ਮਸੂਦ ਅਜ਼ਹਰ ਬਹੁਤ ਬੁਰਾ ਆਦਮੀ ਹੈ: ਅਮਰੀਕਾ

ਵਾਸ਼ਿੰਗਟਨ , 8 ਨਵੰਬਰ (ਸ.ਬ.) ਅਮਰੀਕਾ ਨੇ ਅੱਜ ਕਿਹਾ ਕਿ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਬਹੁਤ ਬੁਰਾ ਆਦਮੀ ਹੈ ਅਤੇ ਉਸ ਨੂੰ ਵੈਸ਼ਵਿਕ ਅੱਤਵਾਦੀ ਐਲਾਨ ਕੀਤਾ ਜਾਣਾ ਚਾਹੀਦਾ ਹੈ| ਪਠਾਨਕੋਟ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਅਜ਼ਹਰ ਨੂੰ ਅੱਤਵਾਦੀ ਐਲਾਨ ਕਰਨ ਦੇ ਸੰਯੁਕਤ ਰਾਸ਼ਟਰ ਵਿੱਚ ਹੋਈਆਂ ਕੋਸ਼ਿਸ਼ਾਂ ਨੂੰ ਚੀਨ ਵਲੋਂ ਅੜਿੱਕਾ ਬਣ ਕਾਰਨ ਅਮਰੀਕਾ ਨੇ ਇਹ ਗੱਲ ਆਖੀ ਹੈ| ਅਜ਼ਹਰ ਪਾਕਿਸਤਾਨ ਵਿਚ ਰਹਿੰਦਾ ਹੈ| ਉਸ ਨੂੰ ਵੈਸ਼ਵਿਕ ਅੱਤਵਾਦੀ ਐਲਾਨ ਕਰਨ ਦੇ ਪ੍ਰਸਤਾਵ ਨੂੰ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦਾ ਸਮਰਥਨ ਹਾਸਲ ਹੈ| ਇਸ ਪ੍ਰਸਤਾਵ ਨੂੰ ਪਿਛਲੇ ਹਫਤੇ ਚੀਨ ਨੇ ਚੌਥੀ ਵਾਰ ਰੋਕ ਦਿੱਤਾ ਅਤੇ ਇਸ ਦੀ ਵਜ੍ਹਾ ਦੱਸੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਅਲਕਾਇਦਾ ਪਾਬੰਦੀ ਕਮੇਟੀ ਦੇ ਮੈਂਬਰ ਇਸ ਤੇ ਇਕਮਤ ਨਹੀਂ ਹਨ|
ਵਿਦੇਸ਼ ਵਿਭਾਗ ਦੀ ਬੁਲਾਰਾ ਹੀਦਰ ਨੋਰਟ ਨੇ ਪੱਤਰਕਾਰ ਸੰਮੇਲਨ ਵਿਚ ਚੀਨ ਦੇ ਕਦਮ ਤੇ ਪੁੱਛੇ ਗਏ ਸਵਾਲ ਬਾਰੇ ਕਿਹਾ ਕਿ ਅਸੀਂ ਨਿਸ਼ਚਿਤ ਰੂਪ ਨਾਲ ਮੰਨਦੇ ਹਾਂ ਕਿ ਉਹ ਬਹੁਤ ਬੁਰਾ ਵਿਅਕਤੀ ਹੈ| ਨੋਰਟ ਨੇ ਕਿਹਾ ਕਿ ਉਸ ਨੂੰ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਕਰਨ ਤੇ ਕਮੇਟੀ ਵਿਚ ਗੱਲਬਾਤ ਹੋ ਰਹੀ ਹੈ| ਸੰਯੁਕਤ ਰਾਸ਼ਟਰ ਤਹਿਤ ਉਹ ਸੂਚੀ ਗੁਪਤ ਹੈ, ਇਸ ਲਈ ਮੈਂ ਕੋਈ ਟਿੱਪਣੀ ਨਹੀਂ ਕਰ ਸਕਦੀ| ਚੀਨ ਹੀ ਇਕਲੌਤਾ ਅਜਿਹਾ ਦੇਸ਼ ਹੈ, ਜੋ ਸੁਰੱਖਿਆ ਪਰੀਸ਼ਦ ਵਿਚ ਅਜ਼ਹਰ ਨੂੰ ਅੱਤਵਾਦੀ ਐਲਾਨ ਕਰਨ ਦਾ ਵਿਰੋਧ ਕਰ ਰਿਹਾ ਹੈ| ਪਰੀਸ਼ਦ ਦੇ 15 ਮੈਂਬਰਾਂ ਵਿਚੋਂ ਬਾਕੀ ਦੇ 14 ਮੈਂਬਰ ਦੇਸ਼ ਪਾਬੰਦੀ ਦੀ ਸੂਚੀ ਵਿਚ ਅਜ਼ਹਰ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਦੇ ਸਮਰਥਨ ਵਿੱਚ ਹਨ| ਪਾਬੰਦੀ ਸੂਚੀ ਵਿਚ ਅਜ਼ਹਰ ਦਾ ਨਾਂ ਆਉਣ ਤੇ ਉਸ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ ਅਤੇ ਉਸ ਤੇ ਯਾਤਰਾ ਪਾਬੰਦੀ ਲੱਗ ਜਾਵੇਗੀ| ਅਜ਼ਹਰ ਭਾਰਤ ਵਿੱਚ ਹੋਏ ਕਈ ਅੱਤਵਾਦੀ ਹਮਲਿਆਂ ਦਾ ਦੋਸ਼ੀ ਹੈ| ਉਹ ਜਨਵਰੀ 2016 ਵਿੱਚ ਪਠਾਨਕੋਟ ਹਵਾਈ ਫੌਜ ਅੱਡੇ ਤੇ ਹੋਏ ਹਮਲੇ ਦਾ ਵੀ ਦੋਸ਼ੀ ਹੈ|

Leave a Reply

Your email address will not be published. Required fields are marked *