ਮਰੀਜ਼ਾਂ ਨੂੰ ਸਸਤੇ ਮੁੱਲ ਉਤੇ ਜੈਨਰਿਕ ਦਵਾਈਆਂ ਮੁਹੱਈਆ ਕਰਵਾ ਰਿਹਾ ਹੈ ਸਿਵਲ ਹਸਪਤਾਲ ਵਿਖੇ ਖੁਲਿਆ ਜਨ ਔਸ਼ਧੀ ਕੇਂਦਰ

ਐਸ.ਏ.ਐਸ.ਨਗਰ, 20 ਅਗਸਤ (ਸ.ਬ.) ਮੁਹਾਲੀ ਦੇ ਫੇਜ਼ ਛੇ ਦੇ ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਜਨ ਔਸ਼ਧੀ ਕੇਂਦਰ ਮਰੀਜ਼ਾਂ ਨੂੰ ਸਸਤੇ ਮੁੱਲ ਉਤੇ ਜੈਨਰਿਕ ਦਵਾਈਆਂ ਮੁਹੱਈਆ ਕਰਾਉਣ ਲਈ ਵੱਡੀ ਭੂਮਿਕਾ ਨਿਭਾ ਰਿਹਾ ਹੈ| ਪੰਜਾਬ ਵਿੱਚ ਜ਼ਿਲ੍ਹਾ ਅਤੇ ਤਹਿਸੀਲ ਪੱਧਰੀ ਹਸਪਤਾਲਾਂ ਵਿੱਚ ਖੋਲੇ ਗਏ ਜਨ ਔਸ਼ਧੀ ਕੇਂਦਰਾਂ ਵਿੱਚੋਂ ਪਠਾਨਕੋਟ ਤੋਂ ਬਾਦ ਮੁਹਾਲੀ ਕੇਂਦਰ ਤੋਂ ਸਭ ਤੋਂ ਵੱਧ ਜੈਨਰਿਕ ਦਵਾਈਆਂ ਦੀ ਵਿਕਰੀ ਹੋ ਰਹੀ ਹੈ| ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਦੇ ਅੱਠ ਵਜੇ ਤੱਕ ਜਨ ਔਸ਼ਧੀ ਕੇਂਦਰ ਵਿੱਚ ਕੰਮ ਕਰਦੇ ਦੋਵੇਂ ਫਾਰਮਾਸਿਸਟਾਂ ਗਗਨਦੀਪ ਸਿੰਘ ਗਿੱਲ ਚਿੱਲਾ ਅਤੇ ਕਮਲਦੀਪ ਸਿੰਘ ਫ਼ਰੀਦਕੋਟ ਨੂੰ ਜੈਨਰਿਕ ਦਵਾਈਆਂ ਦੀ ਵਿਕਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਨਿਭਾਈ ਜਾ ਰਹੀ ਸ਼ਲਾਘਾਯੋਗ ਭੂਮਿਕਾ ਬਦਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਸਮਾਰੋਹ ਮੌਕੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ ਹੈ| ਦੋਵੇਂ ਫਾਰਮਾਸਿਸਟਾਂ ਨੂੰ ਸਨਮਾਨਿਤ ਕਰਨ ਦੀ ਰਸਮ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਤੇ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਨਿਭਾਈ ਗਈ|
ਗਗਨਦੀਪ ਸਿੰਘ ਤੇ ਕਮਲਦੀਪ ਸਿੰਘ ਨੇ ਦੱਸਿਆ ਕਿ 2012 ਵਿੱਚ ਖੋਲੇ ਗਏ ਇਸ ਕੇਂਦਰ ਵਿੱਚੋਂ ਜੈਨਰਿਕ ਦਵਾਈਆਂ ਦੀ ਵਿਕਰੀ ਵਿੱਚ ਵੱਡਾ ਵਾਧਾ ਹੋਇਆ ਹੈ| ਉਨ੍ਹਾਂ ਦੱਸਿਆ ਕਿ ਰੋਜ਼ਾਨਾ ਤਿੰਨ ਸੌ ਦੇ ਕਰੀਬ ਮਰੀਜ਼ ਇੱਥੋਂ ਜੈਨਰਿਕ ਦਵਾਈਆਂ ਖ੍ਰੀਦਦੇ ਹਨ| ਇਨ੍ਹਾਂ ਵਿੱਚ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਤੋਂ ਇਲਾਵਾ ਬਾਹਰੀ ਮਰੀਜ਼ ਵੀ ਆਉਂਦੇ ਹਨ| ਫਾਰਮਾਸਿਸਟਾਂ ਨੇ ਦੱਸਿਆ ਕਿ ਹਾਲੇ ਵੀ ਜੈਨਰਿਕ ਦਵਾਈਆਂ ਅਤੇ ਜਨ ਔਸ਼ਧੀ ਕੇਂਦਰਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਉਨ੍ਹਾਂ ਦੀ ਆਰਥਿਕ ਲੁੱਟ ਹੋ ਰਹੀ ਹੈ| ਉਨ੍ਹਾਂ ਦੱਸਿਆ ਕਿ ਬਹੁਤੇ ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਸਟੋਰਾਂ ਵਿੱਚ ਜੈਨਰਿਕ ਦਵਾਈਆਂ ਵੀ ਬਰਾਂਡਿਡ ਕੀਮਤ ਉੱਤੇ ਹੀ ਵੇਚੀਆਂ ਜਾ ਰਹੀਆਂ ਹਨ ਜਿਸ ਨਾਲ ਮਰੀਜ਼ਾਂ ਦੀ ਜੇਬ ਉਤੇ ਭਾਰੀ ਖਰਚਾ ਪੈਂਦਾ ਹੈ| ਉਨ੍ਹਾਂ ਦੱਸਿਆ ਕਿ ਜੈਨਰਿਕ ਦਵਾਈਆਂ ਅਤੇ ਬਰਾਂਡਿਡ ਦਵਾਈਆਂ ਵਿੱਚ ਇੱਕੋ ਸਾਲਟ ਹੁੰਦਾ ਹੈ ਤੇ ਫ਼ਰਕ ਸਿਰਫ਼ ਰੰਗ ਰੂਪ ਦਾ ਹੀ ਹੁੰਦਾ ਹੈ ਤੇ ਦੋਹਾਂ ਦਵਾਈਆਂ ਦਾ ਮਰੀਜ਼ ਉਤੇ ਇੱਕੋ ਤਰਾਂ ਦਾ ਅਸਰ ਹੁੰਦਾ ਹੈ| ਉਨ੍ਹਾਂ ਵਿਭਾਗ ਦੀਆਂ ਹਦਾਇਤਾਂ ਦੇ ਬਾਵਜੂਦ ਹਾਲੇ ਵੀ ਸਾਰੇ ਸਰਕਾਰੀ ਡਾਕਟਰਾਂ ਵੱਲੋਂ ਜੈਨਰਿਕ ਦਵਾਈਆਂ ਨਾ ਲਿਖਣ ਦੀ ਗੱਲ ਵੀ ਆਖੀ| ਉਨ੍ਹਾਂ ਮੀਡੀਆ ਤੇ ਸਮਾਜਿਕ ਸੰਸਥਾਵਾਂ ਨੂੰ ਜੈਨਰਿਕ ਦਵਾਈਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ|

Leave a Reply

Your email address will not be published. Required fields are marked *