ਮਹਿਲਾ ਮਾਡਲ ਨੇ ਜਲੰਧਰ ਤੋਂ ਸ਼ੂਟਿੰਗ ਦੇ ਨਾਮ ਤੇ ਖਰੜ ਬੁਲਾ ਕੇ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ

ਮਹਿਲਾ ਮਾਡਲ ਨੇ ਜਲੰਧਰ ਤੋਂ ਸ਼ੂਟਿੰਗ ਦੇ ਨਾਮ ਤੇ ਖਰੜ ਬੁਲਾ ਕੇ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ
ਪੁਲੀਸ ਤੇ ਮਾਮਲਾ ਦਰਜ ਕਰਨ ਦੀ ਥਾਂ ਦਬਾਅ ਪਾ ਕੇ ਸਮਝੌਤਾ ਕਰਨ ਸੰਬੰਧੀ ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ
ਐਸ.ਏ.ਐਸ ਨਗਰ, 11ਸਤੰਬਰ (ਜਸਵਿੰਦਰ ਸਿੰਘ) ਜਲੰਧਰ ਦੀ ਇੱਕ ਮਾਡਲ ਨੇ ਇਲਜਾਮ ਲਗਾਇਆ ਹੈ ਕਿ ਖਰੜ ਦੇ ਸਵਰਾਜ ਨਗਰ ਵਿੱਚ ਰਹਿੰਦੇ ਐਪਲ ਜਿੰਦਲ ਨਾਮ ਦੇ ਇੱਕ ਮਾਡਲ ਵਲੋਂ ਉਸਨੂੰ ਸ਼ੂਟਿੰਗ ਵਾਸਤੇ ਖਰੜ ਸੱਦ ਕੇ ਬਾਅਦ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ| ਉਸਨੇ ਇਲਜਾਮ ਲਗਾਇਆ ਕਿ ਸੰਨੀ ਇਨਕਲੇਵ ਚੌਂਕੀ ਦੇ ਪੁਲੀਸ ਅਧਿਕਾਰੀ ਨੇ  ਉਸਦੀ ਸ਼ਿਕਾਇਤ ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਥਾਂ ਉਲਟਾ ਉਸਤੇ ਦਬਾਅ ਪਾ ਕੇ ਉਸਦਾ ਸਮਝੌਤਾ ਕਰਵਾ ਦਿੱਤਾ| ਇਸ ਮਾਡਲ ਨੇ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਨੂੰ ਸ਼ਿਕਾਇਤ ਦੇ ਕੇ ਉਸ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਨ ਅਤੇ ਉਸਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਗਈ ਹੈ| 
ਇਸ ਮਾਡਲ ਨੇ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਜੰਲਧਰ ਦੀ ਵਸਨੀਕ ਹੈ ਅਤੇ ਖਰੜ ਦੇ ਵਸਨੀਕ ਮਾਡਲ ਐਪਲ ਜਿੰਦਲ ਨਾਲ ਉਸਦੀ ਇੰਸਟਾਗ੍ਰਾਮ ਰਾਂਹੀ ਪਹਿਚਾਣ ਹੋਈ ਸੀ ਜਿਸਨੇ ਉਸਦਾ ਫੋਨ ਨੰਬਰ ਵੀਡੀਓ ਡਾਇਰੈਕਟਰ ਐਮੀ ਡੋਜ਼ ਨੂੰ ਦਿੱਤਾ ਸੀ|  ਉਸ ਨੇ ਦੱਸਿਆ ਕਿ 20 ਅਗਸਤ ਨੂੰ ਉਸਨੂੰ ਐਮੀ ਡੋਜ਼ ਦਾ  ਫੋਨ ਆਇਆ ਅਤੇ ਉਸਨੂੰ ਸ਼ੂਟਿੰਗ ਲਈ ਖਰੜ ਬੁਲਾਇਆ| ਮਾਡਲ ਅਨੁਸਾਰ ਉਹ 21 ਅਗਸਤ ਨੂੰ ਦੁਪਹਿਰ ਵੇਲੇ ਸੰਨੀ ਇੰਨਕਲੇਵ ਪਹੁੰਚੀ ਤੇ ਇਸਤੋਂ ਬਾਅਦ ਐਪਲ ਜਿੰਦਲ ਅਤੇ ਐਮੀ ਡੋਜ਼ ਉਸਨੂੰ ਆਪਣੇ ਫਲੈਟ ਵਿੱਚ ਲੈ ਗਏ| 
ਉਸਨੇ ਦੱਸਿਆ ਕਿ ਫਲੈਟ ਵਿੱਚ ਕੁੱਝ ਹੋਰ ਲੜਕੇ ਵੀ ਮੌਜੂਦ ਸਨ ਅਤੇ ਉਸਨੇ ਕਿਹਾ ਕਿ ਉਸਨੂੰ ਵੱਖਰੇ ਕਮਰੇ ਵਿੱਚ ਠਹਿਰਾਇਆ ਜਾਵੇ ਪਰੰਤੂ ਐਪਲ ਜਿੰਦਲ ਨੇ ਉਸਨੂੰ ਭਰੋਸਾ ਦਿੱਤਾ ਕਿ ਇੱਥੇ ਸਾਰੇ ਇੱਜਤਦਾਰ ਲੋਕ ਹਨ ਅਤੇ ਉਸਨੂੰ ਡਰਨ ਦੀ ਲੋੜ ਨਹੀਂ ਹੈ|
ਉਸਨੇ ਦੱਸਿਆ ਕਿ ਅਗਲੇ ਦਿਨ ਮੈਨੂੰ ਕਿਹਾ ਗਿਆ ਕਿ ਸ਼ੂਟਿੰਗ ਕੈਂਸਲ ਹੋ ਗਈ ਹੈ ਅਤੇ ਹੁਣ ਅਗਲੇ ਹਫਤੇ ਹੋਵੇਗੀ ਅਤੇ ਉਸਨੂੰ ਉੱਥੇ ਹੀ ਰਹਿਣਾ ਪਵੇਗਾ| ਮਾਡਲ ਅਨੁਸਾਰ ਅਗਲੇ ਦਿਨ ਐਪਲ ਜਿੰਦਲ ਨੇ ਉਸਨੂੰ ਕਿਹਾ ਕਿ ਉਹ ਉਸਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ| ਮਾਡਲ ਅਨੁਸਾਰ ਜਦੋਂ ਉਸਨੇ ਇਨਕਾਰ ਕੀਤਾ ਤਾਂ ਐਪਲ ਜਿੰਦਲ ਵਲੋਂ ਉਸ ਨਾਲ ਬਲਾਤਕਾਰ ਕੀਤਾ ਗਿਆ| 
ਉਸਨੇ ਕਿਹਾ ਕਿ ਇਸਤੋਂ ਬਾਅਦ ਉਸ ਵਲੋਂ ਰੌਲਾ ਪਾਉਣ ਤੇ ਉਸਨੂੰ ਕੁੱਟਿਆ ਗਿਆ ਅਤੇ ਘਰ ਵਿੱਚ ਬੰਦ ਕਰ ਦਿੱਤਾ ਗਿਆ| ਉਸਨੇ 100 ਨੰਬਰ ਤੇ ਫੋਨ ਕਰਕੇ ਪੁਲੀਸ ਨੂੰ ਜਾਣਕਾਰੀ ਦਿੱਤੀ ਅਤੇ ਪੁਲੀਸ ਨੇ ਆ ਕੇ ਉਸਨੂੰ ਉੱਥੋਂ ਬਾਹਰ ਕੱਢਿਆ ਅਤੇ ਸੰਨੀ ਇਨਕਲੇਵ ਚੌਂਕੀ ਲੈ               ਗਏ| ਉਸਨੇ ਇਲਜਾਮ ਲਗਾਇਆ ਪੁਲੀਸ ਵਲੋਂ ਉਸਦੇ ਕਹਿਣ ਦੇ ਬਾਵਜੂਦ ਉਸਦਾ ਮੈਡੀਕਲ ਨਹੀਂ ਕਰਵਾਇਆ ਗਿਆ ਅਤੇ ਐਪਲ ਜਿੰਦਲ ਵਲੋਂ ਉਸ ਨਾਲ ਛੇ ਮਹੀਨੇ ਵਿੱਚ ਵਿਆਹ ਕਰਵਾਉਣ ਦੀ ਗੱਲ ਲਿਖਵਾ ਕੇ ਰਾਜ਼ੀਨਾਮਾ ਕਰਵਾ ਦਿੱਤਾ| 
ਉਸਨੇ ਕਿਹਾ ਕਿ ਬਾਅਦ ਵਿੱਚ ਉਸ ਵਲੋਂ ਉਸਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ| ਮਾਡਲ ਅਨੁਸਾਰ  ਉਸਨੇ ਕਿਸੇ ਤਰ੍ਹਾਂ ਨੰਬਰ ਲੈ ਕੇ ਐਪਲ ਜਿੰਦਲ ਦੇ ਭਰਾ ਨਾਲ ਗੱਲ ਕੀਤੀ ਤਾਂ ਉਸ ਦੇ ਭਰਾ ਨੇ ਕਿਹਾ ਕਿ ਐਪਲ ਜਿੰਦਲ ਤਾਂ ਪਹਿਲਾ ਹੀ ਸ਼ਾਦੀਸ਼ੁਦਾ ਹੈ| ਉਸਨੇ ਮੰਗ ਕੀਤੀ ਹੈ ਕਿ ਉਸ ਨਾਲ ਇਨਸਾਫ ਕੀਤਾ ਜਾਵੇ ਅਤੇ ਐਪਲ ਜਿੰਦਲ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਜਾਵੇ| 
ਮੌਕੇ ਤੇ ਹਾਜਿਰ ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਇਹ ਮਾਡਲ ਕੁੜੀ ਨੇ ਉਹਨਾਂ ਨੂੰ ਆਪਣੇ ਨਾਲ ਹੋਈ ਵਧੀਕੀ ਬਾਰੇ ਦੱਸਿਆ ਸੀ ਅਤੇ ਉਨ੍ਹਾਂ ਨੂੰ ਆਪਣਾ ਫੋਨ ਵੀ ਵਿਖਾਇਆ ਸੀ ਜਿਸ ਵਿੱਚ ਲੜਕੀ ਦੀ ਉਕਤ ਵਿਅਕਤੀ ਨਾਲ ਗੱਲਬਾਤ ਅਤੇ ਚੈਟਿੰਗ ਵੀ ਹੋਈ ਸੀ| ਉਨ੍ਹਾਂ ਕਿਹਾ ਕਿ ਹਾਲਾਤ ਦੱਸਦੇ ਹਨ ਕਿ ਇਹ ਸਾਰਾ ਡਰਾਮਾ ਇਸ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਲਈ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਬਹੁਤ ਵੱਡੀ ਅਣਗਹਿਲੀ ਕੀਤੀ ਗਈ ਹੈ ਅਤੇ ਭਾਵੇਂ ਸਮਝੌਤਾ ਹੋ ਗਿਆ ਹੋਵੇ ਲੜਕੀ ਦਾ ਮੈਡੀਕਲ ਕਰਵਾਉਣਾ ਲਾਜ਼ਮੀ ਬਣਦਾ ਸੀ ਪਰੰਤੂ ਪੁਲੀਸ ਨੇ ਬਣਦੀ ਕਾਰਵਾਈ ਨਾ ਕਰਕੇ  ਮਾਮਲਾ ਸਿਰਫ ਰਫਾਦਫਾ ਕਰ ਦਿੱਤਾ|
ਇਸ ਸੰਬੰਧੀ ਸੰਨੀ ਇਨਕਲੇਵ ਚੌਂਕੀ ਦੇ ਏ ਐਸ ਆਈ ਪ੍ਰਦੀਪ ਕੁਮਾਰ ਨਾਲ ਸੰਪਰਕ ਕਾਇਮ ਨਹੀਂ ਹੋਇਆ| ਖਰੜ ਦੇ ਡੀ ਐਸ ਪੀ ਸ੍ਰ. ਪਾਲ ਸਿੰਘ ਨੇ ਦੱਸਿਆ ਕਿ ਇਹ ਲੜਕੀ ਉਹਨਾਂ ਨੂੰ ਵੀ ਮਿਲੀ ਹੈ ਅਤੇ ਉਹਨਾਂ ਨੂੰ ਆਪਣੀ ਸ਼ਿਕਾਇਤ ਦਿੱਤੀ ਹੈ ਜਿਸਤੋਂ ਬਾਅਦ ਉਹਨਾਂ ਇਸ ਸੰਬੰਧੀ ਐਸ ਐਚ ਓ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਇਸ ਸੰਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|
ਇਸ ਮਾਮਲੇ ਵਿੱਚ ਐਪਲ ਜਿੰਦਲ ਨਾਲ ਗੱਲ ਕਰਨ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਵਲੋਂ ਫੋਨ ਨਾ ਚੁੱਕੇ ਜਾਣ ਕਾਰਨ ਉਹਨਾਂ ਨਾਲ ਸੰਪਰਕ ਕਾਇਮ ਨਹੀਂ ਹੋ ਪਾਇਆ|

Leave a Reply

Your email address will not be published. Required fields are marked *