ਮਹਾਂਗਠਜੋੜ ਤੋਂ ਕਾਂਗਰਸ ਨੂੰ ਦੂਰ ਰੱਖਣ ਦੇ ਮਾਇਨੇ

ਉੱਤਰ ਪ੍ਰਦੇਸ਼ ਦੇ ਦੋ ਸਾਬਕਾ ਮੁੱਖ ਮੰਤਰੀਆਂ ਮਾਇਆਵਤੀ ਅਤੇ ਅਖਿਲੇਸ਼ ਯਾਦਵ ਵਲੋਂ ਕਾਂਗਰਸ ਨੂੰ ਅਣਗੋਲਿਆ ਕਰਕੇ ਮਹਾਂਗਠਜੋੜ ਤੋਂ ਬਾਹਰ ਕਰਨ ਦੇ ਇੱਕ ਦਿਨ ਬਾਅਦ ਕਾਂਗਰਸ ਨੇ ਸੂਬੇ ਦੀਆਂ ਸਾਰੀਆਂ ਅੱਸੀ ਸੰਸਦੀ ਸੀਟਾਂ ਉੱਤੇ ਇਕੱਲੇ ਹੀ ਚੋਣ ਲੜਨ ਦਾ ਫੈਸਲਾ ਕੀਤਾ ਹੈ| ਮੌਜੂਦਾ ਦੌਰ ਵਿੱਚ ਉਤਰ ਪ੍ਰਦੇਸ਼ ਦੀ ਰਾਜਨੀਤੀ ਜਿਸ ਤਰ੍ਹਾਂ ਅਗੜੇ, ਪਿਛੜੇ , ਦਲਿਤ ਅਤੇ ਮੁਸਲਮਾਨ ਦੇ ਨਾਮ ਤੇ ਵੱਖ – ਵੱਖ ਜਾਤੀਆਂ ਅਤੇ ਮਜਹਬੀ ਸਮਾਜਿਕ ਸਮੂਹਾਂ ਵਿੱਚ ਵੰਡੀ ਹੋਈ ਹੈ, ਉਸਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਲਈ ਉੱਤਰ ਪ੍ਰਦੇਸ਼ ਦਾ ਰਸਤਾ ਔਖਾ ਹੋ ਗਿਆ ਹੈ| ਕਾਂਗਰਸ ਲਈ ਆਪਣਾ ਜਨਾਧਾਰ ਵਧਾਉਣਾ ਆਸਾਨ ਨਹੀਂ ਰਹਿ ਗਿਆ ਹੈ| ਅਜਿਹੀ ਵਿਸ਼ਾਲ ਪ੍ਰਸਥਿਤੀ ਵਿੱਚ ਕਾਂਗਰਸ ਦੇ ਕੋਲ ਇਕੱਲੇ ਚਲਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਸੀ| ਬਸਪਾ – ਸਪਾ ਵੱਲੋਂ ਮਹਾਂ ਗਠਜੋੜ ਤੋਂ ਵੱਖ ਕਰਨ ਦੀ ਪੀੜਾ ਕਾਂਗਰਸ ਦੇ ਨੇਤਾਵਾਂ ਵਿੱਚ ਵਿਖਾਈ ਵੀ ਦਿੱਤੀ| ਉਤਰ ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰਦੇ ਸਮੇਂ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਇਕੋ ਜਿਹੀ ਵਿਚਾਰਧਾਰਾ ਵਾਲੇ ਰਾਜਸੀ ਦਲਾਂ ਦੇ ਨਾਲ ਜੁੜ ਕੇ ਕੰਮ ਕਰਨ ਨੂੰ ਤਿਆਰ ਹੈ, ਪਰ ਕਾਂਗਰਸ ਨੂੰ ਮਹਾਂਗਠਜੋੜ ਤੋਂ ਵੱਖ ਕਰ ਦਿੱਤਾ ਗਿਆ| ਕਾਂਗਰਸ ਅੱਜ ਬਸਪਾ ਅਤੇ ਸਪਾ ਦੇ ਸਾਹਮਣੇ ਕਿੰਨੀ ਮਜ਼ਬੂਰ ਹੈ, ਇਸਦਾ ਅਨੁਮਾਨ ਵੀ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਇਆਵਤੀ ਵੱਲੋਂ ਕਾਂਗਰਸ ਤੇ ਕੀਤੇ ਗਏ ਤਿੱਖੇ ਸਿਆਸੀ ਹਮਲੇ ਨੂੰ ਲੈ ਕੇ ਰਾਹੁਲ ਗਾਂਧੀ ਤੋਂ ਲੈ ਕੇ ਗੁਲਾਮ ਨਬੀ ਆਜ਼ਾਦ ਤੱਕ ਕਿਸੇ ਨੇ ਵੀ ਕੋਈ ਤਲਖ ਪ੍ਰਤੀਕਿਰਿਆ ਜਾਹਿਰ ਨਹੀਂ ਕੀਤੀ ਹੈ| ਕਾਂਗਰਸ ਨੂੰ ਮਹਾਂਗਠਜੋੜ ਤੋਂ ਵੱਖ ਕਰਕੇ ਮਾਇਆਵਤੀ ਅਤੇ ਅਖਿਲੇਸ਼ ਨੇ ਇਹ ਵੀ ਸੰਕੇਤ ਦੇ ਦਿੱਤੇ ਹਨ ਕਿ ਮਹਾਂਗਠਜੋੜ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਰਾਹੁਲ ਕਿਸੇ ਵੀ ਤਰ੍ਹਾਂ ਸਰਵਸੰਮਤੀ ਵਾਲੇ ਨੇਤਾ ਨਹੀਂ ਹਨ| ਜੇਕਰ ਅਸਲ ਵਿੱਚ ਮਾਇਆਵਤੀ ਅਤੇ ਅਖਿਲੇਸ਼ ਰਾਹੁਲ ਨੂੰ ਮਹਾਂਗਠਜੋੜ ਤੋਂ ਪ੍ਰਧਾਨ ਮੰਤਰੀ ਅਹੁਦੇ ਲਈ ਪ੍ਰੋਜੈਕਟ ਕਰਦੇ ਤਾਂ ਕਾਂਗਰਸ ਲਈ ਗੁੰਜਾਇਸ਼ ਬਣਾਉਂਦੇ| ਅਖਿਲੇਸ਼ ਦੇ ਇਸ ਬਿਆਨ ਦਾ ਸਿਆਸੀ ਮਤਲਬ ਕੱਢਣਾ ਮੁਸ਼ਕਿਲ ਨਹੀਂ ਹੈ ਕਿ ਦੇਸ਼ ਨੂੰ ਅਗਲਾ ਪ੍ਰਧਾਨਮੰਤਰੀ ਉੱਤਰ ਪ੍ਰਦੇਸ਼ ਹੀ ਦੇਵੇਗਾ| ਜਾਹਿਰ ਹੈ ਕਿ ਉਨ੍ਹਾਂ ਨੇ ਇਹ ਰਾਜਨੀਤਕ ਸਦਇੱਛਾ ਨਾ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਲਈ ਪ੍ਰਗਟ ਕੀਤੀ ਹੋਵੇਗੀ ਅਤੇ ਨਾ ਖੁਦ ਲਈ| ਸ਼ਾਇਦ ਉਨ੍ਹਾਂ ਦਾ ਇਸ਼ਾਰਾ ਮਾਇਆਵਤੀ ਵੱਲ ਰਿਹਾ ਹੋਵੇਗਾ| ਪਰ ਸਮਾਜਿਕ ਨਜ਼ਰ ਨਾਲ ਅਖਿਲੇਸ਼ ਦੀ ਰਾਜਨੀਤਕ ਇੱਛਾ ਵਿੱਚ ਸੁਖਦ ਤੱਤ ਵੀ ਰਖਿਆ ਹੋਇਆ ਹੈ| ਬਸਪਾ ਅਤੇ ਸਪਾ ਗਠਜੋੜ ਸਥਾਈ ਅਤੇ ਕਾਰਗਰ ਰਿਹਾ ਤਾਂ ਦਲਿਤਾਂ ਅਤੇ ਪਿਛੜੀਆਂ ਜਾਤਾਂ ਵਿੱਚ ਵੈਰ ਘੱਟ ਹੋਵੇਗਾ ਅਤੇ ਇਹ ਸਿਆਸੀ ਸਮੀਕਰਣ ਪੂਰੇ ਦੇਸ਼ ਦੀ ਰਾਜਨੀਤੀ ਨੂੰ ਬਦਲ ਦੇਵੇਗਾ|
ਨੀਲਮ ਸ਼ਾਹ

Leave a Reply

Your email address will not be published. Required fields are marked *