ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ, ਗੋਲੀ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਿਲ

ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ, ਗੋਲੀ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਿਲ
ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੇ ਲਈ ਹਮਲੇ ਦੀ ਜਿੰਮੇਵਾਰੀ
ਐਸ ਏ ਐਸ ਨਗਰ,14 ਅਪ੍ਰੈਲ (ਸ.ਬ.) ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ (ਗਾਲ੍ਹ ਨੀਂ ਕੱਢਨੀ) ਉੱਪਰ ਬੀਤੀ ਰਾਤ ਸੈਕਟਰ 91 ਵਿੱਚ ਅਣਪਛਾਤੇ ਹਮਲਾਵਰਾਂ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦੌਰਾਨ ਹਮਲਾਵਰ ਵਲੋਂ ਗਾਇਕ ਨੂੰ ਗੋਲੀ ਮਾਰ ਦਿੱਤੀ ਗਈ| ਪਰਮੀਸ਼ ਦੇ ਗੋਡੇ ਵਿੱਚ ਗੋਲੀ ਲੱਗੀ ਹੈ ਜਿਸਨੂੰ ਜਖਮੀ ਹਾਲਤ ਵਿੱਚ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਅਨੁਸਾਰ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪਰਮੀਸ਼ ਨੂੰ ਮੁਹਾਲੀ ਦੇ ਸੈਕਟਰ 91 ਵਿੱਚ ਦੇਰ ਰਾਤ ਉਸਦੀ ਰਿਹਾਇਸ਼ ਨੇੜੇ ਕਿਸੇ ਅਣਪਛਾਣੇ ਵਿਅਕਤੀ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ| ਉਸ ਵਲੋਂ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਹਮਲਾਵਰ ਬਾਰੇ ਕਿਹਾ ਗਿਆ ਹੈ ਕਿ ਉਹ ਉਸਨੂੰ ਜਾਣਦਾ ਨਹੀਂ ਹੈ ਅਤੇ ਹਮਲਾਵਰ ਜਿਸ ਗੱਡੀ ਵਿੱਚ ਸਵਾਰ ਹੋ ਕੇ ਆਇਆ ਸੀ ਉਸ ਵਿੱਚ ਹੋਰ ਕਿੰਨੇ ਵਿਅਕਤੀ ਸਨ ਇਸ ਬਾਰੇ ਵੀ ਗਾਇਕ ਨੂੰ ਕੋਈ ਜਾਣਕਾਰੀ ਨਹੀਂ ਹੈ| ਇਸ ਸੰਬੰਧੀ ਮੁਹਾਲੀ ਪੁਲੀਸ ਵਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ| ਪੁਲੀਸ ਵਲੋਂ ਘਟਨਾ ਵਾਲੀ ਥਾਂ ਨੇੜੇ ਲੱਗੇ ਸੀ ਸੀ ਟੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਮਲਾਵਰ ਕੌਣ ਸੀ ਅਤੇ ਕਿੰਨੇ ਵਿਅਕਤੀ ਇਸ ਘਟਨਾ ਵਿੱਚ ਸ਼ਾਮਿਲ ਸਨ| ਥਾਣਾ ਫੇਜ਼ 1 ਦੇ ਐਸ ਐਚ ਉ ਸ੍ਰ. ਰਾਜਨ ਪਰਮਿੰਦਰ ਸਿੰਘ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੁਲੀਸ ਵਲੋਂ ਗਾਇਕ ਦੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|
ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹੋਏ ਜਾਨਲੇਵਾ ਹਮਲੇ ਦੀ ਜਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਆਪਣੇ ਸਿਰ ਲਈ ਹੈ| ਗੈਂਗਸਟਰ ਵਲੋਂ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਕਿਹਾ ਗਿਆ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ| ਪੋਸਟ ਵਿੱਚ ਕਿਹਾ ਗਿਆ ਹੈ ਕਿ ਇਸ ਵਾਰ ਤਾਂ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ| ਦਿਲਪ੍ਰੀਤ ਸਿੰਘ ਨਾਮ ਦਾ ਇਹ ਵਿਅਕਤੀ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈ| ਉਹ ਰੋਪੜ ਦਾ ਰਹਿਣ ਵਾਲਾ ਹੈ ਅਤੇ ਉਸ ਤੇ ਕਤਲ, ਡਕੈਤੀਆਂ ਤੇ ਕੋਈ ਹੋਰ ਮਾਮਲੇ ਦਰਜ ਹਨ|
ਦਿਲਪ੍ਰੀਤ ਸਿੰਘ ਵਲੋਂ ਇਸ ਮਾਮਲੇ ਦੀ ਜਿੰਮੇਵਾਰੀ ਲਏ ਜਾਣ ਤੋਂ ਬਾਅਦ ਪੁਲੀਸ ਵਲੋਂ ਉਸਨੂੰ ਇਸ ਮਾਮਲ ਵਿੱਚ ਸ਼ਾਮਿਲ ਕੀਤਾ ਜਾਣਾ ਲਗਭਗ ਤੈਅ ਹੈ| ਇਸ ਦੌਰਾਨ ਅੱਜ ਐਸ ਐਸ ਪੀ ਨੇ ਫੋਰਟਿਸ ਹਸਪਤਾਲ ਵਿੱਚ ਦਾਖਿਲ ਪਰਮੀਸ਼ ਵਰਮਾ ਨਾਲ ਮੁਲਾਕਾਤ ਕੀਤੀ ਅਤੇ ਵਾਰਦਾਤ ਦੀ ਜਾਣਕਾਰੀ ਹਾਸਿਲ ਕੀਤੀ|

Leave a Reply

Your email address will not be published. Required fields are marked *