ਮਹਾਰਾਸ਼ਟਰ: ਖੰਡਾਲਾ ਦੇ ਨੇੜੇ ਭਿਆਨਕ ਸੜਕ ਹਾਦਸਾ, 17 ਵਿਅਕਤੀਆਂ ਦੀ ਮੌਤ

ਖੰਡਾਲਾ, 10 ਅਪ੍ਰੈਲ (ਸ.ਬ.) ਮਹਾਰਾਸ਼ਟਰ ਦੇ ਪ੍ਰਮੁੱਖ ਸ਼ਹਿਰ ਖੰਡਾਲਾ ਦੇ ਨੇੜੇ ਅੱਜ ਸਵੇਰੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਕਰੀਬ 17 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ| ਸ਼ੱਕ ਹੈ ਕਿ ਇਹ ਗਿਣਤੀ ਵਧ ਵੀ ਹੋ ਸਕਦੀ ਹੈ| ਸਾਰੇ ਮ੍ਰਿਤਕ ਕਰਨਾਟਕ ਦੇ ਵਿਜਾਪੁਰ ਜ਼ਿਲੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ| ਇਹ ਸਾਰੇ ਕੰਮ ਦੇ ਸਿਲਸਿਲੇ ਵਿੱਚ ਪੁਣੇ ਜਾ ਰਹੇ ਸਨ| ਹਾਦਸੇ ਵਿੱਚ ਜ਼ਖਮੀ ਹੋਏ 13 ਵਿਅਕਤੀਆਂ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਚੱਲ ਰਿਹਾ ਹੈ, ਜਿਨ੍ਹਾਂ ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਪੁਲੀਸ ਦੀ ਟੀਮ ਘਟਨਾ ਵਾਲੀ ਥਾਂ ਤੇ ਰਾਹਤ ਕੰਮ ਚਲਾ ਰਹੀ ਹੈ|
ਜਾਣਕਾਰੀ ਦੇ ਮੁਤਾਬਕ ਕਰਨਾਟਕ ਤੋਂ ਇਕ ਟਰੱਕ ਕਰੀਬ 30 ਮਜ਼ਦੂਰਾਂ ਨੂੰ ਲੈ ਕੇ ਪੁਣੇ ਐਮ.ਆਈ.ਡੀ.ਸੀ. ਦੇ ਵੱਲ ਜਾ ਰਿਹਾ ਸੀ, ਜਿੱਥੇ ਉਨ੍ਹਾਂ ਨੂੰ ਕੰਮ ਤੇ ਲਗਾਇਆ ਜਾਣਾ ਸੀ| ਅੱਜ ਸਵੇਰੇ ਪੁਣੇ-ਸਤਾਰਾ ਹਾਈਵੇਅ ਤੇ ਖਾਂਬਾਟਕੀ ਟਨਲ ਦੇ ਕੋਲ ਟਰੱਕ ਅਚਾਨਕ ਬੇਕਾਬੂ ਹੋ ਕੇ ਬੈਰੀਕੇਡ ਨਾਲ ਟਕਰਾਅ ਗਿਆ| ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦੇ ਅੱਗੇ ਵਾਲੇ ਹਿੱਸੇ ਦੇ ਪਰਖੱਚੇ ਉਡ ਗਏ| ਹਾਦਸੇ ਦੇ ਬਾਅਦ ਉਥੋਂ ਨਿਕਲ ਰਹੇ ਲੋਕਾਂ ਨੇ ਪੁਲੀਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ| ਸਥਾਨਕ ਪੁਲੀਸ ਦੇ ਨਾਲ ਹੀ ਐਂਬੂਲੈਂਸ ਵੀ ਮੌਕੇ ਤੇ ਪਹੁੰਚੀ, ਜਿਸ ਦੇ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਆਇਆ ਗਿਆ, ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਵਿੱਚ 13 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਸੀ, ਜਦਕਿ ਚਾਰ ਲੋਕਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ|
ਦੁਰਘਟਨਾ ਵਿੱਚ ਜ਼ਖਮੀ ਹੋਰ 13 ਵਿਅਕਤੀਆਂ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਜਾਰੀ ਹੈ| ਪੁਲੀਸ ਦੀ ਟੀਮ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਹਾਲਾਂਕਿ ਹੁਣ ਤੱਕ ਇਹ ਸਾਹਮਣੇ ਨਹੀਂ ਆ ਸਕਿਆ ਕਿ ਇਹ ਹਾਦਸਾ ਕਿਸ ਤਰ੍ਹਾਂ ਹੋਇਆ| ਜ਼ਖਮੀਆਂ ਦੀ ਸਥਿਤੀ ਵਿੱਚ ਸੁਧਾਰ ਹੋਣ ਤੇ ਪੁਲੀਸ ਉਨ੍ਹਾਂ ਦੇ ਬਿਆਨ ਦਰਜ ਕਰੇਗੀ| ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਸੰਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ|

Leave a Reply

Your email address will not be published. Required fields are marked *