ਮਹਾਂਬਲੀਆਂ ਦੀ ਜੰਗ ਵਿੱਚ ਗਰੀਬ ਦੇਸ਼ ਹੀ ਪਿਸਣਗੇ

ਰੂਸ ਦੇ ਖਿਲਾਫ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਜਿਸ ਤਰ੍ਹਾਂ ਅਭਿਆਨ ਛੇੜਿਆ ਹੋਇਆ ਹੈ, ਉਹ ਕਿਸੇ ਜੰਗ ਤੋਂ ਘੱਟ ਨਹੀਂ ਹੈ| ਸਾਬਕਾ ਰੂਸੀ ਜਾਸੂਸ ਸਰਗੇਈ ਸਕਰਿਪਲ ਅਤੇ ਉਨ੍ਹਾਂ ਦੀ ਧੀ ਨੂੰ ਬ੍ਰਿਟੇਨ ਵਿੱਚ ਜਹਿਰ ਦੇਣ ਦੀ ਘਟਨਾ ਤੋਂ ਬਾਅਦ ਰੂਸ ਅਤੇ ਪੱਛਮ ਦੇ ਰਿਸ਼ਤੇ ਨਾਜੁਕ ਦੌਰ ਵਿੱਚ ਪਹੁੰਚ ਗਏ ਹਨ| ਅਮਰੀਕਾ ਅਤੇ ਆਸਟ੍ਰੇਲੀਆ ਸਮੇਤ 28ਪੱਛਮੀ ਦੇਸ਼ਾਂ ਨੇ ਹੁਣ ਤੱਕ ਡੇਢ ਸੌ ਤੋਂ ਜ਼ਿਆਦਾ ਰੂਸੀ ਰਾਜਨਾਇਕਾਂ ਨੂੰ ਕੱਢਣ ਵਰਗਾ ਸਖਤ ਕਦਮ ਚੁੱਕਿਆ ਹੈ| ਇਹਨਾਂ ਵਿੱਚ ਨਾਟੋ ਵੀ ਸ਼ਾਮਿਲ ਹੈ| ਯੂਰਪੀ ਸੰਘ ਨੇ ਵੀ ਮਾਸਕੋ ਤੋਂ ਆਪਣੇ ਰਾਜਦੂਤ ਨੂੰ ਸੱਦ ਲਿਆ| ਕੁਲ ਮਿਲਾ ਕੇ ਅਜਿਹੇ ਹਾਲਾਤ ਬਣ ਗਏ ਹਨ ਜੋ ਦੁਨੀਆ ਦੇ ਦੋ ਖੇਮਿਆਂ ਵਿੱਚ ਵੰਡਣ ਵੱਲ ਇਸ਼ਾਰਾ ਕਰ ਰਹੇ ਹਨ| ਸ਼ੀਤਯੁੱਧ ਦੇ ਦੌਰ ਤੋਂ ਬਾਅਦ ਅਮਰੀਕਾ ਦੀ ਰੂਸ ਦੇ ਖਿਲਾਫ ਇਹ ਸਭ ਤੋਂ ਵੱਡੀ ਕਾਰਵਾਈ ਹੈ| ਹੁਣ ਇਹ ਸਵਾਲ ਖੜਾ ਹੋ ਗਿਆ ਹੈ ਕਿ ਰੂਸੀ ਜਾਸੂਸ ਨੂੰ ਜਹਿਰ ਦੇਣ ਦੀ ਘਟਨਾ ਦੇ ਬਹਾਨੇ ਕੀ ਰੂਸ ਦੀ ਘੇਰੇਬੰਦੀ ਦੀ ਤਿਆਰੀ ਕੀਤੀ ਜਾ ਰਹੀ ਹੈ? ਕੀ ਇਸ ਦੇ ਪਿੱਛੇ ਅਮਰੀਕਾ ਦੇ ਆਪਣੇ ਹਿੱਤ ਕੰਮ ਕਰ ਰਹੇ ਹੈ?
ਦਰਅਸਲ, ਸਾਬਕਾ ਰੂਸੀ ਜਾਸੂਸ ਅਤੇ ਉਨ੍ਹਾਂ ਦੀ ਧੀ ਨੂੰ ਜਹਿਰ ਦੇਣ ਤੋਂ ਵੀ ਵੱਡਾ ਮੁੱਦਾ ਇਹ ਬਣ ਗਿਆ ਹੈ ਕਿ ਜਿਸ ਜਹਿਰ ਮਤਲਬ ਨਰਵ ਏਜੰਟ ਨਾਲ ਦੋਵਾਂ ਤੇ ਹਮਲਾ ਕੀਤਾ ਗਿਆ, ਉਹ ਆਇਆ ਕਿੱਥੋਂ? ਇਹ ਜਹਿਰ ਵਿਵਾਦ ਦਾ ਕੇਂਦਰ ਬਿੰਦੂ ਹੈ ਜਿਸਦੇ ਜਰੀਏ ਆਉਣ ਵਾਲੇ ਸਮੇਂ ਵਿੱਚ ਰੂਸ ਤੇ ਸ਼ਿੰਕਜਾ ਕੱਸਿਆ ਜਾ ਸਕਦਾ ਹੈ| ਬ੍ਰਿਟੇਨ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈ ਕਿ ਸਾਬਕਾ ਜਾਸੂਸ ਤੇ ਹਮਲਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ਼ਾਰੇ ਤੇ ਹੋਇਆ ਹੈ| ਪਰ ਰੂਸ ਇਸਦਾ ਪੁਰਜੋਰ ਖੰਡਨ ਕਰ ਰਿਹਾ ਹੈ| ਹਾਲਾਂਕਿ ਜਾਂਚ ਹੁਣੇ ਚੱਲ ਰਹੀ ਹੈ| ਕੋਈ ਸਾਫ ਤਸਵੀਰ ਸਾਹਮਣੇ ਨਹੀਂ ਆਈ ਹੈ| ਇਹ ਨਰਵ ਏਜੰਟ ‘ਨੋਵਿਚੋਕ’ ਇੱਕ ਤਰ੍ਹਾਂ ਦਾ ਰਸਾਇਣਿਕ ਹਥਿਆਰ ਦੱਸਿਆ ਜਾ ਰਿਹਾ ਹੈ ਜਿਸ ਨੂੰ 1970 ਤੋਂ 1990 ਦੇ ਵਿਚਾਲੇ ਰੂਸੀ ਵਿਗਿਆਨੀਆਂ ਨੇ ਤਿਆਰ ਕੀਤਾ ਸੀ| ਰਸਾਇਣਿਕ ਹਥਿਆਰਾਂ ਤੇ ਰੋਕ ਲਗਾਉਣ ਅਤੇ ਇਹਨਾਂ ਦੀ ਜਾਂਚ ਅਤੇ ਨਿਗਰਾਨੀ ਦਾ ਕੰਮ ਕਰਨ ਵਾਲੀ ਸੰਸਥਾ ਨੇ ਇਸ ਨਰਵ ਏਜੰਟ ਨੂੰ ਰਸਾਇਣਿਕ ਹਥਿਆਰ ਨਹੀਂ ਮੰਨਿਆ ਹੈ| ਸਾਬਕਾ ਜਾਸੂਸ ਨੂੰ ਦਿੱਤੇ ਗਏ ਜਹਿਰ ਦੀ ਜਾਂਚ ਕਈ ਦੇਸ਼ਾਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਚੱਲ ਰਹੀ ਹੈ| ਇਸ ਲਈ ਰਹੱਸ ਤਾਂ ਜਾਂਚ ਤੋਂ ਬਾਅਦ ਹੀ ਖੁਲੇਗਾ|
ਇਹ ਘਟਨਾ ਸੰਸਾਰਿਕ ਰਾਜਨੀਤੀ ਦੇ ਨਜਰੀਏ ਨਾਲ ਕਾਫੀ ਗੰਭੀਰ ਹੈ| ਇਸਦੇ ਸੁਨੇਹੇ ਕਾਫ਼ੀ ਦੂਰ ਤੱਕ ਜਾਂਦੇ ਹਨ| ਹਾਲ ਵਿੱਚ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪੁਤਿਨ ਨੂੰ ਜੋ ਭਾਰੀ ਜਿੱਤ ਮਿਲੀ ਹੈ, ਉਹ ਅਮਰੀਕਾ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ| ਸੀਰੀਆ ਰੂਸ ਅਤੇ ਅਮਰੀਕਾ ਦੋਵਾਂ ਲਈ ਸ਼ਕਤੀ ਪ੍ਰਦਰਸ਼ਨ ਦਾ ਅਖਾੜਾ ਬਣਿਆ ਹੋਇਆ ਹੈ| ਅਮਰੀਕਾ, ਇਰਾਨ ਤੇ ਪਾਬੰਦੀਆਂ ਲਗਾ ਹੀ ਚੁੱਕਿਆ ਹੈ| ਇਰਾਨ ਨੂੰ ਰੂਸ ਦਾ ਪੂਰਾ ਸਮਰਥਨ ਹੈ, ਇਸ ਨਾਲ ਵੀ ਅਮਰੀਕਾ ਖਫਾ ਹੈ| ਇਸ ਲਈ ਰਸਾਇਣਿਕ ਹਥਿਆਰਾਂ ਦੇ ਨਾਮ ਤੇ ਰੂਸ ਨੂੰ ਵੀ ਇਰਾਕ ਦੀ ਤਰ੍ਹਾਂ ਘੇਰਨ ਦੀ ਕੋਸ਼ਿਸ਼ ਹੋ ਸਕਦੀ ਹੈ| ਚੀਨ ਦੀ ਤਾਕਤ ਨਾਲ ਵੀ ਅਮਰੀਕਾ ਘਬਰਾਇਆ ਹੋਇਆ ਹੈ|
ਸ਼ੀ ਚਿਨਫਿੰਗ ਹੁਣ ਆਜੀਵਨ ਰਾਸ਼ਟਰਪਤੀ ਬਣੇ ਰਹਿਣਗੇ ਅਤੇ ਦੱਖਣ ਚੀਨ ਸਾਗਰ ਵਿੱਚ ਚੀਨ ਦੀਆਂ ਵੱਧਦੀਆਂ ਗਤੀਵਿਧੀਆਂ ਨੇ ਅਮਰੀਕਾ ਦੀ ਨੀਂਦ ਉਡਾ ਦਿੱਤੀ ਹੈ| ਅਮਰੀਕਾ ਇਸ ਡਰ ਨਾਲ ਗ੍ਰਸਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਰੂਸ, ਚੀਨ, ਪਾਕਿਸਤਾਨ, ਉੱਤਰ ਕੋਰੀਆ ਵਰਗੇ ਦੇਸ਼ਾਂ ਦਾ ਸਮੂਹ ਉਸਦੇ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗਾ| ਯੂਰਪੀ ਸੰਘ ਅਤੇ ਬ੍ਰਿਟੇਨ ਦੇ ਵਿਚਾਲੇ ਬ੍ਰੈਕਜਿਟ ਦਾ ਮੁੱਦਾ ਹੈ| ਯੂਰਪੀ ਸੰਘ ਦੇ ਦੇਸ਼ ਬ੍ਰਿਟੇਨ ਨੂੰ ਨਾਰਾਜ ਨਹੀਂ ਕਰ ਸਕਦੇ, ਪਰ ਹਰ ਮੁੱਦੇ ਤੇ ਉਸਦੇ ਇਸ਼ਾਰਿਆਂ ਤੇ ਚੱਲਣਗੇ, ਇਹ ਸੰਭਵ ਨਹੀਂ ਹੈ| ਸਭ ਦੇ ਆਪਣੇ-ਆਪਣੇ ਹਿੱਤ ਅਤੇ ਚਿੰਤਾਵਾਂ ਹਨ| ਅਜਿਹੇ ਵਿੱਚ ਵਿਸ਼ਵ ਸ਼ਾਂਤੀ ਦਾ ਮੁੱਦਾ ਹੀਣਾ ਹੈ| ਮਹਾਬਲੀਆਂ ਦੀ ਲੜਾਈ ਵਿੱਚ ਕਮਜੋਰ ਅਤੇ ਗਰੀਬ ਦੇਸ਼ਾਂ ਦਾ ਭਵਿੱਖ ਕੀ ਹੋਵੇਗਾ, ਇਹ ਵੀ ਸੋਚਿਆ ਜਾਣਾ ਚਾਹੀਦਾ ਹੈ|
ਰਾਮ ਗੋਪਾਲ

Leave a Reply

Your email address will not be published. Required fields are marked *