ਮਰੀਜ ਦੇ ਰਿਸ਼ਤੇਦਾਰਾਂ ਵਲੋਂ ਗ੍ਰੇਸ਼ੀਅਨ ਹਸਪਤਾਲ ਦੇ ਖਿਲਾਫ ਰੋਸ ਪ੍ਰਦਰਸ਼ਨ

ਮਰੀਜ ਦੇ ਰਿਸ਼ਤੇਦਾਰਾਂ ਵਲੋਂ ਗ੍ਰੇਸ਼ੀਅਨ ਹਸਪਤਾਲ ਦੇ ਖਿਲਾਫ ਰੋਸ ਪ੍ਰਦਰਸ਼ਨ
ਹਸਪਤਾਲ ਨੇ ਦੋਸ਼ ਨਕਾਰੇ, ਬਾਅਦ ਵਿੱਚ ਪੁਲੀਸ ਨੇ ਆ ਕੇ ਮਾਮਲਾ ਖਤਮ ਕਰਵਾਇਆ
ਐਸ.ਏ.ਐਸ.ਨਗਰ, 10 ਸਤੰਬਰ (ਜਸਵਿੰਦਰ ਸਿੰਘ) ਸਥਾਨਕ ਸੈਕਟਰ 69 ਵਿੱਚ ਗ੍ਰੇਸ਼ੀਅਨ ਹਸਪਤਾਲ ਵਿੱਚ ਦਾਖਲ ਇੱਕ ਮਰੀਜ ਦੇ ਰਿਸ਼ਤੇਦਾਰਾਂ ਅਤੇ ਹਸਪਤਾਲ ਦੇ ਪ੍ਰਬੰਧਕਾਂ ਵਿਚਾਲੇ ਰਕਮ  ਦੀ ਅਦਾਇਗੀ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਮਰੀਜਾਂ ਦੇ                  ਰਿਸ਼ਤੇਦਾਰਾਂ ਵਲੋਂ ਹਸਪਤਾਲ ਦੇ ਸਟਾਫ ਉੱਪਰ ਕੋਰੋਨਾ ਦੇ ਨਾਮ ਤੇ ਮਰੀਜਾਂ ਨੂੰ ਲੁੱਟਣ ਦੇ ਇਲਜਾਮ ਲਗਾਉਂਦਿਆਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ| ਇਸ ਦੌਰਾਨ ਹਸਪਤਾਲ ਦੇ ਸਟਾਫ ਅਤੇ ਮਰੀਜਾਂ ਦੇ ਰਿਸ਼ਤੇਦਾਰਾਂ ਦੇ ਵਿਚਕਾਰ ਬਹਿਸ ਵੀ ਹੋਈ ਅਤੇ ਇੱਕ ਵਾਰ ਨੌਬਤ ਹੱਥੋਪਾਈ ਤੱਕ ਆਉਂਦੀ ਆਉਂਦੀ ਬਚੀ| ਬਾਅਦ ਵਿੱਚ ਮੌਕੇ ਤੇ ਪਹੁੰਚੀ ਪੁਲੀਸ ਵਲੋਂ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾ ਕੇ ਮਾਮਲਾ ਹਲ ਕਰਵਾ ਦਿੱਤਾ ਗਿਆ| 
ਇਸ ਮੌਕੇ ਹਸਪਤਾਲ ਵਿੱਚ ਬੀਤੀ 7 ਸਤੰਬਰ ਨੂੰ ਦਾਖਿਲ ਕੀਤੇ ਗਏ ਮ੍ਰਿਤਕ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਇੱਥੇ ਆਪਣੇ ਭਰਾ ਨੂੰ ਲੈ ਕੇ ਇਸ ਹਸਪਤਾਲ ਵਿੱਚ ਇਲਾਜ ਲਈ ਆਏ ਸਨ| ਉਹਨਾਂ ਕਿਹਾ ਕਿ ਬੀਤੇ ਕੱਲ੍ਹ ਹਸਪਤਾਲ ਦੇ ਸਟਾਫ ਵਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦੇ ਮਰੀਜ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਹ ਜਿਆਦਾ ਤੋਂ ਜਿਆਦਾ ਦੋ ਦਿਨ ਹੀ ਜਿਊਂਦੇ ਰਹਿ ਸਕਣਗੇ| ਉਹਨਾਂ ਦੱਸਿਆ ਕਿ ਇਸਤੇ ਉਹਨਾਂ ਹਸਪਤਾਲ ਵਾਲਿਆਂ ਨੂੰ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਮਰੀਜ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇ ਤਾਂ ਜੋ ਉਹ ਉਸਨੂੰ ਕਿਸੇ ਸਰਕਾਰੀ ਹਸਪਤਾਲ ਲਿਜਾ ਸਕਣ|
ਉਹਨਾਂ ਕਿਹਾ ਕਿ ਹਸਪਤਾਲ ਦੇ ਸਟਾਫ ਨੇ ਉਹਨਾਂ ਨੂੰ ਕਿਹਾ ਕਿ ਇਸ ਕੰਮ ਵਿੱਚ  5-6 ਘੰਟੇ ਲੱਗਣਗੇ ਅਤੇ  ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਫੋਨ ਆਇਆ ਕਿ ਤੁਹਾਡੇ ਮਰੀਜ ਦੀ ਡਾਇਲਾਇਸਿਸ ਦੌਰਾਨ ਮੌਤ ਹੋ ਗਈ ਹੈ| ਉਹਨਾਂ ਕਿਹਾ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਵੇਰੇ ਫੇਜ਼ 6 ਦੇ ਸਿਵਲ ਹਸਪਤਾਲ ਤੋਂ ਮ੍ਰਿਤਕ ਦੇਹ ਲੈ ਸਕਦੇ ਹਨ| ਉਹਨਾਂ ਕਿਹਾ ਕਿ ਜਦੋਂ ਉਹ ਸਵੇਰੇ ਫੇਜ਼ 6 ਦੇ ਹਸਪਤਾਲ ਗਏ ਤਾਂ ਹਸਪਤਾਲ ਸਟਾਫ ਨੇ ਕਿਹਾ ਕਿ ਉਹਨਾਂ ਕੋਲ ਇੱਥੇ ਕੋਈ ਮ੍ਰਿਤਕ ਦੇਹ ਨਹੀਂ ਆਈ ਹੈ| ਇਸਤੋਂ ਬਾਅਦ ਜਦੋਂ ਉਹ ਵਾਪਿਸ ਗ੍ਰੇਸ਼ੀਅਨ ਹਸਪਤਾਲ ਆਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਇੱਕ ਲੱਖ ਰੁਪਏ ਹੋਰ ਜਮਾ ਕਰੋ ਤਾਂ ਹੀ ਉਨ੍ਹਾਂ ਨੂੰ ਮ੍ਰਿਤਕ ਦੇਹ ਮਿਲੇਗੀ| ਇਸ ਤੇ ਉਹਨਾਂ ਹਸਪਤਾਲ ਵਾਲਿਆਂ ਨੂੰ ਕਿਹਾ ਕਿ ਉਹਨਾਂ ਕੋਲ ਹੋਰ ਪੈਸੇ ਨਹੀਂ ਹਨ ਅਤੇ ਉਨ੍ਹਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਮਰੀਜ ਨੂੰ ਇੱਥੋਂ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਜਾਵੇ| 
ਉਹਨਾਂ ਕਿਹਾ ਕਿ ਇਸ ਕੁੱਝ ਹੋਰਨਾਂ ਮਰੀਜਾਂ ਦੇ ਪਰਿਵਾਰਾਂ ਵਾਲੇ ਵੀ ਉੱਥੇ ਆ ਗਏ ਜਿਹਨਾਂ ਵਲੋਂ ਹਸਪਤਾਲ ਵਲੋਂ ਵਸੂਲੀ ਜਾਂਦੀ ਭਾਰੀ ਰਕਮ ਤੇ ਰੋਸ ਪ੍ਰਗਟਾਇਆ ਗਿਆ| ਇਸ ਦੌਰਾਨ ਉਹਨਾਂ ਦੀ ਹਸਪਤਾਲ ਦੇ ਸਟਾਫ ਨਾਲ ਬਹਿਸ ਵੀ ਹੋਈ ਅਤੇ ਫਿਰ ਮੌਕੇ ਤੇ ਆਈ ਪੁਲੀਸ ਟੀਮ ਵਲੋਂ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਗਿਆ| 
ਇਸ ਸੰਬੰਧੀ ਗੱਲ ਕਰਨ ਤੇ ਹਸਪਤਾਲ ਦੇ ਮੁੱਖ ਪ੍ਰਸ਼ਾਸ਼ਕੀ ਅਫਸਰ ਕਰਨਲ ਖੰਨਾ ਨੇ ਕਿਹਾ ਕਿ ਵਿਵਾਦ ਵਾਲੀ ਕੋਈ ਗੱਲ ਨਹੀਂ ਹੈ ਅਤੇ ਮਰੀਜ ਦਾ ਚੰਗੀ ਤਰ੍ਹਾਂ ਇਲਾਜ ਕੀਤਾ ਗਿਆ ਸੀ ਪਰੰਤੂ ਉਸਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ ਅਤੇ ਮਰੀਜ ਦੇ ਰਿਸ਼ਤੇਦਾਰ ਮਰੀਜ ਦੀ ਮ੍ਰਿਤਕ ਦੇਹ ਲੈਣ ਲਈ ਜਿੱਦ ਕਰ ਰਹੇ ਸਨ ਜਦੋਂਕਿ ਕੋਰੋਨਾ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਕਈ ਜਰੂਰੀ ਫਾਰਮੈਲਟੀਆਂ ਕਰਨੀਆਂ ਹੁੰਦੀਆਂ ਹਨ| ਇਸ ਦੌਰਾਨ ਪੁਲੀਸ ਵੀ ਆ ਗਈ ਸੀ ਅਤੇ ਬਾਅਦ ਵਿੱਚ ਇਸ ਸੰਬੰਧੀ ਨੋਡਲ ਅਫਸਰ ਸ੍ਰੀ ਧੀਮਾਨ ਵਲੋਂ ਇਜਾਜਤ ਦੇਣ ਤੇ ਮ੍ਰਿਤਕ ਦੇਹ ਪਰਿਵਾਰ ਨੂੰ ਦੇ ਦਿੱਤੀ ਗਈ ਸੀ| ਬਾਕੀ ਮਰੀਜਾਂ ਦੇ ਪਰਿਵਾਰ ਵਾਲਿਆਂ ਬਾਰੇ ਉਹਨਾਂ ਕਿਹਾ ਕਿ ਉਹ ਆਪਣੇ ਮਰੀਜਾਂ ਦੀ ਸਿਹਤ ਦੀ ਤਾਜਾ ਸਥਿਤੀ ਬਾਰੇ ਪੁੱਛ ਰਹੇ ਸਨ ਜਿਸ ਸਬੰਧੀ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਅਤੇ ਵਿਵਾਦ ਖਤਮ ਹੋ ਗਿਆ ਸੀ|

Leave a Reply

Your email address will not be published. Required fields are marked *