ਮਲਟੀਪਰਪਜ਼ ਹੈਲਥ ਵਰਕਰਾਂ ਦਾ ਮਰਨ ਵਰਤ 6ਵੇਂ ਦਿਨ ਵਿਚ ਦਾਖਿਲ

ਪਟਿਆਲਾ, 20 ਜਨਵਰੀ (ਬਿੰਦੂ ਸ਼ਰਮਾ) ਬੀਤੀ 15 ਜਨਵਰੀ ਤੋਂ ਪੁਰਾਣੇ ਸਿਵਲ ਸਰਜਨ ਦਫਤਰ ਪਟਿਆਲਾ ਵਿਖੇ ਮਰਨ ਵਰਤ ਉੱਤੇ ਬੈਠੈ ਪ੍ਰੋਬੇਸ਼ਨਰ ਮਲਟੀਪਰਪਜ਼ ਹੈਲਥ ਵਰਕਰਾਂ ਦਾ ਮਰਨ ਵਰਤ ਅੱਜ 6ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ ਪਰ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ਤੇ ਕਰਮਚਾਰੀਆਂ ਵਿੱਚ ਰੋਸ ਫੈਲ ਰਿਹਾ ਹੈ।

ਪੰਜਾਬ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਪੰਜਾਬ ਸਰਕਾਰ ਦੇ ਇਸ ਰਵੱਈਏ ਦੇ ਖਿਲਾਫ ਐਕਸ਼ਨ ਕਮੇਟੀ ਵੱਲੋਂ 20 ਜਨਵਰੀ ਨੂੰ ਪਟਿਆਲਾ ਵਿਖੇ ਉਲੀਕੇ ਸੂਬਾ ਪੱਧਰੀ ਸੰਘਰਸ਼ ਦੇ ਚੱਲਦਿਆਂ ਅੱਜ ਭਾਰੀ ਗਿਣਤੀ ਵਿਚ ਸਿਹਤ ਕਰਮਚਾਰੀ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਇਸਤੋਂ ਪਹਿਲਾਂ ਮੁਹਾਲੀ ਵਿਖੇ ਰੱਖੇ ਮਰਨ ਵਰਤ ਨੂੰ ਬੀਤੀ 22 ਦਸੰਬਰ ਨੂੰ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਦੇ ਭਰੋਸੇ ਉਪਰੰਤ ਖਤਮ ਕੀਤਾ ਗਿਆ ਸੀ ਅਤੇ 23 ਦਸੰਬਰ ਨੂੰ ਸਿਹਤ ਮੰਤਰੀ ਪੰਜਾਬ ਅਤੇ ਵਿਭਾਗੀ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਦੌਰਾਨ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ 15 ਦਿਨਾਂ ਵਿੱਚ ਪਰਖ ਕਾਲ ਸਮਾਂ 2 ਸਾਲ ਕਰਨ ਦੀ ਮੰਗ ਪੂਰੀ ਕਰੇਗੀ ਪ੍ਰੰਤੂ 15 ਦਿਨ ਪੂਰੇ ਹੋਣ ਉੱਤੇ ਸਿਹਤ ਮੰਤਰੀ ਵੱਲੋਂ ਮੰਗ ਪੂਰੀ ਕਰਨ ਵਿੱਚ ਅਸਮਰੱਥਾ ਜਾਹਿਰ ਕਰਦੇ ਹੋਏ ਸਾਰੀ ਗੱਲ ਮੁੱਖ ਮੰਤਰੀ ਉੱਪਰ ਸੁੱਟ ਦਿੱਤੀ ਗਈ।

ਬੁਲਾਰਿਆਂ ਨੇ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਉਪਰੰਤ ਕੋਈ ਜਵਾਬ ਨਾ ਮਿਲਣ ਕਾਰਨ ਹੀ ਪਟਿਆਲਾ ਵਿਖੇ ਸੰਘਰਸ਼ ਉਲੀਕਿਆ ਗਿਆ ਹੈ ਅਤੇ ਉਹਨਾਂ ਦੀ ਮੰਗ ਪੂਰੀ ਕਰਨ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਮਰਨ ਵਰਤ ਉੱਤੇ ਬੈਠੇ ਸਾਥੀਆਂ ਵਿੱਚੋਂ ਜੇਕਰ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Leave a Reply

Your email address will not be published. Required fields are marked *