ਮਹਿੰਗਾਈ ਨੂੰ ਨੱਥ ਪਾਉਣ ਵਿੱਚ ਨਾਕਾਮ ਹੋਈ ਕੇਂਦਰ ਸਰਕਾਰ

ਭਾਰਤ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਗਈ ਹੈ| ਮਹਿੰਗਾਈ ਅਤੇ ਹੋਰ ਮੁੱਦਿਆਂ ਉਪਰ ਮੋਦੀ ਸਰਕਾਰ ਦੀ ਪੂਰੀ ਤਰ੍ਹਾਂ ਅਸਫਲਤਾ ਵੇਖ ਕੇ ਆਮ ਭਾਰਤ ਵਾਸੀ ਹੁਣ ਇਹ ਸੋਚਣ ਲੱਗ ਪਏ ਹਨ ਕਿ ਭਾਰਤ ਵਿੱਚ ਜਦੋਂ ਸ੍ਰ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਰਾਜ ਸੀ ਤਾਂ ਉਸ ਸਮੇਂ ਭਾਜਪਾ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਪੂਰੀ ਪਾਰਟੀ ਵਲੋਂ ਮਨਮੋਹਨ ਸਰਕਾਰ ਵਿਰੁੱਧ ਵੱਡਾ ਸੰਘਰਸ਼ ਹੀ ਛੇੜ ਦਿੱਤਾ ਸੀ ਪਰ ਹੁਣ ਭਾਰਤ ਵਿੱਚ ਖੁਦ ਭਾਜਪਾ ਦੀ ਹੀ ਸਰਕਾਰ ਹੈ ਪਰ ਇਹ ਸਰਕਾਰ ਤਾਂ ਮਹਿੰਗਾਈ ਅਤੇ ਹੋਰ ਮੁੱਦਿਆਂ ਉਪਰ ਮਨਮੋਹਨ ਸਰਕਾਰ ਨਾਲੋਂ ਵੀ ਵੱਧ ਅਸਫਲ ਸਾਬਤ ਹੋਈ ਹੈ| ਇਸ ਤਰ੍ਹਾਂ ਲੱਗਦਾ ਹੈ ਕਿ ਵਿਦੇਸ਼ ਯਾਤਰਾਵਾਂ ਵਿੱਚ ਰੁਝੇ ਹੋਏ ਪ੍ਰਧਾਨ ਮੰਤਰੀ ਮੋਦੀ ਦਾ ਭਾਰਤ ਦੀਆਂ ਕਾਰੋਬਾਰੀ ਸ਼ਕਤੀਆਂ ਉਪਰ ਕੋਈ ਕੰਟਰੋਲ ਹੀ ਨਾ ਹੋਵੇ| ਇਸੇ ਤਰ੍ਹਾਂ ਦੀ ਸਥਿਤੀ ਤੇਲ ਕੀਮਤਾਂ ਵਿੱਚ ਹੋ ਰਹੀ ਹੈ, ਹਰ ਦਿਨ ਵਾਂਗ ਹੀ ਭਾਰਤ ਵਿੱਚ ਤੇਲ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਪਰ ਮੋਦੀ ਸਰਕਾਰ ਇਸ ਪਾਸੇ ਅੱਖਾਂ ਮੀਚ ਕੇ ਬੈਠੀ ਹੈ ਅਤੇ ਪ੍ਰਧਾਨ ਮੰਤਰੀ ਦਾ ਸਾਰਾ ਧਿਆਨ ਵਿਦੇਸ਼ ਯਾਤਰਾਵਾਂ ਕਰਨ ਅਤੇ ਰਾਹੁਲ ਤੇ ਸੋਨੀਆਂ ਗਾਂਧੀ ਸਮੇਤ ਮਨਮੋਹਨ ਸਿੰਘ ਦੀ ਨਿੰਦਾ ਕਰਨ ਵੱਲ ਹੀ ਵਧੇਰੇ ਹੈ| ਇਸ ਤਰ੍ਹਾਂ ਭਾਰਤ ਵਿੱਚ ਕੇਂਦਰ ਸਰਕਾਰ ਦੀ ਸਰਗਰਮੀ ਨਾ ਹੋਣ ਕਾਰਨ ਮਹਿੰਗਾਈ ਛੜਪੇ ਮਾਰ ਕੇ ਹਰ ਦਿਨ ਹੀ ਵੱਧਦੀ ਜਾ ਰਹੀ ਹੈ|
ਭਾਰਤ ਵਿੱਚ ਇਸ ਸਮੇਂ ਸਥਿਤੀ ਇਹ ਬਣੀ ਹੋਈ ਹੈ ਕਿ ਭਾਰਤ ਦੀ ਮੋਦੀ ਸਰਕਾਰ ਅਤੇ ਵੱਖ- ਵੱਖ ਸੂਬਿਆਂ ਦੀਆਂ ਸਰਕਾਰਾਂ ਦੇਸ਼ ਦੇ ਬਾਜ਼ਾਰਾਂ ਉਪਰ ਕਾਬਜ ਕਾਰੋਬਾਰੀ ਮਾਫੀਆ ਗਿਰੋਹਾਂ ਅੱਗੇ ਹਥਿਆਰ ਹੀ ਸੁੱਟ ਕੇ ਬੈਠੀਆਂ ਹਨ| ਕੇਂਦਰ ਸਰਕਾਰ ਦੀ ਹਰ ਫਰੰਟ ਉਪਰ ਹੀ ਅਸਫਲਤਾ ਕਾਰਨ ਭਾਰਤ ਵਿੱਚ ਅੱਜ ਸਬਜੀਆਂ ਤੋਂ ਲੈ ਕੇ ਖਾਣ ਪੀਣ ਦਾ ਹਰ ਸਮਾਨ ਵੀ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਹੁਣ ਆਪਣੀ ਰੋਜੀ ਰੋਟੀ ਦਾ ਮਸਲਾ ਹੀ ਖੜਾ ਹੋ ਗਿਆ ਹੈ|
ਇਸ ਅਧਿਐਨ ਅਨੁਸਾਰ ਭਾਰਤ ਵਿੱਚ ਮਹਿੰਗਾਈ ਪਿਛਲੇ ਚਾਰ ਸਾਲਾਂ ਦੇ ਆਪਣੇ ਸਭ ਤੋਂ ਉਪਰਲੇ ਪੱਧਰ ਨੂੰ ਵੀ ਪਾਰ ਕਰ ਗਈ ਹੈ| ਇਸ ਤੋਂ ਇਲਾਵਾ ਲੋਕਾਂ ਦੀ ਜਰੂਰੀ ਲੋੜ ਕਪੜੇ ਅਤੇ ਮਕਾਨ ਬਣਾਉਣ ਦਾ ਸਮਾਨ ਵੀ ਇੰਨੇ ਮਹਿੰਗੇ ਹੋ ਗਏ ਹਨ ਕਿ ਹੁਣ ਆਮ ਆਦਮੀ ਲਈ ਆਪਣਾ ਘਰ ਬਣਾਉਣਾ ਇਕ ਸੁਪਨਾ ਹੀ ਹੋ ਗਿਆ ਹੈ| ਨਵੇਂ ਕਪੜੇ ਬਹੁਤ ਹੀ ਜਿਆਦਾ ਮਹਿੰਗੇ ਹੋ ਜਾਣ ਕਾਰਨ ਵੱਡੀ ਗਿਣਤੀ ਭਾਰਤ ਵਾਸੀ ਸੈਕਿੰਡ ਹੈਂਡ ਕਪੜਿਆਂ ਨੂੰ ਖਰੀਦ ਕੇ ਪਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ| ਖਾਣ ਪੀਣ ਦਾ ਸਮਾਨ ਮਹਿੰਗਾ ਹੋਣ ਕਾਰਨ ਲੋਕਾਂ ਦੀ ਰਸੋਈ ਤਾਂ ਖਾਲੀ ਹੀ ਹੋਈ ਹੈ ਸਗੋਂ ਲੋਕਾਂ ਵਲੋਂ ਕੀਮਤਾਂ ਵਿੱਚ ਵਾਧੇ ਕਾਰਨ ਹੁਣ ਬਹੁਤ ਘੱਟ ਸਮਾਨ ਖਰੀਦਿਆ ਜਾ ਰਿਹਾ ਹੈ, ਜਿਸ ਕਾਰਨ ਛੋਟੇ ਦੁਕਾਨਦਾਰਾਂ ਅਤੇ ਸਬਜੀਆਂ ਆਦਿ ਵੇਚਣ ਵਾਲਿਆਂ ਨੂੰ ਵੀ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ| ਕੀਮਤਾਂ ਵਿੱਚ ਵਾਧੇ ਕਾਰਨ ਲੋਕਾਂ ਵਲੋਂ ਹੁਣ ਖਰੀਦਦਾਰੀ ਸੀਮਿਤ ਕੀਤੀ ਜਾਂਦੀ ਹੈ, ਜਿਸ ਕਾਰਨ ਤਿਉਹਾਰਾਂ ਮੌਕੇ ਵੀ ਬਾਜਾਰ ਸੁੰਨੇ ਸੁੰਨੇ ਲੱਗਦੇ ਹਨ, ਬਾਜਾਰਾਂ ਵਿੱਚ ਸਿਰਫ ਘੁੰਮਣ ਫਿਰਨ ਵਾਲੇ ਲੋਕ ਹੀ ਜਿਆਦਾ ਜਾਂਦੇ ਹਨ ਅਤੇ ਸਮਾਨ ਖਰੀਦਣ ਵਾਲੇ ਘੱਟ ਜਾਂਦੇ ਹਨ| ਜਿਸ ਕਾਰਨ ਦੁਕਾਨਦਾਰਾਂ ਨੂੰ ਅ ਾਪਣੇ ਖਰਚੇ ਕਢਣੇ ਵੀ ਮੁਸ਼ਕਿਲ ਹੋ ਗਏ ਹਨ|
ਆਮ ਭਾਰਤ ਵਾਸੀਆਂ ਵਿੱਚ ਇਹ ਧਾਰਨਾ ਪਾਈ ਜਾ ਰਹੀ ਹੈ, ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਦੇ ਵੱਡੇ ਕਾਰੋਬਾਰੀ ਅਦਾਰਿਆਂ ਨੇ ਭਾਜਪਾ ਪਾਰਟੀ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਸੀ, ਉਸ ਸਮੇਂ ਟੀ ਵੀ ਚੈਨਲਾਂ ਉਪਰ ਅਤੇ ਅਖਬਾਰਾਂ ਵਿੱਚ ਭਾਜਪਾ ਵਲੋਂ ਜੋ ਵੱਡੇ ਵੱਡੇ ਇਸ਼ਤਿਹਾਰ ਜਾਰੀ ਕੀਤੇ ਗਏ, ਉਹਨਾਂ ਦਾ ਖਰਚਾ ਵੀ ਵੱਡੀਆਂ ਕਾਰੋਬਾਰੀ ਕੰਪਨੀਆਂ ਵਲੋਂ ਕੀਤਾ ਗਿਆ ਦਸਿਆ ਜਾਂਦਾ ਹੈ| ਇਹ ਹੀ ਕਾਰਨ ਹੈ ਕਿ ਭਾਰਤ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਭਾਜਪਾ ਸਰਕਾਰ ਵਲੋਂ ਇਹਨਾਂ ਕਾਰੋਬਾਰੀ ਕੰਪਨੀਆਂ ਨੂੰ ਪੂਰੀ ਤਰ੍ਹਾਂ ਮਨਮਰਜੀ ਕਰਨ ਦੀ ਖੁੱਲ ਦਿੱਤੀ ਗਈ ਹੈ ਅਤੇ ਇਹਨਾਂ ਕਾਰੋਬਾਰੀ ਅਦਾਰਿਆਂ ਨੇ ਆਪਣੇ ਹਰ ਤਰ੍ਹਾਂ ਦੇ ਸਮਾਨ ਦੀਆਂ ਕੀਮਤਾਂ ਪਹਿਲਾਂ ਨਾਲੋਂ ਤਿੰਨ ਚਾਰ ਗੁਣਾ ਵਧਾ ਦਿੱਤੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ|
ਮਨਮੋਹਨ ਸਿੰਘ ਸਰਕਾਰ ਵੇਲੇ ਜਿਹੜੀਆਂ ਦਵਾਈਆਂ ਦਾ ਇੱਕ ਪੱਤਾ ਸਿਰਫ 50 ਰੁਪਏ ਦਾ ਆ ਜਾਂਦਾ ਸੀ, ਹੁਣ ਉਸੇ ਕੰਪਨੀਆਂ ਦੀਆਂ ਉਹਨਾਂ ਹੀ ਦਵਾਈਆਂ ਦੀ ਕੀਮਤ ਕਈ ਗੁਣਾਂ ਵੱਧ ਜਾਣ ਕਰਕੇ ਉਹਨਾਂ ਹੀ ਦਵਾਈਆਂ ਦਾ ਇੱਕ ਪੱਤਾ 200 ਰੁਪਏ ਦਾ ਮਿਲ ਰਿਹਾ ਹੈ, ਉਸ ਪਤੇ ਦੇ ਵੀ ਅਸਲੀ ਨਕਲੀ ਹੋਣ ਦਾ ਪਤਾ ਨਹੀਂ ਚਲਦਾ| ਇਹੋ ਕੁੱਝ ਹੀ ਭਾਰਤ ਵਿੱਚ ਵਿਕ ਰਹੇ ਹੋਰ ਸਮਾਨ ਦੇ ਮਾਮਲੇ ਵਿੱਚ ਵੀ ਹੋ ਰਿਹਾ ਹੈ| ਇਸ ਤਰ੍ਹਾਂ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਮੋਦੀ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ|
ਚਾਹੀਦਾ ਤਾਂ ਇਹ ਹੈ ਕਿ ਵੱਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਮੋਦੀ ਸਰਕਾਰ ਠੋਸ ਉਪਰਾਲੇ ਕਰੇ ਨਹੀਂ ਤਾਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਹੀ ਆ ਗਈਆਂ ਹਨ ਅਤੇ ਲੋਕ ਆਪਣਾ ਜਵਾਬ ਦੇਣ ਨੂੰ ਤਿਆਰ ਬੈਠੇ ਹਨ|

Leave a Reply

Your email address will not be published. Required fields are marked *