ਮਲੇਸ਼ੀਆ ਵਿੱਚ ਜ਼ਹਿਰੀਲੇ ਧੂੰਏਂ ਕਾਰਨ 500 ਵਿਅਕਤੀ ਬੀਮਾਰ, 111 ਸਕੂਲ ਬੰਦ

ਕੁਆਲੰਲਪੁਰ, 14 ਮਾਰਚ (ਸ.ਬ.) ਮਲੇਸ਼ੀਆ ਵਿੱਚ ਜ਼ਹਿਰੀਲੇ ਧੂੰਏਂ ਕਾਰਨ ਸੈਂਕੜੇ ਲੋਕ ਬੀਮਾਰ ਹੋ ਗਏ ਹਨ ਅਤੇ ਇੱਥੇ 111 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ ਗੱਡੀ ਨੇ ਪਿਛਲੇ ਹਫਤੇ ਦੱਖਣੀ ਜੋਹੋਰ ਸੂਬੇ ਵਿੱਚ ਇਹ ਰਸਾਇਣਕ ਕੂੜਾ ਸੁੱਟਿਆ ਸੀ, ਜਿਸ ਦਾ ਜ਼ਹਿਰੀਲਾ ਧੂੰਆਂ ਦੂਰ ਤਕ ਫੈਲ ਗਿਆ ਅਤੇ ਲੋਕਾਂ ਦੇ ਬੀਮਾਰ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ| ਬੀਤੇ ਦਿਨ ਇੱਥੇ 34 ਸਕੂਲ ਬੰਦ ਕੀਤੇ ਗਏ ਸਨ ਪਰ ਅੱਜ 111 ਸਕੂਲਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ| ਇਸ ਤੋਂ ਸਪੱਸ਼ਟ ਹੈ ਕਿ ਖਤਰਾ ਲਗਾਤਾਰ ਵਧ ਰਿਹਾ ਹੈ|
ਇਸ ਧੂੰਏਂ ਦੀ ਅਜੀਬ ਬਦਬੂ ਕਾਰਨ ਲੋਕਾਂ ਨੂੰ ਉਲਟੀਆਂ ਅਤੇ ਸਿਰ ਚਕਰਾਉਣ ਦੀ ਸਮੱਸਿਆ ਪੇਸ਼ ਆ ਰਹੀ ਹੈ| ਅਧਿਕਾਰਕ ਖਬਰਾਂ ਮੁਤਾਬਕ ਲਗਭਗ 500 ਤੋਂ ਵਧੇਰੇ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਵਧੇਰੇ ਸਕੂਲਾਂ ਦੇ ਵਿਦਿਆਰਥੀ ਹਨ| ਉੱਥੇ ਹੀ 160 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਸ ਕਿਸਮ ਦੀ ਜ਼ਹਿਰੀਲੀ ਗੈਸ ਸੀ| ਸਿੱਖਿਆ ਮੰਤਰੀ ਮਸਜਲੀ ਮਲਿਕ ਨੇ ਇਲਾਕੇ ਦੇ 43 ਸਕੂਲ ਬੰਦ ਕਰਨ ਦਾ ਹੁਕਮ ਦਿੱਤਾ ਪਰ ਬਾਅਦ ਵਿੱਚ ਇਸ ਤੋਂ ਦੋਗੁਣੇ ਸਕੂਲ ਬੰਦ ਕੀਤੇ ਗਏ| ਜ਼ਹਿਰੀਲੇ ਪਦਾਰਥ ਸੁੱਟਣ ਵਾਲੇ 3 ਸ਼ੱਕੀ ਹਿਰਾਸਤ ਵਿੱਚ ਲਏ ਗਏ ਹਨ ਅਤੇ ਇਕ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ| ਵਾਤਾਵਰਣ ਸੰਭਾਲ ਕਾਨੂੰਨ ਦਾ ਉਲੰਘਣ ਕਰਨ ਦੇ ਦੋਸ਼ ਤਹਿਤ ਉਸ ਨੂੰ 5 ਸਾਲ ਦੀ ਸਜ਼ਾ ਹੋ ਸਕਦੀ ਹੈ|

Leave a Reply

Your email address will not be published. Required fields are marked *