ਮਹਿਲਾ ਟੀ-20 ਵਰਲਡ ਕੱਪ : ਇੰਗਲੈਂਡ ਤੋਂ ਹਾਰ ਕੇ ਫਾਈਨਲ ਤੋਂ ਬਾਹਰ ਹੋਈ ਟੀਮ ਇੰਡੀਆ

ਐਂਟੀਗੁਆ, 23 ਨਵੰਬਰ (ਸ.ਬ.) ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ ਅੱਜ ਇੱਥੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ20 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ| ਇੰਗਲੈਂਡ ਫਾਈਨਲ ਵਿੱਚ ਆਸਟਰੇਲੀਆ ਨਾਲ ਲੜੇਗਾ ਜਿਸ ਨੇ ਇਕ ਹੋਰ ਸੈਮੀਫਾਈਨਲ ਵਿੱਚ ਮੇਜ਼ਬਾਨ ਅਤੇ ਪਿਛਲੀ ਵਾਰ ਦੇ ਜੇਤੂ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ|
ਭਾਰਤ ਪਹਿਲਾ ਬੱਲੇਬਾਜ਼ੀ ਕਰਦੇ ਹੋਏ 19.2 ਓਵਰਾਂ ਵਿੱਚ 112 ਦੌੜਾਂ ਤੇ ਆਊਟ ਹੋ ਗਿਆ| ਉਸ ਵੱਲੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਜ਼ਿਆਦਾ 33 ਦੌੜਾਂ ਬਣਾਈਆਂ| ਕ੍ਰਿਸਟੀ ਗਾਰਡਨ (20 ਦੌੜਾਂ ਦੇ ਕੇ 2 ਵਿਕਟਾਂ), ਕਪਤਾਨ ਹੀਥਰ ਨਾਈਟ (9 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਸੋਫੀ ਐਕਲੇਸਟੋਨ (22 ਦੌੜਾਂ ਦੇ ਕੇ 2 ਵਿਕਟਾਂ) ਨੇ ਭਾਰਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ|
ਭਾਰਤ ਨੇ ਤਜਰਬੇਕਾਰ ਮਿਤਾਲੀ ਰਾਜ ਨੂੰ ਅੰਤਿਮ ਗਿਆਰਾਂ ਵਿੱਚ ਨਹੀਂ ਰਖਿਆ ਜਿਸ ਦਾ ਉਸ ਨੂੰ ਖਾਮੀਆਜ਼ਾ ਭੁਗਤਨਾ ਪਿਆ| ਭਾਰਤ ਦੀਆਂ 7 ਬੱਲੇਬਾਜ਼ ਦੋਹਰੇ ਅੰਕ ਵਿੱਚ ਪਹੁੰਚਣ ਵਿੱਚ ਅਸਫਲ ਰਹੀਆਂ| ਇੰਗਲੈਂਡ ਨੇ 17.1 ਓਵਰ ਵਿੱਚ 2 ਵਿਕਟਾਂ ਗੁਆਕੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ| ਐਮੀ ਜੋਨਸ (45 ਗੇਂਦਾਂ ਵਿੱਚ ਅਜੇਤੂ 53 ਦੌੜਾਂ) ਅਤੇ ਨਤਾਲੀ ਸਾਈਵਰ (40 ਗੇਂਦਾਂ ਤੇ ਅਜੇਤੂ 52 ਦੌੜਾਂ) ਨੇ ਤੀਜੇ ਵਿਕਟ ਲਈ 92 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ|

Leave a Reply

Your email address will not be published. Required fields are marked *