ਵਿੱਚ ਜਿਆਦਾਤਰ ਦਿਹਾੜੀਦਾਰ ਮਜਦੂਰ ਜਾਂ ਪਿੰਡਾਂ ਦੇ ਘੱਟ ਪੜ੍ਹੇ ਲਿਖੇ ਗਰੀਬ ਲੋਕ ਹੁੰਦੇ ਹਨ ਜਿਹੜੇ ਆਪਣੇ ਨਾਲ ਹੋਈ ਇਸ ਲੁੱਟ ਦੀ ਸ਼ਿਕਾਇਤ ਤਕ ਨਹੀਂ ਕਰਦੇ ਅਤੇ ਇਹਨਾਂ ਠੱਗਾਂ ਦਾ ਲੁੱਟ ਦਾ ਇਹ ਧੰਦਾ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ|
ਇਹ ਲੋਕ ਆਪਣਾ ਠੱਗੀ ਦਾ ਇਹ ਕਾਰੋਬਾਰ ਲੁਕ ਛਿਪ ਕੇ ਚਲਾਉਂਦੇ ਹਨ ਬਲਕਿ ਇਹਨਾਂ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਟੈਂਟ ਲਗਾ ਕੇ ਅਤੇ ਬਾਕਾਇਦਾ ਬੋਰਡ ਲਗਾ ਕੇ ਆਪਣਾ ਇਹ ਕਾਰੋਬਾਰ ਚਲਾਇਆ ਜਾਂਦਾ ਹੈ ਜਦੋਂਕਿ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਜਿਸ ਕੋਲ ਸਰਕਾਰ ਵਲੋਂ ਪ੍ਰਵਾਨਿਤ ਮੈਡੀਕਲ ਦੀ ਡਿਗਰੀ ਨਾ ਹੋਵੇ ਕਿਸੇ ਦਾ ਇਲਾਜ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਤਰੀਕੇ ਨਾਲ ਉਲ ਜਲੂਲ ਦਵਾਈਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੀਮ ਹਕੀਮਾਂ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਇਸ ਸਿੱਧੀ ਉਲੰਘਣਾ ਦੀ ਇਸ ਕਾਰਵਾਈ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮਰਦਾਨਾ ਤਾਕਤ ਦੇ ਨਾਮ ਤੇ ਲੋਕਾਂ ਨੂੰ ਠੱਗਣ ਅਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਇਹਨਾਂ ਲੋਕਾਂ ਦਾ ਕਾਰੋਬਾਰ ਧੜ੍ਹਲੇ ਨਾਲ ਚਲਦਾ ਹੈ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਸਖਤ ਕਦਮ ਚੁੱਕੇ ਜਾਣ ਅਤੇ ਸਿਹਤ ਵਿਭਾਗ ਵਲੋਂ ਇਹਨਾਂ ਠੱਗਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ| ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਠੱਗਾਂ ਦੇ ਖਿਲਾਫ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਭੋਲੇ ਭਾਲੇ ਗਰੀਬ ਲੋਕਾਂ ਨੂੰ ਠੱਗਣ ਅਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *