ਮਲਾਲਾ ਨੇ ਸਵਾਤ ਘਾਟੀ ਵਿੱਚ ਖੁਦ ਉੱਪਰ ਹੋਏ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ

ਪੇਸ਼ਾਵਰ, 31 ਮਾਰਚ (ਸ.ਬ.) ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੂਫਜਈ ਅੱਜ ਪਾਕਿਸਤਾਨ ਦੇ ਸਵਾਤ ਘਾਟੀ ਵਿਚ ਆਪਣੇ ਜੱਦੀ ਪਿੰਡ ਪਹੁੰਚੀ| ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਵਾਲੀ ਮਲਾਲਾ ਨੂੰ ਪੰਜ ਸਾਲ ਪਹਿਲਾਂ ਤਾਲਿਬਾਨ ਦੇ ਅੱਤਵਾਦੀਆਂ ਨੇ ਸਿਰ ਵਿਚ ਗੋਲੀ ਮਾਰ ਦਿੱਤੀ ਸੀ| ਉਹ ਇਸ ਘਟਨਾ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਆਈ ਹੈ| ਸੂਤਰਾਂ ਨੇ ਦੱਸਿਆ ਕਿ ਸਖਤ ਸੁਰੱਖਿਆ ਦੌਰਾਨ ਮਲਾਲਾ ਆਪਣੇ ਮਾਤਾ-ਪਿਤਾ ਨਾਲ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲੇ ਵਿਚ ਅੱਜ ਇਕ ਦਿਨ ਦੇ ਦੌਰੇ ਉਤੇ ਪਹੁੰਚੀ ਹੈ| ਉਹ ਸਰਕਿਟ ਹਾਊਸ ਵਿਚ ਰੁੱਕੀ ਹੈ ਅਤੇ ਇਸ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਹਨ| ਮਲਾਲਾ ਮਿੰਗੋਰਾ ਦੇ ਮਾਕਨ ਬਾਗ ਵਿਚ ਸਥਿਤ ਆਪਣੇ ਜੱਦੀ ਘਰ ਵਿਚ ਜਾਏਗੀ| ਇਸ ਦੇ ਨਾਲ ਹੀ ਉਹ ਸਾਂਗਲਾ ਜ਼ਿਲੇ ਵਿਚ ਇਕ ਸਕੂਲ ਦਾ ਉਦਘਾਟਨ ਕਰੇਗੀ| ਇਕ ਨਿਊਜ਼ ਚੈਨਲ ਨੂੰ ਕੱਲ ਦਿੱਤੇ ਇਕ ਇੰਟਰਵਿਊ ਵਿਚ ਮਲਾਲਾ ਨੇ ਦੱਸਿਆ ਸੀ ਕਿ ਜਿਵੇਂ ਹੀ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇਗੀ, ਉਹ ਸਥਾਈ ਤੌਰ ਉਤੇ ਪਾਕਿਸਤਾਨ ਵਾਪਸ ਪਰਤ ਆਏਗੀ| ਮਲਾਲਾ ਨੇ ਕਿਹਾ ਕਿ ਮੇਰੀ ਯੋਜਨਾ ਪਾਕਿਸਤਾਨ ਪਰਤਣ ਦੀ ਹੈ ਕਿਉਂਕਿ ਇਹ ਮੇਰਾ ਦੇਸ਼ ਹੈ| ਜਿਵੇਂ ਕਿਸੇ ਹੋਰ ਪਾਕਿਸਤਾਨੀ ਨਾਗਰਿਕ ਦਾ ਅਧਿਕਾਰ ਪਾਕਿਸਤਾਨ ਉਤੇ ਹੈ, ਉਵੇਂ ਹੀ ਮੇਰਾ ਵੀ ਹੈ| ਉਨ੍ਹਾਂ ਨੇ ਪਾਕਿਸਤਾਨ ਆਉਣ ਉਤੇ ਖੁਸ਼ੀ ਜਾਹਿਰ ਕੀਤੀ ਅਤੇ ਲੜਕੀਆਂ ਨੂੰ ਸਿੱਖਿਆ ਉਪਲੱਬਧ ਕਰਾਉਣ ਦੇ ਆਪਣੇ ਮਿਸ਼ਨ ਉਤੇ ਜ਼ੋਰ ਦਿੱਤਾ|
ਜ਼ਿਕਰਯੋਗ ਹੈ ਕਿ ਮਲਾਲਾ ਨੂੰ ਸਾਲ 2012 ਵਿਚ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਲੜਕੀਆਂ ਦੀ ਸਿੱਖਿਆ ਲਈ ਪ੍ਰਚਾਰ ਕਰਨ ਦੌਰਾਨ ਇਕ ਅੱਤਵਾਦੀ ਨੇ ਗੋਲੀ ਮਾਰ ਦਿੱਤੀ ਸੀ| ਇਸ ਘਟਨਾ ਵਿਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ| ਜ਼ਖਮੀ ਮਲਾਲਾ ਨੂੰ ਹੈਲੀਕਾਪਟਰ ਦੀ ਮਦਦ ਨਾਲ ਪਾਕਿਸਤਾਨ ਦੇ ਇਕ ਫੌਜੀ ਹਸਪਤਾਲ ਤੋਂ ਦੂੱਜੇ ਫੌਜੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਦੀ ਮਦਦ ਨਾਲ ਉਸ ਨੂੰ ਬ੍ਰਿਟੇਨ ਲਿਜਾਇਆ ਗਿਆ| ਮਲਾਲਾ ਉਤੇ ਹਮਲਾ ਕਰਨ ਤੋਂ ਬਾਅਦ ਤਾਲਿਬਾਨ ਨੇ ਇਹ ਕਹਿੰਦੇ ਹੋਏ ਇਕ ਬਿਆਨ ਜਾਰੀ ਕੀਤਾ ਕਿ ਜੇਕਰ ਮਲਾਲਾ ਜਿੰਦਾ ਬਚਦੀ ਹੈ ਤਾਂ ਉਹ ਉਸ ਉਤੇ ਦੁਬਾਰਾ ਹਮਲਾ ਕਰਣਗੇ| ਮਲਾਲਾ ਨੂੰ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਲਈ ਸਾਲ 2014 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ| ਉਨ੍ਹਾਂ ਨੂੰ ਭਾਰਤੀ ਸਮਾਜਿਕ ਕਾਰਜਕਰਤਾ ਕੈਲਾਸ਼ ਸੱਤਿਆਰਥੀ ਦੇ ਨਾਲ ਇਹ ਪੁਰਸਕਾਰ ਦਿੱਤਾ ਗਿਆ ਸੀ|
ਹੁਣ ਮਲਾਲਾ 20 ਸਾਲ ਦੀ ਹੋ ਚੁੱਕੀ ਹੈ| ਸਿਰਫ 17 ਸਾਲ ਦੀ ਉਮਰ ਵਿਚ ਉਹ ਨੋਬਲ ਪੁਰਸਕਾਰ ਹਾਸਲ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਸਮਾਜ ਸੇਵਿਕਾ ਹੈ| ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਵੀ ਮਲਾਲਾ ਪਾਕਿਸਤਾਨ ਨਹੀਂ ਪਰਤ ਸਕੀ ਸੀ| ਉਹ ਬ੍ਰਿਟੇਨ ਵਿਚ ਰਹਿੰਦੀ ਹੈ ਅਤੇ ਉਥੇ ਮਲਾਲਾ ਫੰਡ ਦੀ ਸਥਾਪਨਾ ਕਰਕੇ ਪਾਕਿਸਤਾਨ, ਨਾਈਜ਼ੀਰੀਆ, ਸੀਰੀਆ ਅਤੇ ਕੀਨੀਆ ਦੀਆਂ ਲੜਕੀਆਂ ਦੀ ਸਿੱਖਿਆ ਲਈ ਉਥੇ ਦੇ ਸਥਾਨਕ ਸਮੂਹਾਂ ਦੀ ਮਦਦ ਕਰਦੀ ਹੈ| ਉਹ ਫਿਲਹਾਲ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੀ ਹੈ| ਮਲਾਲਾ ਨੇ ਲੜਕੀਆਂ ਦੀ ਸਿੱਖਿਆ ਲਈ ਆਪਣਾ ਅਭਿਆਨ 11 ਸਾਲ ਦੀ ਉਮਰ ਵਿਚ ਸ਼ੁਰੂ ਕੀਤਾ ਸੀ| ਉਨ੍ਹਾਂ ਨੇ ਸਾਲ 2009 ਵਿਚ ਬੀਬੀਸੀ ਉਰਦੂ ਸੇਵਾ ਲਈ ਬਲਾਗ ਲਿਖਣਾ ਸ਼ੁਰੂ ਕੀਤਾ ਸੀ| ਇਸ ਵਿਚ ਉਹ ਤਾਲਿਬਾਨ ਦੇ ਸਾਏ ਵਿਚ ਸਵਾਤ ਘਾਟੀ ਦੇ ਜੀਵਨ ਦੇ ਬਾਰੇ ਵਿਚ ਲਿਖਦੀ ਸੀ, ਜਿੱਥੇ ਲੜਕੀਆਂ ਦੀ ਸਿੱਖਿਆ ਉਤੇ ਪਾਬੰਦੀ ਸੀ| ਲੜਕੀਆਂ ਦੀ ਸਿੱਖਿਆ ਦੇ ਵਿਰੋਧੀ ਤਾਲਿਬਾਨ ਨੇ ਪਾਕਿਸਤਾਨ ਵਿੱਚ ਅਣਗਿਣਤ ਸਕੂਲ ਨਸ਼ਟ ਕਰ ਦਿੱਤੇ ਹਨ|

Leave a Reply

Your email address will not be published. Required fields are marked *