ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਕਰਨ ਵਾਲਾ ਥਾਣਾ ਸੋਹਾਣਾ ਦਾ ਐਸ ਐਚ ਓ ਮੁਅੱਤਲ

ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਕਰਨ ਵਾਲਾ ਥਾਣਾ ਸੋਹਾਣਾ ਦਾ ਐਸ ਐਚ ਓ ਮੁਅੱਤਲ
ਰਾਹ ਪੁੱਛਣ ਦੇ ਬਹਾਨੇ ਇਕੱਲੀ ਮਹਿਲਾ ਨੂੰ ਕਾਰ ਵਿੱਚ ਬਿਠਾ ਕੇ ਸੁਨਸਾਨ ਥਾਂ ਤੇ ਲਿਜਾ ਕੇ ਕੀਤਾ ਗਿਆ ਸੀ ਬਲਾਤਕਾਰ
ਐਸ.ਏ.ਐਸ ਨਗਰ, 17 ਅਪ੍ਰੈਲ (ਸ.ਬ.) ਇੱਕ ਮਹਿਲਾ ਤੋਂ ਰਾਹ ਪੁੱਛਣ ਦੇ ਬਹਾਨੇ ਉਸਨੂੰ ਆਪਣੀ ਕਾਰ ਵਿੱਚ ਬਿਠਾਉਣ ਅਤੇ ਫਿਰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਮਹਿਲਾ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੀ ਸ਼ਿਕਾਇਤ ਮਿਲਣ ਦੇ ਬਾਵਜੂਦ ਥਾਣਾ ਸੋਹਾਣਾ ਦੇ ਐਸ ਐਚ ਓ ਵਲੋਂ ਬਣਦਾ ਮਾਮਲਾ ਦਰਜ ਕਰਨ ਦੀ ਥਾਂ ਮਾਮਲੇ ਦੀ ਟਾਲਮਟੋਲ ਕਰਨ ਅਤੇ ਖੁਦ ਮੌਕਾ ਵਾਰਦਾਤ ਦੀ ਜਾਂਚ ਕਰਨ ਦੀ ਥਾਂ ਖਾਨਾਪੂਰਤੀ ਕਰਨ ਲਈ ਹਵਲਦਾਰ ਨੂੰ ਭੇਜ ਕੇ ਮਾਮਲੇ ਨੂੰ ਲਮਕਾਉਣ ਦੇ ਦੋਸ਼ ਹੇਠ ਐਸ ਐਸ ਪੀ ਮੁਹਾਲੀ ਸ੍ਰ. ਹਰਚਰਨ ਸਿੰਘ ਭੁੱਲਰ ਵਲੋਂ ਥਾਣਾ ਸੋਹਾਣਾ ਦੇ ਅਸ ਐਚ ਓ ਦਲਜੀਤ ਸਿੰਘ ਨੂੰ ਬੀਤੀ ਰਾਤ ਸਸਪੈਂਡ ਕਰ ਦਿੱਤਾ ਗਿਆ ਹੈ| ਇਸ ਮਾਮਲੇ ਵਿੱਚ ਪੀੜਿਤਾ ਦੀ ਸ਼ਿਕਾਇਤ ਤੇ ਪੁਲੀਸ ਵਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 376, 506 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦਾ ਭਾਲ ਸ਼ੁਰੂ ਕਰ ਦਿੱਤੀ ਗਈ ਹੈ| ਇਸ ਸੰਬੰਧੀ ਪੁਲੀਸ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੀ ਗਈ ਥਾਂ ਅਤੇ ਮਹਿਲਾ ਨੂੰ ਕਾਰ ਵਿੱਚ ਬਿਠਾਉਣ ਵਾਲੀ ਥਾਂ ਦੇ ਆਸਪਾਸ ਲੱਗੇ ਸੀ ਸੀਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ|
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ ਦੀ ਰਾਤ ਨੂੰ ਸੈਕਟਰ 68 ਵਿੱਚ ਇੱਕ ਕਾਰ ਚਾਲਕ ਵਲੋਂ ਆਪਣੀ ਡਿਊਟੀ ਤੋਂ ਪਰਤ ਰਹੀ ਇੱਕ ਮਹਿਲਾ ਤੋਂ ਰਸਤਾ ਪੁੱਛਣ ਦੇ ਬਹਾਨੇ ਉਸਨੂੰ ਆਪਣੀ ਕਾਰ ਵਿੱਚ ਬਿਠਾਇਆ ਸੀ ਅਤੇ ਫਿਰ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਕਾਰ ਵਿੱਚ ਪਿੰਡ ਸੰਭਾਲਕੀ ਅਤੇ ਨਾਨੁਮਾਜਰਾ ਵਿਚਾਲੇ ਬਣ ਰਹੀ ਸੜਕ ਤੇ ਸੁਨਸਾਨ ਥਾਂ ਤੇ ਲਿਜਾ ਕੇ ਉਸ ਨਾਲ ਕਾਰ ਵਿੱਚ ਹੀ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ| ਬਲਾਤਕਾਰ ਤੋਂ ਬਾਅਦ ਕਿਸੇ ਤਰ੍ਹਾਂ ਪੀੜਿਤ ਮਹਿਲਾ ਕਾਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ ਅਤੇ ਉਸਦੇ ਰੌਲਾ ਪਾਉਣ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ| ਮੌਕੇ ਤੇ ਉੱਥੇ ਨੇੜੇ ਕੰਮ ਕਰਦੀ ਲੇਬਰ ਦੇ ਵਿਅਕਤੀ ਪਹੁੰਚ ਗਏ ਸਨ ਅਤੇ ਫਿਰ ਮਹਿਲਾ ਵਲੋਂ ਆਪਣੇ ਪਤੀ ਨੂੰ ਜਾਣਕਾਰੀ ਦੇ ਕੇ ਉੱਥੇ ਸੱਦਿਆ ਗਿਆ ਸੀ ਜਿਸਤੋਂ ਬਾਅਦ ਪੀੜਿਤ ਮਹਿਲਾ ਅਤੇ ਉਸਦੇ ਪਤੀ ਨੇ ਸੋਹਾਣਾ ਥਾਣਾ ਪਹੁੰਚ ਕੇ ਇਸ ਸੰਬੰਧੀ ਸ਼ਿਕਾਇਤ ਦਿੱਤੀ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਸੋਹਾਣਾ ਥਾਣੇ ਦੇ ਐਸ ਐਚ ਉ ਵਲੋਂ ਇੰਨੀ ਸੰਗੀਨ ਵਾਰਦਾਤ ਵਾਪਰਨ ਦੇ ਬਾਵਜੂਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਥਾਂ ਟਾਲਮਟੋਲ ਦਾ ਰਵਈਆ ਅਖਤਿਆਰ ਕੀਤਾ ਗਿਆ ਅਤੇ ਇਸ ਸੰਬੰਧੀ ਮਾਮਲਾ ਵੀ ਦਰਜ ਨਹੀਂ ਕੀਤਾ ਗਿਆ| ਬੀਤੀ ਸ਼ਾਮ ਜਦੋਂ ਇਹ ਮਾਮਲਾ ਐਸ ਐਸ ਪੀ ਮੁਹਾਲੀ ਸ੍ਰ. ਹਰਚਰਨ ਸਿਘ ਭੁੱਲਰ ਦੀ ਜਾਣਕਾਰੀ ਵਿੱਚ ਆਇਆ ਤਾਂ ਉਹਨਾਂ ਨੇ ਇਸ ਸੰਬੰਧੀ ਸਖਤ ਰੁੱਖ ਅਖਤਿਆਰ ਕਰਦਿਆਂ ਐਸ ਐਚ ਓ ਸੋਹਾਣਾ ਦਲਜੀਤ ਸਿੰਘ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ|
ਸੰਪਰਕ ਕਰਨ ਤੇ ਐਸ ਐਸ ਪੀ ਮੁਹਾਲੀ ਸ੍ਰ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਥਾਣਾ ਸੋਹਾਣਾ ਦੇ ਐਸ ਐਚ ਓ ਵਲੋਂ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਨਾ ਕਰਨ ਅਤੇ ਖੁਦ ਮੌਕਾ ਵਾਰਦਾਤ ਤੇ ਜਾ ਕੇ ਜਾਂਚ ਕਰਨ ਦੀ ਥਾਂ ਇੱਕ ਹਵਲਦਾਰ ਨੂੰ ਮੌਕੇ ਤੇ ਭੇਜ ਦਿੱਤਾ ਗਿਆ ਅਤੇ ਇਸ ਮਾਮਲੇ ਨੂੰ ਬਿਨਾ ਵਜ੍ਹਾ ਲਮਕਾਇਆ ਗਿਆ, ਜਿਸ ਕਾਰਨ ਐਸ ਅਚ ਓ ਨੂੰ ਸਸਪੈਂਡ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਪੀੜਿਤ ਦੀ ਸ਼ਿਕਾਇਤ ਤੇ ਪੁਲੀਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਵਲੋਂ ਇਸ ਵਾਰਦਾਤ ਲਈ ਜਿੰਮੇਵਾਰ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *