ਮਰਦਾਨਾ ਤਾਕਤ ਦੀਆਂ ਦਵਾਈਆਂ ਦੇਣ ਦੇ ਨਾਮ ਤੇ ਲੋਕਾਂ ਨੂੰ ਲੁੱਟਦੇ ਠਗਾਂ ਨੂੰ ਕਾਬੂ ਕਰੇ ਸਰਕਾਰ

ਪੰਜਾਬ ਦੇ ਲਗਭਗ ਸਾਰੇ ਜਿਲਿਆਂ ਵਿੱਚ ਸ਼ਹਿਰਾਂ ਦੇ ਬਾਹਰਵਾਰ ਪਿੰਡਾਂ ਵੱਲ ਨੂੰ ਜਾਂਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਆਪਣੇ ਟੈਂਟ ਅਤੇ ਵੱਡੇ ਵੱਡੇ ਬੋਰਡ ਲਗਾ ਕੇ ਆਮ ਲੋਕਾਂ ਨੂੰ ਮਰਦਾਨਗੀ ਦੀਆਂ ਦਵਾਈਆਂ ਦੇਣ ਵਾਲੇ ਖਾਨਾਬਦੋਸ਼ਾਂ (ਜਿਹਨਾਂ ਨੂੰ ਲੋਕ ਗੱਡੀਆ ਵਾਲਿਆਂ ਦੇ ਨਾਮ ਨਾਲ ਵੀ ਜਾਣਦੇ ਹਨ) ਦੇ ਟਿਕਾਣੇ ਆਮ ਨਜਰ ਆ ਜਾਂਦੇ ਹਨ| ਆਮ ਤੌਰ ਤੇ ਰਾਜਸਥਾਨੀ ਬਾਣੇ ਵਿੱਚ ਨਜਰ ਆਉਣ ਵਾਲੇ ਇਹ ਵਿਅਕਤੀ ਮਰਦਾਨਾ ਤਾਕਤ ਦੀਆਂ ਦਵਾਈਆਂ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੜੀਆਂ ਬੂਟੀਆਂ ਅਤੇ ਜਾਨਵਰਾਂ ਦਾ ਤੇਲ ਵੇਚ ਕੱਢ ਕੇ ਵੇਚਦੇ ਹਨ ਅਤੇ ਅਜਿਹਾ ਕਰਕੇ ਇਹਨਾਂ ਵਲੋਂ ਨਾ ਸਿਰਫ ਆਪਣੇ ਕੋਲ ਦਵਾਈ ਲੈਣ ਆਏ ਵਿਅਕਤੀਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ ਬਲਕਿ ਉਹਨਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਇਹ ਊਲ ਜਲੂਲ ਦਵਾਈਆਂ ਮਨੁੱਖੀ ਸਿਹਤ ਤੇ ਵੀ ਬਹੁਤ ਬੁਰਾ ਅਸਰ ਪਾਂਦੀਆਂ ਹਨ|
ਇਹਨਾਂ ਨੀਮ ਹਕੀਮਾਂ ਵਲੋਂ ਆਮ ਲੋਕਾਂ ਨੂੰ ਮਰਦਾਨਾ ਕਮਜੋਰੀ ਦੂਰ ਕਰਨ ਦੇ ਨਾਮ ਤੇ ਲੁੱਟਣ ਦੀ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਇਹਨਾਂ ਠੱਗਾਂ ਵਲੋਂ ਅਜਿਹੇ ਲੋਕਾਂ ਦੀ ਧੜੱਲੇ ਨਾਲ ਲੁੱਟ ਕੀਤੀ ਜਾਂਦੀ ਰਹੀ ਹੈ| ਮਰਦਾਨਾ ਕਮਜੋਰੀ ਦਾ ਸ਼ਿਕਾਰ ਹੋਇਆ ਵਿਅਕਤੀ ਸ਼ਰਮ ਦਾ ਮਾਰਾ ਕਿਸੇ ਮਾਹਿਰ ਡਾਕਟਰ ਕੋਲ ਜਾਣ ਤੋਂ ਗੁਰੇਜ ਕਰਦਾ ਹੈ ਅਤੇ ਸੜਕਾਂ ਦੇ ਕਿਨਾਰੇ ਤੇ ਬੋਰਡ ਲਗਾ ਕੇ ਬੈਠੇ ਇਹਨਾਂ ਠੱਗਾਂ ਦੇ ਜਾਲ ਵਿੱਚ ਆਸਾਨੀ ਨਾਲ ਫਸ ਜਾਂਦਾ ਹੈ| ਅਜਿਹੇ ਵਿਅਕਤੀਆਂ ਵਲੋਂ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਕਰਨ ਦੀ ਸੰਭਾਵਨਾ ਵੀ ਘੱਟ ਹੀ ਹੁੰਦੀ ਹੈ ਇਸ ਲਈ ਇਹਨਾਂ ਠਗਾਂ ਦਾ ਇਹ ਕਾਰੋਬਾਰ ਆਸਾਨੀ ਨਾਲ ਚਲਦਾ ਰਹਿੰਦਾ ਹੈ|
ਸਾਡੇ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਵਿੱਚ ਵੀ ਸੜਕਾਂ ਕਿਨਾਰੇ ਵੱਖ ਵੱਖ ਥਾਵਾਂ ਤੇ ਆਪਣੇ ਤੰਬੂ ਲਗਾ ਕੇ ਬੈਠੇ  ਅਜਿਹੇ ਨੀਮ ਹਕੀਮ ਨਜਰ ਆ ਜਾਂਦੇ ਹਨ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਮਰਦਾਨਾਂ ਤਾਕਤ ਦੀਆਂ ਦੇਸੀ ਦਵਾਈਆਂ ਬਣਾ ਕੇ ਦੇਣ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ| ਇਹਨਾਂ ਨੀਮ ਹਕੀਮਾਂ ਦੀ ਇਹ ਖਾਸੀਅਤ ਹੈ ਕਿ ਉਹ  ਆਪਣਾ ਇਹ ਕਾਰੋਬਾਰ ਕਿਸੇ ਨਾ ਕਿਸੇ ਮੁੱਖ ਸੜਕ ਦੇ ਕਿਨਾਰੇ ਹੀ ਚਲਾਉਂਦੇ ਹਨ ਤਾਂ ਜੋ ਰਾਹ ਜਾਂਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਸਕੇ|
ਕਾਨੂੰਨਨ ਇਹ ਨੀਮ ਹਕੀਮ ਇਸ ਤਰ੍ਹਾਂ ਦਵਾਈਆਂ ਨਹੀਂ                ਵੇਚ ਸਕਦੇ  ਕਿਉਂਕਿ ਉਹਨਾਂ ਕੋਲ ਇੰਨੀ ਕਾਬਲੀਅਤ  ਹੀ ਨਹੀਂ ਹੈ ਕਿ ਉਹ ਕਿਸੇ ਦਾ ਇਲਾਜ ਕਰ ਸਕਣ| ਆਪਣੇ ਕੋਲ ਇਲਾਜ ਦੀ ਆਸ ਲੈ ਕੇ ਆਉਣ ਵਾਲੇ ਲੋਕਾਂ ਨੂੰ ਇਹ ਜਿਹੜੀਆਂ ਦਵਾਈਆਂ ਦਿੰਦੇ ਹਨ ਉਹ ਲੋਕਾਂ ਨੂੰ ਫਾਇਦਾ ਦੇਣਗੀਆਂ ਜਾਂ ਨੁਕਸਾਨ ਇਸ ਨਾਲ ਵੀ ਇਹਨਾਂ ਨੇ ਕੁੱਝ ਵੀ ਲੈਣਾ ਦੇਣਾ ਨਹੀਂ ਹੁੰਦਾ| ਇਹਨਾਂ ਦਾ ਇਕੋ ਇੱਕ ਟੀਚਾ ਆਪਣੇ ਕੋਲ ਆਉਣ ਵਾਲੇ ਸ਼ਿਕਾਰ ਤੋਂ ਵੱਧ ਤੋਂ ਵੱਧ ਰਕਮ ਵਸੂਲਣਾ ਹੀ ਹੁੰਦਾ ਹੈ ਅਤੇ ਇਹ ਪੂਰੇ ਧੜੱਲੇ ਨਾਲ ਆਪਣਾ ਇਹ ਕਾਲਾ ਕਾਰੋਬਾਰ ਚਲਾਉਂਦੇ ਹਨ|
ਇਸ ਸਭ ਦੇ ਬਾਵਜੂਦ ਸੂਬੇ ਦੇ ਸਿਹਤ ਵਿਭਾਗ ਵਲੋਂ ਇਹਨਾਂ ਨੀਮ ਹਕੀਮਾਂ (ਜਿਹਨਾਂ ਕੋਲ ਅਜਿਹਾ ਇਲਾਜ ਕਰਨ ਜਾਂ ਲੋਕਾਂ ਨੂੰ ਦਵਾਈਆਂ ਬਣਾ ਕੇ ਦੇਣ ਦੀ ਨਾ ਕੋਈ ਪ੍ਰਵਾਨਿਤ ਡਿਗਰੀ ਹੁੰਦੀ ਹੈ ਅਤੇ ਨਾ ਹੀ ਉਹ ਸੂਬਾ ਸਰਕਾਰ ਕੋਲੋਂ ਇਸ ਸੰਬੰਧੀ ਕੋਈ ਪ੍ਰਵਾਨਗੀ ਲੈਂਦੇ ਹਨ) ਦੇ ਖਿਲਾਫ ਕੋਈ ਕਾਰਵਾਈ ਕਿਊਂ ਨਹੀਂ ਕੀਤੀ ਜਾਂਦੀ ਇਸਦਾ ਜਵਾਬ ਦੇਣ ਲਈ ਵੀ ਕੋਈ ਤਿਆਰ ਨਹੀਂ ਹੈ| ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ (ਜਿਸਦੀ ਇਹ              ਜਿੰਮੇਵਾਰੀ ਹੈ ਕਿ ਉਹ ਇਹਨਾਂ ਠੱਗਾਂ ਦੀ ਇਸ ਕਾਰਵਾਈ ਤੇ ਰੋਕ ਲਗਾਏ) ਵਲੋਂ ਇਹਨਾਂ ਨੀਮ ਹਕੀਮਾਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਮਰਦਾਨਾ ਤਾਕਤ ਦੀਆਂ ਦਵਾਈਆਂ ਵੇਚਣ ਦੇ ਨਾਮ ਤੇ ਆਮ ਲੋਕਾਂ ਨੂੰ ਠੱਗਣ ਵਾਲੇ ਇਹਨਾਂ ਨੀਮ ਹਕੀਮਾਂ ਵਿਰੁੱਧ ਬਣਦੀ ਕਾਰਵਾਈ ਨੂੰ ਯਕੀਨੀ ਬਣਾਏ| ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਦਾ ਇਹ ਗੈਰਕਾਨੂੰਨੀ ਧੰਧਾ ਬੰਦ ਤੁਰੰਤ ਕਰਵਾਇਆ ਜਾਣਾ ਚਾਹੀਦਾ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਲੁੱਟਣ ਵਾਲੇ ਇਹਨਾਂ ਨੀਮ ਹਕੀਮਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਠੱਗਾਂ ਦੀ ਇਸ ਲੁੱਟ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *