ਮਹਾਰਾਸ਼ਟਰ ਵਿੱਚ ਅੱਗ ਲੱਗਣ ਨਾਲ 10 ਨਵਜਾਤ ਬੱਚਿਆਂ ਦੀ ਮੌਤ ਦੀ ਘਟਨਾ ਬਾਰੇ ਹਸਪਤਾਲ ਦੀ ਜਵਾਬਦੇਹੀ ਤੈਅ ਕਰੇ ਸਰਕਾਰ


ਸਰਕਾਰ ਦੀ ਲਾਪਰਵਾਹੀ ਨਾਲ ਇੱਕ ਵਾਰ ਫਿਰ 10 ਨਵਜਾਤ ਬੱਚਿਆਂ ਦੀ ਮੌਤ ਦੀ ਖਬਰ ਝੰਜੋੜਣ ਵਾਲੀ ਹੈ। ਮਹਾਰਾਸ਼ਟਰ ਦੇ ਭੰਡਾਰਾ ਜਿਲ੍ਹਾ ਹਸਪਤਾਲ ਵਿੱਚ ਸਰਕਾਰੀ ਲਾਪਰਵਾਹੀ ਨਾਲ ਅੱਗ ਲੱਗਣ ਕਾਰਨ 10 ਨਵਜਾਤ ਬੱਚੇ ਮੌਤ ਦੇ ਮੂੰਹ ਵਿੱਚ ਚਲੇ ਗਏ। ਹੈਰਾਨੀ ਦੀ ਗੱਲ ਹੈ ਕਿ ਜਿਸ ਵਕਤ ਇਹ ਹਾਦਸਾ ਹੋਇਆ, ਉਸ ਸਮੇਂ ਉੱਥੇ ਕੋਈ ਸਟਾਫ ਮੌਜੂਦ ਨਹੀਂ ਸੀ ਕਿਉਂਕਿ 2 ਵਜੇ ਤੜਕੇ ਜਦੋਂ ਸਿਕ ਨਿਊਬਾਰਨ ਕੇਅਰ ਯੂਨਿਟ ਦਾ ਗੇਟ ਖੋਲਿਆ ਗਿਆ ਤਾਂ ਉੱਥੇ ਧੂੰਆ ਸੀ। ਜਦੋਂ ਕਿ ਬੱਚਿਆਂ ਦੀ ਇਸ ਯੂਨਿਟ ਵਿੱਚ ਰਾਤ ਨੂੰ ਇੱਕ ਡਾਕਟਰ ਅਤੇ 4-5 ਨਰਸਾਂ ਦੀ ਡਿਊੂਟੀ ਰਹਿੰਦੀ ਹੈ। ਮਤਲਬ ਸਾਫ ਤੌਰ ਤੇ ਇਹ ਘੋਰ ਲਾਪਰਵਾਹੀ ਦਾ ਮਾਮਲਾ ਹੈ। ਦੂਜੀ ਮਹੱਤਵਪੂਰਣ ਸਚਾਈ ਇਹ ਹੈ ਕਿ ਅੱਗ ਤੋਂ ਬਚਾਓ ਦੇ ਉਪਾਅ ਹਸਪਤਾਲ ਵਿੱਚੋਂ ਗਾਇਬ ਸਨ। ਉਪਕਰਨਾਂ ਦੀ ਜਾਂਚ ਕਦੋਂ ਕੀਤੀ ਗਈ ਅਤੇ ਇਹ ਕਿਸਦੀ ਜ਼ਿੰਮੇਵਾਰੀ ਸੀ, ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਮਿਲ ਸਕਿਆ ਹੈ। ਵਾਰਡ ਵਿੱਚ ਸਮੋਕ ਡਿਟੈਕਟਰ ਤੱਕ ਨਹੀਂ ਸਨ। ਅਲਾਰਮ ਵੀ ਨਹੀਂ ਸਨ। ਜੇਕਰ ਬਚਾਅ ਦੇ ਇਹ ਸਾਰੇ ਉਪਕਰਨ ਹੁੰਦੇ ਤਾਂ ਕਈ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ। ਮਹਾਰਾਸ਼ਟਰ ਵਿੱਚ ਪਿਛਲੇ ਸਾਲ ਵੀ ਸਤੰਬਰ ਵਿੱਚ ਪੱਛਮੀ ਖੇਤਰ ਦੇ ਕੋਲਹਾਪੁਰ ਸਥਿਤ ਛਤਰਪਤੀ ਪ੍ਰਮਿਲਾ ਰਾਜੇ ਸ਼ਾਸਕੀ ਹਸਪਤਾਲ ਵਿੱਚ ਅੱਗ ਲੱਗੀ ਸੀ। ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਵਿੱਚ ਗਾਜੀਆਬਾਦ ਜਿਲ੍ਹੇ ਦੇ ਮੋਦੀਨਗਰ ਸ਼ਮਸ਼ਾਨ ਘਾਟ ਵਿੱਚ ਗਲਿਆਰੇ ਦੀ ਛੱਤ ਡਿੱਗਣ ਨਾਲ 24 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਘਟਨਾ ਵੀ ਸਰਕਾਰੀ ਲਾਪਰਵਾਹੀ ਕਾਰਨ ਹੋਈ ਸੀ। ਉਸਾਰੀ ਤੋਂ ਸਿਰਫ 15 ਦਿਨਾਂ ਵਿੱਚ ਗਲਿਆਰੇ ਦੀ ਛੱਤ ਰੇਤ ਦੀ ਤਰ੍ਹਾਂ ਭਰਭਰਾ ਕੇ ਡਿੱਗ ਗਈ। ਦਰਅਸਲ, ਅਜਿਹੇ ਮਾਮਲਿਆਂ ਵਿੱਚ ਤੁਰਤ-ਫੁਰਤ ਮੁਅੱਤਲ ਦਾ ਖੇਡ ਖੇਡਿਆ ਜਾਂਦਾ ਹੈ ਅਤੇ ਮਾਮਲੇ ਦੀ ਜਾਂਚ ਰਿਪੋਰਟ ਦੀ ਸਿਫਾਰਿਸ਼ ਨੂੰ ਅਮਲ ਵਿੱਚ ਲਿਆਇਆ ਹੀ ਨਹੀਂ ਜਾਂਦਾ ਹੈ। ਅਜਿਹਾ ਕਈ ਵਾਰ ਪਹਿਲਾਂ ਵੀ ਦੇਖਿਆ ਗਿਆ ਹੈ ਜਦੋਂ ਅੱਗ ਲੱਗਣ ਕਾਰਨ ਝੁਲਸ ਕੇ ਲੋਕ ਘੱਟ ਮਰੇ ਹਨ ਸਗੋਂ ਦਮ ਘੁਟਣ ਨਾਲ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਦਿੱਲੀ ਦੇ ਉਪਹਾਰ ਸਿਨੇਮਾਹਾਲ ਅਗਨੀਕਾਂਡ ਵਿੱਚ 59 ਲੋਕਾਂ ਦੀ ਜਾਨ ਚੱਲੀ ਗਈ ਸੀ, ਜਦੋਂ ਕਿ 103 ਜਖਮੀ ਹੋਏ ਸਨ। ਇਸ ਦਰਦਨਾਕ ਹਾਦਸੇ ਵਿੱਚ ਕਈ ਮਾਸੂਮਾਂ ਦੀ ਵੀ ਮੌਤ ਹੋ ਗਈ ਸੀ। ਇਹ ਘਟਨਾ ਇਸ ਲਈ ਜ਼ਿਆਦਾ ਭਿਆਨਕ ਸੀ ਕਿਉਂਕਿ ਬਾਹਰ ਨਿਕਲਣ ਦੇ ਜਿਆਦਾਤਰ ਰਸਤੇ ਬੰਦ ਸਨ। ਭੰਡਾਰਾ ਜਿਲ੍ਹਾ ਹਸਪਤਾਲ ਵਿੱਚ ਹੋਈ ਘਟਨਾ ਵਿੱਚ ਉਨ੍ਹਾਂ ਪਰਿਵਾਰਾਂ ਨੂੰ ਉਦੋਂ ਨਿਆਂ ਮਿਲੇਗਾ ਜਦੋਂ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇਗੀ। ਕਾਨੂੰਨੀ ਜਾਂਚ ਦੇ ਹੁਕਮ ਤਾਂ ਦਿੱਤੇ ਹੀ ਗਏ ਹਨ, ਪਰ ਕਾਇਦੇ ਨਾਲ ਇੱਕ ਵੱਖਰੀ ਜਾਂਚ ਫਾਇਰ ਬਿ੍ਰਗੇਡ ਵਿਭਾਗ ਦੇ ਸਿਖਰ ਅਧਿਕਾਰੀ ਤੋਂ ਵੀ ਕਰਾਈ ਜਾਵੇ ਤਾਂ ਬਿਹਤਰ ਹੋਵੇਗਾ। ਨਾਲ ਹੀ ਹਸਪਤਾਲ ਪ੍ਰਬੰਧਨ ਤੋਂ ਜੁਰਮਾਨਾ ਵਸੂਲਿਆ ਜਾਵੇ ਅਤੇ ਉਸਨੂੰ ਪੀੜਿਤ ਪਰਿਵਾਰਾਂ ਵਿੱਚ ਵੰਡਿਆ ਜਾਵੇ। ਰਾਜ ਸਰਕਾਰ ਨੂੰ ਆਪਣਾ ਪ੍ਰਭੁਤਵ ਬਣਾ ਕੇ ਰੱਖਣ ਲਈ ਹਰਸੰਭਵ ਉਪਾਅ ਕਰਨੇ ਚਾਹੀਦੇ ਹਨ।
ਵਿਨੇ ਮਹਾਜਨ

Leave a Reply

Your email address will not be published. Required fields are marked *