ਮਹਿਲਾ ਸੋਸ਼ਣ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਜਨਕ

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਖੇਡਾਂ ਵਿੱਚ ਆਪਣਾ ਨਾਮ ਚਮਕਾਉਣ ਵਾਲਾ ਹਰਿਆਣਾ ਆਰਥਿਕ ਰੂਪ ਨਾਲ ਵੀ ਇੱਕ ਵਿਕਸਿਤ ਪ੍ਰਦੇਸ਼ ਹੈ| ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਤਿੰਨ ਪਾਸਿਉਂ ਘੇਰਣ ਵਾਲਾ ਹਰਿਆਣਾ ਖੇਤੀਬਾੜੀ ਦੇ ਨਾਲ-ਨਾਲ ਉਦਯੋਗਿਕ ਖੇਤਰ ਵਿੱਚ ਵੀ ਕਾਫ਼ੀ ਅੱਗੇ ਨਿਕਲ ਚੁੱਕਿਆ ਹੈ| ਹਰਿਆਣਾ ਦੇ ਗੁਰੂਗ੍ਰਾਮ, ਫਰੀਦਾਬਾਦ ਅਤੇ ਸੋਨੀਪਤ ਜਿਲ੍ਹੇ ਅਤੇ ਇਨ੍ਹਾਂ ਦੇ ਨਾਲ ਲੱਗਦਾ ਖੇਤਰ ਬਹੁਮੰਜਿਲਾਂ ਇਮਾਰਤਾਂ ਨਾਲ ਭਰਿਆ ਪਿਆ ਹੈ| ਇਹਨਾਂ ਗਗਨਚੁੰਬੀ ਇਮਾਰਤਾਂ ਨਾਲ ਹੀ ਪਤਾ ਚੱਲਦਾ ਹੈ ਕਿ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਖੇਤਰ ਦਾ ਵਿਕਾਸ ਬਹੁਤ ਤੇਜੀ ਨਾਲ ਹੋ ਰਿਹਾ ਹੈ| ਹਰਿਆਣਾ ਦੀ ਖੇਡ ਨੀਤੀ ਦੇ ਨਤੀਜੇ ਵਜੋਂ ਹੀ ਹਰਿਆਣਾ ਦੇ ਖਿਡਾਰੀ ਵਿਸ਼ੇਸ਼ ਤੌਰ ਤੇ ਕੁਸ਼ਤੀ, ਮੁੱਕੇਬਾਜੀ ਅਤੇ ਅਥਲੈਟਿਕਸ ਵਿੱਚ ਪ੍ਰਦੇਸ਼ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਸਫਲ ਰਹੇ ਹਨ|
ਪੰਜਾਬ ਤੋਂ ਵੱਖ ਹੋ ਕੇ 1966 ਵਿੱਚ ਜਦੋਂ ਹਰਿਆਣਾ ਹੋਂਦ ਵਿੱਚ ਆਇਆ ਸੀ ਉਦੋਂ ਉਸਦੀ ਪਹਿਚਾਣ ਇੱਕ ਪਿਛੜੇ ਪ੍ਰਦੇਸ਼ ਦੇ ਰੂਪ ਵਿੱਚ ਹੀ ਸੀ, ਪਰੰਤੂ ਹਰਿਆਣਾ ਵਾਸੀਆਂ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਪ੍ਰਦੇਸ਼ ਦੀ ਤਸਵੀਰ ਅਤੇ ਆਪਣੀ ਤਕਦੀਰ ਬਦਲ ਕੇ ਰੱਖ ਦਿੱਤੀ ਹੈ| ਉਪਰੋਕਤ ਤੱਥ ਹਰਿਆਣਾ ਦੇ ਉਜਵਲ ਪੱਖ ਨੂੰ ਦਰਸ਼ਾਉਂਦੇ ਹਨ| ਪਰੰਤੂ ਹਰਿਆਣਾ ਦਾ ਕਮਜੋਰ ਪੱਖ ਵੀ ਜਿਸਨੂੰ ਲੈ ਕੇ ਹਰਿਆਣਾ ਦੇ ਨੇਤਾਵਾਂ ਅਤੇ ਜਨਸਾਧਾਰਣ ਨੂੰ ਗੰਭੀਰਤਾਪੂਰਵਕ ਚਿੰਤਨ ਕਰਨ ਦੀ ਲੋੜ ਹੈ| ਵਿਸ਼ੇਸ਼ ਤੌਰ ਤੇ ਔਰਤਾਂ ਨੂੰ ਲੈ ਕੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਆਪਣੀ ਰਿਪੋਰਟ ਵਿੱਚ ਹਰਿਆਣਾ ਨੂੰ ਔਰਤਾਂ ਲਈ ਅਸੁਰੱਖਿਅਤ ਮੰਨਦੇ ਹੋਏ ਇਸਨੂੰ ਰੇਪ ਦੀ ਰਾਜਧਾਨੀ ਤੱਕ ਬੋਲ ਚੁੱਕਿਆ ਹੈ ਉਥੇ ਹੀ ਰਾਜ ਸਰਕਾਰ ਨੇ ਵੀ ਪਿਛਲੇ ਦਿਨੀਂ ਵਿਧਾਨਸਭਾ ਦੇ ਪਟਲ ਉਤੇ ਰੱਖੀ ਰਿਪੋਰਟ ਵਿੱਚ ਇਹ ਸਵੀਕਾਰ ਕਰ ਲਿਆ ਹੈ ਕਿ ਪ੍ਰਦੇਸ਼ ਵਿੱਚ ਮਹਿਲਾ ਸੋਸ਼ਣ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ| ਇਸ ਰਿਪੋਰਟ ਦੇ ਅਨੁਸਾਰ ਹਰਿਆਣਾ ਵਿੱਚ ਰੋਜਾਨਾ ਔਸਤਨ ਜਿੱਥੇ ਨੌਂ ਲੜਕੀਆਂ ਅਤੇ ਔਰਤਾਂ ਅਗਵਾ ਹੋ ਰਹੀਆਂ ਹਨ ਉਥੇ ਹੀ ਅੱਧਾ ਦਰਜਨ ਲੜਕੀਆਂ ਅਤੇ ਔਰਤਾਂ ਨੂੰ ਛੇੜਛਾੜ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ| ਇੱਥੇ ਰੋਜਾਨਾ ਔਸਤਨ ਚਾਰ ਔਰਤਾਂ/ ਲੜਕੀਆਂ ਦੇ ਨਾਲ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ| ਹਰਿਆਣਾ ਸਰਕਾਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਤੰਬਰ 2014 ਤੋਂ ਲੈ ਕੇ ਅਗਸਤ 2015 ਤੱਕ ਜਿੱਥੇ ਦਹੇਜ ਹੱਤਿਆ ਦੇ 260 ਕੇਸ ਸਾਹਮਣੇ ਆਏ ਉਥੇ ਹੀ ਸਤੰਬਰ 2017 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਗਿਣਤੀ 202 ਤੱਕ ਪਹੁੰਚ ਚੁੱਕੀ ਹੈ| ਇਸ ਮਿਆਦ ਦੇ ਦੌਰਾਨ ਬਲਾਤਕਾਰ ਦੀਆਂ 961 ਘਟਨਾਵਾਂ ਦੇ ਮੁਕਾਬਲੇ ਇਸ ਸਾਲ 1413 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ| ਇਸ ਮਿਆਦ ਦੇ ਦੌਰਾਨ ਹਰਿਆਣਾ ਸਰਕਾਰ ਨੇ ਰਾਜ ਵਿੱਚ ਮਹਿਲਾ ਪੁਲੀਸ ਥਾਣੇ ਵੀ ਖੋਲ੍ਹੇ ਅਤੇ ਔਰਤਾਂ ਦੀ ਜਿਆਦਾ ਆਵਾਜਾਈ ਵਾਲੇ ਖੇਤਰਾਂ ਵਿੱਚ ਪੀਸੀਆਰ ਦੀ ਗਸ਼ਤ ਵੀ ਵਧਾਈ| ਇਸ ਦੇ ਬਾਵਜੂਦ ਸਤੰਬਰ 2014 ਤੋਂ ਲੈ ਕੇ ਅਗਸਤ 2015 ਤੱਕ ਜਿੱਥੇ 1833 ਔਰਤਾਂ ਅਤੇ ਲੜਕੀਆਂ ਦੇ ਨਾਲ ਛੇੜਛਾੜ ਦੀਆਂ ਘਟਨਾਵਾਂ ਹੋਈਆਂ ਉਥੇ ਹੀ ਸਤੰਬਰ 2017 ਤੋਂ ਲੈ ਕੇ ਅਜੇ ਤੱਕ ਰਾਜ ਵਿੱਚ ਔਰਤ ਛੇੜਛਾੜ ਦੀਆਂ 2320 ਘਟਨਾਵਾਂ ਦਰਜ ਹੋ ਚੁੱਕੀਆਂ ਹਨ| ਔਰਤਾਂ ਅਤੇ ਲੜਕੀਆਂ ਦੇ ਨਾਲ ਅਗਵਾ ਦੀਆਂ ਘਟਨਾਵਾਂ ਵਿੱਚ ਹੈਰਾਨ ਕਰਨ ਵਾਲਾ ਵਾਧਾ ਹੋਇਆ ਹੈ| ਸਤੰਬਰ 2014 ਤੋਂ ਲੈ ਕੇ ਅਗਸਤ 2015 ਤੱਕ ਹਰਿਆਣਾ ਵਿੱਚ ਜਿੱਥੇ ਮਹਿਲਾ ਅਗਵਾ ਦੀਆਂ ਕੁਲ 1664 ਘਟਨਾਵਾਂ ਹੋਈਆਂ ਉਥੇ ਹੀ ਸਤੰਬਰ 2014 ਤੋਂ ਲੈ ਕੇ ਹੁਣ ਤੱਕ ਰਾਜ ਵਿੱਚ ਮਹਿਲਾ ਅਗਵਾ ਦੀਆਂ 3494 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ| ਰਿਪੋਰਟ ਵਿੱਚ ਨਿਰਧਾਰਤ ਮਿਆਦ ਦੇ ਦੌਰਾਨ ਮਹਿਲਾ ਸੋਸ਼ਣ ਦੇ ਜਿੱਥੇ ਕੁਲ 8126 ਮਾਮਲੇ ਦਰਜ ਕੀਤੇ ਗਏ ਹਨ ਉਥੇ ਹੀ ਚਾਲੂ ਸਾਲ ਦੇ ਦੌਰਾਨ ਇਹਨਾਂ ਦੀ ਗਿਣਤੀ ਵਧ ਕੇ 10 ਹਜਾਰ 325 ਤੱਕ ਪਹੁੰਚ ਚੁੱਕੀ ਹੈ|
ਔਰਤਾਂ ਨਾਲ ਸਬੰਧਿਤ ਵੱਧਦੇ ਗੁਨਾਹਾਂ ਦੇ ਨਾਲ – ਨਾਲ ਹਰਿਆਣਾ ਵਿੱਚ ਦਲਿਤਾਂ ਪ੍ਰਤੀ ਵੀ ਉਦਾਸੀਨ ਰਵੱਈਆ ਹੈ| ਦਲਿਤਾਂ ਪ੍ਰਤੀ ਵੱਧਦੇ ਅਪਰਾਧ ਅਤੇ ਦਲਿਤਾਂ ਪ੍ਰਤੀ ਜੋ ਨਜਰੀਆ ਹੈ ਉਹ ਹਰਿਆਣਾ ਦੇ ਕਮਜੋਰ ਪੱਖ ਨੂੰ ਹੀ ਦਿਖਾਉਂਦਾ ਹੈ| ਅਤੀਤ ਵਿੱਚ ਜਾਓ ਤਾਂ ਦੇਖੋਗੇ ਕਿ ਦਲਿਤਾਂ ਵਿਰੁੱਧ ਇੱਕ ਨਹੀਂ ਅਨੇਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ| ਜਾਟ, ਗੈਰ ਜਾਟ ਅਤੇ ਦਲਿਤਾਂ ਵਿੱਚ ਵੰਡਿਆ ਹਰਿਆਣਾ ਜੇਕਰ ਇਸ ਸੁੰਗੜੇ ਦ੍ਰਿਸ਼ਟੀਕੋਣ ਤੋਂ ਬਾਹਰ ਨਹੀਂ ਨਿਕਲਦਾ ਤਾਂ ਹਰਿਆਣਾ ਦਾ ਵਿਕਾਸ ਹੀ ਪ੍ਰਭਾਵਿਤ ਹੋਵੇਗਾ| ਇੱਕ ਵਿਕਾਸਸ਼ੀਲ ਦੇਸ਼ ਦੇ ਵਿਕਾਸਸ਼ੀਲ ਪ੍ਰਦੇਸ਼ ਵਿੱਚ ਔਰਤਾਂ, ਦਲਿਤਾਂ ਅਤੇ ਪਿਛੜਿਆਂ ਨੂੰ ਲੈ ਕੇ ਸੁੰਗੜੇ ਦ੍ਰਿਸ਼ਟੀਕੋਣ ਪ੍ਰਦੇਸ਼ ਦੇ ਵਿਕਾਸ ਵਿੱਚ ਹੀ ਅੜਚਨ ਪਾਵੇਗਾ|
ਇੱਕ ਪਾਸੇ ਹਰਿਆਣਾ ਦੀਆਂ ਔਰਤਾਂ ਖੇਡ ਜਗਤ ਵਿੱਚ ਹੀ ਨਹੀਂ ਬਲਕਿ ਜੀਵਨ ਦੇ ਹਰ ਖੇਤਰ ਵਿੱਚ ਆਪਣਾ ਨਾਮ ਅਤੇ ਪ੍ਰਦੇਸ਼ ਦਾ ਨਾਮ ਚਮਕਾ ਰਹੀਆਂ ਹਨ, ਉਥੇ ਹੀ ਪ੍ਰਦੇਸ਼ ਵਿੱਚ ਵੱਧਦੇ ਅਗਵਾ ਅਤੇ ਬਲਾਤਕਾਰ ਦੇ ਮਾਮਲੇ ਅਤਿ ਚਿੰਤਾ ਦੇ ਵਿਸ਼ੇ ਹਨ| ਜਾਤ ਬਰਾਦਰੀ ਦੇ ਨਾਲ – ਨਾਲ ਨਸ਼ੇ ਦਾ ਵਧਦਾ ਚਲਨ ਵੀ ਹਰਿਆਣਾ ਦੇ ਕਮਜੋਰ ਪੱਖ ਨੂੰ ਹੀ ਦਰਸਾਉਂਦਾ ਹੈ| ਵਿਧਾਨਸਭਾ ਦੇ ਅੰਤਮ ਦਿਨ ਜਿਸ ਤਰ੍ਹਾਂ ਵੱਖ-ਵੱਖ ਦਲਾਂ ਦੇ ਵਿਧਾਇਕਾਂ ਨੇ ਇੱਕ – ਦੂਜੇ ਦੇ ਪ੍ਰਤੀ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਅਤੇ ਇਸ਼ਾਰੇ ਕੀਤੇ ਗਏ ਹਨ ਇਹ ਘਟਨਾ ਹਰਿਆਣਾ ਦੀ ਰਾਜਨੀਤੀ ਵਿੱਚ ਆ ਰਹੀ ਗਿਰਾਵਟ ਨੂੰ ਹੀ ਦਰਸਾਉਂਦੀ ਹੈ|
ਹਰਿਆਣਾ ਰਾਜਨੀਤਿਕ ਨਜ਼ਰ ਨਾਲ ਇੱਕ ਮਹੱਤਵਪੂਰਣ ਪ੍ਰਦੇਸ਼ ਹੈ | ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਤਿੰਨ ਪਾਸਿਉਂ ਘੇਰਿਆ ਹੋਇਆ ਹੈ| ਵਿਕਾਸ ਦੀਆਂ ਤੇਜ ਹਵਾਵਾਂ ਦਾ ਆਨੰਦ ਲੈਣ ਵਾਲੇ ਹਰਿਆਣਾ ਨੂੰ ਜੇਕਰ ਸਥਾਈ ਰੂਪ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਸਕਾਰਾਤਮਕ ਛਵੀ ਬਣਾਉਣੀ ਹੈ ਤਾਂ ਉਸਨੂੰ ਜਾਤ – ਬਰਾਦਰੀ ਤੋਂ ਉਤੇ ਉਠਕੇ ਔਰਤਾਂ ਅਤੇ ਪਿਛੜਿਆਂ ਅਤੇ ਦਲਿਤਾਂ ਪ੍ਰਤੀ ਆਪਣਾ ਨਜਰੀਆਂ ਬਦਲਨਾ ਪਵੇਗਾ| ਇੱਕ ਪਾਸੇ ਲੜਕੀਆਂ ਅਕਾਸ਼ ਨੂੰ ਛੂਹ ਰਹੀਆਂ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ ਹੈ| ਉਪਰੋਕਤ ਗੱਲ ਹਰਿਆਣਾ ਦੇ ਕਮਜੋਰ ਪੱਖ ਨੂੰ ਦਰਸਾਉਂਦੀ ਹੈ| ਹਰਿਆਣਾ ਨਾਲ ਪਿਆਰ ਕਰਨ ਵਾਲੇ ਅਤੇ ਹਰਿਆਣਾ ਦੇ ਬੁੱਧੀਜੀਵੀਆਂ ਅਤੇ ਸਿਆਸਤਦਾਨਾਂ ਨੂੰ ਵੀ ਆਤਮਚਿੰਤਨ ਕਰਕੇ ਪ੍ਰਦੇਸ਼ ਦੇ ਕਮਜੋਰ ਪੱਖ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ| ਇਰਵਿਨ ਖੰਨਾ

Leave a Reply

Your email address will not be published. Required fields are marked *