ਮਹਿਲਾ ਕਾਂਗਰਸ ਵਰਕਰ ਵੱਲੋਂ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਖਿਲਾਫ ਥਾਣੇ ਵਿੱਚ ਸ਼ਿਕਾਇਤ, ਗਾਲ੍ਹਾਂ ਕੱਢਣ ਦਾ ਦੋਸ਼

ਬਲੌਂਗੀ, 25 ਸਤੰਬਰ (ਪਵਨ ਰਾਵਤ) ਬਲੌਂਗੀ ਦੀ ਵਸਨੀਕ ਅਤੇ ਕਾਂਗਰਸੀ ਵਰਕਰ ਮਮਤਾ ਨੇ ਬਲੌਂਗੀ ਥਾਣੇ ਵਿੱਚ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਜਿਲਾ ਮੁਹਾਲੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਵਾਲੀਆ ਨੇ ਫੋਨ ਉਪਰ ਉਸ ਨੂੰ ਅਪਸ਼ਬਦ ਬੋਲੇ ਅਤੇ ਗਾਲਾਂ ਕਢੀਆਂ| ਸ਼ਿਕਾਇਤ ਕਰਤਾ ਮਮਤਾ ਨੇ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਵਿੱਚ ਜਿੱਤੇ ਡਾ. ਸੁਰਜੀਤ ਸਿੰਘ ਗਰੇਵਾਲ ਦੀ ਜਿੱਤ ਦੀ ਖੁਸ਼ੀ ਵਿੱਚ ਦੋ ਢੋਲੀ ਸੁਮਿਤ ਅਤੇ ਅੰਕੁਸ਼ ਬੁਲਾਏ ਗਏ ਸਨ, ਜਿਹਨਾਂ ਨੂੰ ਪਾਰਟੀ ਵਲੋ ਪੇਮਂੈਟ ਨਹੀਂ ਸੀ ਕੀਤੀ ਗਈ| ਇਨਾਂ ਢੋਲੀਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਅਤੇ ਉਹਨਾਂ ਨੇ ਇਹਨਾਂ ਢੋਲੀਆਂ ਨੂੰ ਪੈਸੇ ਦੇਣ ਸਬੰਧੀ ਸ੍ਰ ਪਰਮਜੀਤ ਸਿੰਘ ਵਾਲੀਆ ਨੂੰ ਫੋਨ ਕੀਤਾ ਸੀ ਪਰ ਵਾਲੀਆ ਨੇ ਫੋਨ ਉਪਰ ਉਸ ਨੂੰ ਬਹੁਤ ਹੀ ਮਾੜੀ ਸ਼ਬਦਾਵਲੀ ਬੋਲੀ| ਉਸਨੇ ਦਸਿਆ ਕਿ ਸ. ਵਾਲੀਆ ਨੇ ਇਸ ਤੋਂ ਪਹਿਲਾਂ ਢੋਲ ਵਾਲਿਆਂ ਨਾਲ ਵੀ ਗਾਲੀ ਗਲੋਚ ਕੀਤਾ ਸੀ, ਜਿਸ ਤੋਂ ਬਾਅਦ ਢੋਲ ਵਾਲੇ ਉਸ ਕੋਲ ਆਏ ਸਨ| ਆਪਣੀ ਸ਼ਿਕਾਇਤ ਵਿੱਚ ਉਸਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਸ੍ਰ ਵਾਲੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਇਸ ਸਬੰਧੀ ਸੰਪਰਕ ਕਰਨ ਤੇ ਜਿਲਾ ਮੁਹਾਲੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਵਾਲੀਆ ਨੇ ਕਿਹਾ ਕਿ ਮਮਤਾ ਵਲੋਂ ਲਗਾਏ ਗਏ ਸਾਰੇ ਹੀ ਦੋਸ਼ ਬੇਬੁਨਿਆਦ ਹਨ ਅਤੇ ਉਹਨਾਂ ਨੇ ਕਿਸੇ ਨੂੰ ਵੀ ਭੱਦੀ ਸ਼ਬਦਾਵਲੀ ਨਹੀਂ ਬੋਲੀ| ਉਹਨਾਂ ਕਿਹਾ ਕਿ ਇਹ ਔਰਤ ਲੜਾਈ ਝਗੜੇ ਦੀ ਆਦੀ ਹੈ ਅਤੇ ਇਸ ਔਰਤ ਨੂੰ ਉਸਦੇ ਸਿਆਸੀ ਵਿਰੋਧੀਆਂ ਵਲੋਂ ਉਕਸਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਜੇ ਮਮਤਾ ਕੋਲ ਉਹਨਾਂ ਵਲੋਂ ਭੱਦੀ ਸਬਦਾਵਲੀ ਬੋਲਣ ਅਤੇ ਗਾਲਾਂ ਦੇ ਕੱਢਣ ਦੇ ਪੁਖਤਾ ਸਬੂਤ ਹਨ ਤਾਂ ਉਹ ਸਬੂਤ ਪੇਸ਼ ਕੀਤੇ ਜਾਣ|
ਸੰਪਰਕ ਕਰਨ ਤੇ ਬਲੌਂਗੀ ਥਾਣੇ ਦੇ ਐਸ ਐਚ ਓ ਸ੍ਰੀ ਮਨਫੂਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲ ਚੁਕੀ ਹੈ ਅਤੇ ਉਹਨਾਂ ਨੇ ਦੋਵਾਂ ਪਾਰਟੀਆਂ ਨੂੰ ਸ਼ਾਮ ਨੂੰ ਥਾਣੇ ਬੁਲਾਇਆ ਹੈ| ਜਾਂਚ ਤੋਂ ਬਾਅਦ ਪੁਲੀਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *