ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਟਿਕਾਣਿਆਂ ਤੇ ਛਾਪਾ, 27. 5 ਕਰੋੜ ਡਾਲਰ ਦਾ ਸਮਾਨ ਜ਼ਬਤ

ਕੁਆਲਾਲੰਪੁਰ , 27 ਜੂਨ (ਸ.ਬ.) ਮਲੇਸ਼ੀਆ ਦੀ ਪੁਲੀਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਪੀ.ਐਮ. ਨਜੀਬ ਰਜ਼ਾਕ ਦੇ 6 ਕੰਪਲੈਕਸਾਂ ਤੇ ਛਾਪਾ ਮਾਰਿਆ| ਜਿਸ ਵਿਚ 275 ਮਿਲੀਅਨ ਡਾਲਰ ਦਾ ਕੀਮਤੀ ਸਮਾਨ ਜ਼ਬਤ ਕੀਤਾ ਗਿਆ| ਪੁਲੀਸ ਨੇ ਦੱਸਿਆ ਕਿ ਦੇਸ਼ ਵਿਚੋਂ ਕੱਢੇ ਗਏ ਮਲੇਸ਼ੀਆਈ ਨੇਤਾ ਨਜੀਬ ਰਜ਼ਾਕ ਦੇ 6 ਵੱਖ-ਵੱਖ ਕੰਪਲੈਕਸਾਂ ਤੋਂ ਕੈਸ਼ ਸਮੇਤ ਗਹਿਣੇ ਅਤੇ ਕੀਮਤੀ ਲਗਜ਼ਰੀ ਹੈਂਡਬੈਗਸ ਜ਼ਬਤ ਕੀਤੇ ਗਏ ਹਨ| ਇਨ੍ਹਾਂ ਦੀ ਕੀਮਤ 275 ਮਿਲੀਅਨ ਡਾਲਰ ਹੈ| ਪੁਲੀਸ ਪ੍ਰਮੁੱਖ ਅਮਰ ਸਿੰਘ ਨੇ ਦੱਸਿਆ ਜ਼ਬਤ ਕੀਤੇ ਗਏ ਸਾਰੇ ਸਮਾਨ ਦੀ ਕੁੱਲ ਕੀਮਤ 900 ਮਿਲੀਅਨ ਤੋਂ 1.1 ਬਿਲੀਅਨ ਰਿੰਗਿਟ ਹੈ| ਜੋ 224 ਮਿਲੀਅਨ ਡਾਲਰ ਤੋਂ 273 ਮਿਲੀਅਨ ਡਾਲਰ ਦੇ ਬਰਾਬਰ ਹੈ|
ਇਸ ਤੋਂ ਪਹਿਲਾਂ ਵੀ ਪੁਲੀਸ ਨੇ ਰਜ਼ਾਕ ਦੇ ਘਰੋਂ ਇੰਨਾ ਸਮਾਨ ਬਰਾਮਦ ਕੀਤਾ ਸੀ ਕਿ ਉਸ ਨੂੰ ਲਿਜਾਣ ਲਈ ਪੰਜ ਟਰੱਕ ਮੰਗਵਾਏ ਗਏ ਸਨ| ਪੁਲੀਸ ਮੁਤਾਬਕ ਉਸ ਸਮੇਂ ਜ਼ਬਤ ਨਕਦੀ ਵਿਚ 26 ਤਰ੍ਹਾਂ ਦੀ ਕਰੰਸੀ ਸ਼ਾਮਲ ਸੀ| ਨਜੀਬ ਤੇ ਸਰਕਾਰੀ ਕੰਪਨੀ 1 ਐਮ.ਡੀ.ਬੀ. ਤੋਂ 70 ਕਰੋੜ ਡਾਲਰ (ਕਰੀਬ 4,760 ਕਰੋੜ ਰੁਪਏ) ਆਪਣੇ ਨਿੱਜੀ ਖਾਤੇ ਵਿਚ ਟਰਾਂਸਫਰ ਕਰਨ ਦਾ ਦੋਸ਼ ਹੈ| ਇਸ ਸਾਲ ਮਈ ਮਹੀਨੇ ਵਿਚ ਹੋਈਆਂ ਚੋਣਾਂ ਵਿਚ ਨਜੀਬ ਰਜ਼ਾਕ ਦੀ ਅਗਵਾਈ ਵਾਲੇ ਬੀ.ਐਨ. ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ| ਜਿਸ ਮਗਰੋਂ ਮਹਾਤਿਰ ਸਰਕਾਰ ਬਣੀ| ਨਜੀਬ ਜਿਸ ਨੇ ਤਕਰੀਬਨ ਇਕ ਦਹਾਕੇ ਤੱਕ ਦੇਸ਼ ਦੀ ਅਗਵਾਈ ਕੀਤੀ ਹੈ ਉਸ ਨੇ ਕੋਈ ਵੀ ਗਲਤ ਕੰਮ ਕਰਨ ਤੋਂ ਇਨਕਾਰ ਕੀਤਾ ਹੈ| ਨਜੀਬ ਨੇ 3 ਸਾਲ ਪਹਿਲਾਂ ਇਹ ਸਪੱਸ਼ਟ ਕੀਤਾ ਸੀ ਕਿ ਉਸ ਦੇ ਖਾਤੇ ਵਿਚ ਤਕਰੀਬਨ 700 ਮਿਲੀਅਨ ਡਾਲਰ ਦਾ ਟਰਾਂਸਫਰ ਇਕ ਅਨਜਾਣ ਸਾਊਦੀ ਸ਼ਾਹੀ ਵੱਲੋਂ ਦਾਨ ਕੀਤਾ ਗਿਆ ਸੀ|

Leave a Reply

Your email address will not be published. Required fields are marked *