ਮਹਿੰਗਾਈ ਤੇ ਕਾਬੂ ਕਰਨ ਲਈ ਪਰਚੂਨ ਵਪਾਰੀਆਂ ਦੀ ਮੁਨਾਫਾਖੋਰੀ ਤੇ ਕਾਬੂ ਕੀਤਾ ਜਾਣਾ ਜਰੂਰੀ

ਇੱਕ ਪਾਸੇ ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਨ ਸਰਕਾਰ ਵਲੋਂ ਪਿਛਲੇ ਛੇ ਮਹੀਨਿਆਂ ਦੌਰਾਨ ਲਗਾਏ ਗਏ ਲਾਕ ਡਾਊਨ ਨੇ ਆਮ ਲੋਕਾਂ ਦੀ ਆਰਥਿਕ ਹਾਲਤ ਪਤਲੀ ਕਰਕੇ ਰੱਖ ਦਿੱਤੀ ਹੈ ਅਤੇ ਦੂਜੇ ਪਾਸੇ ਲਗਾਤਾਰ ਵੱਧਦੀ ਮਹਿੰਗਾਈ ਨੇ ਆਮ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਲਿਆ ਦਿੱਤੀ ਹੈ| ਲੋਕਾਂ ਦੀ ਰੋਜਾਨਾ ਵਰਤੋਂ ਦਾ ਜਰੂਰੀ ਸਾਮਾਨ ਕਾਫੀ ਮਹਿੰਗਾ ਹੋ ਗਿਆ ਹੈ ਅਤੇ ਇਸ ਕਾਰਨ ਲੋਕਾਂ ਲਈ ਆਪਣਾ ਘਰ ਚਲਾਉਣਾ ਬਹੁਤ ਔਖਾ ਹੋ ਗਿਆ ਹੈ| ਕੋਰੋਨਾ ਦੀ ਮਹਾਮਾਰੀ ਦੇ ਇਸ ਦੌਰ ਵਿੱਚ ਲੋਕਾਂ ਨੇ ਆਪਣੀਆਂ ਲੋੜਾਂ ਵੀ ਸੀਮਿਤ ਕਰ ਲਈਆਂ ਹਨ ਪਰੰਤੂ ਦਵਾਈਆਂ, ਰਾਸ਼ਨ, ਸਬਜੀਆਂ ਅਤੇ ਫਲ ਅਤੇ ਦੁੱਧ ਆਦਿ ਸਾਮਾਨ ਤਾਂ ਉਸਨੇ ਹਰ ਹਾਲ ਵਿੱਚ ਲੈਣਾ ਹੀ ਹੁੰਦਾ ਹੈ ਅਤੇ ਹਾਲਾਤ ਇਹ ਹਨ ਕਿ ਪਿਛਲੇ ਚਾਰ ਪੰਜ ਮਹੀਨਿਆਂ ਦੌਰਾਨ ਫਲ, ਸਬਜੀਆਂ, ਰਾਸ਼ਨ ਦਵਾਈਆਂ ਅਤੇ ਡੇਅਰੀ ਦਾ ਸਾਮਾਨ ਪਹਿਲਾਂ ਦੇ ਮੁਕਾਬਲੇ 10 ਤੋਂ 15 ਫੀਸਦੀ ਤਕ ਮਹਿੰਗਾ ਹੋ ਚੁੱਕਿਆ ਹੈ| ਮਹਿੰਗਾਈ ਤੇ ਕਾਬੂ ਕਰਨ ਦੇ ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਭਾਰੀ ਸਮੱਸਿਆ ਸਹਿਣੀ ਪੈ ਰਹੀ ਹੈ| 
ਮਹਿੰਗਾਈ ਉਂਝ ਵੀ ਸਾਡੇ ਦੇਸ਼ ਦੀ ਸਭਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਕੇਂਦਰ ਦੀ ਸੱਤਾ ਤੇ ਕਾਬਿਜ ਮੋਦੀ ਸਰਕਾਰ ਵਲੋਂ ਕੀਤੇ ਜਾਂਦੇ ਲੱਖ ਦਾਅਵਿਆਂ ਦੇ ਬਾਵਜੂਦ ਇਹ ਲਗਾਤਾਰ ਵੱਧਦੀ ਹੀ ਰਹੀ ਹੈ| ਸਰਕਾਰ ਵਲੋਂ ਮਹਿੰਗਾਈ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਰਹੇ ਹਨ ਪਰੰਤੂ ਆਮ ਆਦਮੀ ਨੂੰ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਵਿੱਚ ਹੋਈ ਕਟੌਤੀ ਕਿਤੇ ਨਜਰ ਨਹੀਂ ਆਉਂਦੀ ਅਤੇ ਉਹ ਵਿਚਾਰਾ ਲਗਾਤਾਰ ਵੱਧਦੀ ਇਸ ਮਹਿੰਗਾਈ ਦੀ ਮਾਰ ਵਿੱਚ ਪਿਸਣ ਲਈ ਮਜਬੂਰ ਹੁੰਦਾ ਰਹਿੰਦਾ ਹੈ| ਕੇਂਦਰ ਸਰਕਾਰ ਦੇ ਦਾਅਵਿਆਂ ਵਿੱਚ ਦੇਸ਼ ਦੀ ਮਹਿੰਗਾਈ ਦਰ ਦਾ ਅੰਕੜਾ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਕਾਫੀ ਹੇਠਾਂ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਮਹਿੰਗਾਈ ਦਰ ਵਿਚਲੀ ਇਹ ਕਟੌਤੀ ਸਿਰਫ ਅਕੰੜਿਆਂ ਤੱਕ ਹੀ ਸੀਮਿਤ ਹੈ ਜਿਹੜੀ ਆਮ ਲੋਕਾਂ ਨੂੰ ਕਿਤੇ ਨਜਰ ਨਹੀਂ ਆਉਂਦੀ|
ਸਰਕਾਰ ਵਲੋਂ ਮਹਿੰਗਾਈ ਤੇ ਕਾਬੂ ਕਰਨ ਦੇ ਨਾਮ ਤੇ ਜਿਹੜੀ ਕਾਰਵਾਈ ਕੀਤੀ ਵੀ ਜਾਂਦੀ ਹੈ ਉਹ ਵੀ ਥੋਕ ਬਾਜਾਰ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਖੁਦਰਾ ਬਾਜਾਰ ਵਿੱਚ ਵਿਕਣ ਵਾਲੇ ਸਾਮਾਨ ਦੀ ਕੀਮਤ ਤੈਅ ਕਰਨ ਲਈ ਸਰਕਾਰ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ, ਜਦੋਂਕਿ ਆਮ ਲੋਕਾਂ ਨੇ ਤਾਂ ਖੁਦਰਾ ਬਾਜਾਰ ਤੋਂ ਹੀ ਖਰੀਦਦਾਰੀ ਕਰਨੀ ਹੁੰਦੀ ਹੈ| ਖੁਦਰਾ ਬਾਜਾਰ ਦੇ ਦੁਕਾਨਦਾਰ ਥੋਕ ਬਾਜਾਰ ਵਿੱਚ ਕੀਮਤ ਘੱਟ ਹੋਣ ਦੇ ਬਾਵਜੂਦ ਆਪਣਾ ਮੁਨਾਫਾ ਵਧਾਉਣ ਦੇ ਲਾਲਚ ਵਿੱਚ ਕੀਮਤਾਂ ਵਿੱਚ ਲੋੜੀਂਦੀ ਕਟੌਤੀ ਨਹੀਂ ਕਰਦੇ ਅਤੇ ਜੇਕਰ ਸਰਕਾਰ ਦੇ ਅੰਕੜਿਆਂ ਅਨੁਸਾਰ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ ਕੁੱਝ ਕਮੀ ਆਉਂਦੀ ਵੀ ਹੈ ਤਾਂ ਵੀ ਪਰਚੂਨ ਦੁਕਾਨਦਾਰਾਂ ਵਲੋਂ ਇਹਨਾਂ ਵਸਤੂਆਂ ਦੇ ਦਾਮ ਨਹੀਂ ਘਟਾਏ ਜਾਂਦੇ ਅਤੇ ਆਮ ਲੋਕਾ ਨੂੰ ਕੋਈ ਰਾਹਤ ਨਹੀਂ ਮਿਲਦੀ|
ਮਹਿੰਗਾਈ ਵਿੱਚ ਹੁੰਦੇ ਇਸ ਲਗਾਤਾਰ ਵਾਧੇ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਖੁਦਰਾ ਬਾਜਾਰ ਦੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਲਗਾਮ ਲਗਾਏ| ਇਸ ਸੰਬੰਧੀ ਰਾਜ ਸਰਕਾਰ ਵਲੋਂ ਪਰਚੂਨ ਦੁਕਾਨਦਾਰਾਂ ਦਾ ਮੁਨਾਫਾ ਤੈਅ ਕੀਤਾ ਜਾਣਾ ਚਾਹੀਦਾ ਹੈ ਅਤੇ ਉਸਦੇ ਅਨੁਸਾਰ ਹਰ ਤਰ੍ਹਾਂ ਦੇ ਸਾਮਾਨ ਦੀਆਂ ਖੁਦਰਾ ਕੀਮਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਖੁਦਰਾ ਦੁਕਾਨਦਾਰ ਸਮਾਨ ਦੀ ਕੀਮਤ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ| ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਜਨਤਾ ਨੂੰ ਰਿਆਇਤੀ ਕੀਮਤ ਤੇ ਜਰੂਰੀ ਵਸਤੂਆਂ ਮੁਹਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਸੁਪਰ ਬਾਜਾਰ ਵਾਂਗ ਵਿਸ਼ੇਸ਼ ਦੁਕਾਨਾਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ| ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਤਾਂ ਹੀ ਹਾਸਿਲ ਹੋਵੇਗੀ ਜੇਕਰ ਉਹਨਾਂ ਦੀ ਰੋਜਾਨਾ ਲੋੜ ਦੇ ਜਰੂਰੀ ਸਾਮਾਨ ਦੀ ਕੀਮਤ ਘੱਟ ਹੋਵੇਗੀ ਅਤੇ ਉਹ ਸਸਤੀ ਕੀਮਤ ਤੇ ਸਮਾਨ ਖਰੀਦ ਸਕਣਗੇ, ਇਸ ਲਈ ਸਰਕਾਰ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *