ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ

ਬਠਿੰਡਾ, 7 ਅਗਸਤ (ਸਿਵੀਆਂ) ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਦਾ ਹਫਤਾ ਲੋਕਾਂ ਨੂੰ ਜਾਗਰੂਕ ਕਰਕੇ ਮਨਾਇਆ ਗਿਆ|
ਬਲਾਕ ਹੈਲਥ ਐਜੁਕੇਟਰ ਸਾਹਿਲ ਪੁਰੀ ਅਤੇ ਹੈਲਥ ਸੁਪਰਵਾਈਜ਼ਰ ਪਰਮਜੀਤ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਅਤੇ ਸੀਨੀਅਰ ਮੈਡੀਕਲ ਅਫਸਰ ਸੰਗਤ ਦੀ ਅਗਵਾਈ ਹੇਠ ਪਥਰਾਲਾ ਸਬ ਸੈਂਟਰ ਵਿਖੇ ਨਵ ਜਨਮੇ ਬੱਚੇ ਅਤੇ ਛੋਟੇ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ| ਇਸ ਮੌਕੇ ਉਹਨਾਂ ਦੱਸਿਆ ਕਿ ਬੱਚੇ ਦੇ ਜਨਮ ਲੈਣ ਦੇ ਤੁਰੰਤ ਬਾਅਦ ਉਸ ਨੂੰ ਮਾਂ ਦਾ ਦੁੱਧ ਪਿਲਾਇਆ ਜਾਣਾ ਚਾਹੀਦਾ ਹੈ ਜੋ ਕੁਦਰਤ ਵੱਲੋਂ ਬੱਚੇ ਦਾ ਪਹਿਲਾ ਟੀਕਾਕਰਨ ਹੈ ਜੋ ਕਿ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ| 
ਇਸ ਮੌਕੇ ਹੈਲਥ ਵਰਕਰ ਪਰਮਿੰਦਰ ਕੌਰ, ਰਾਜਵਿੰਦਰ ਕੌਰ ਅਤੇ ਰਮਨਦੀਪ ਸਿੰਘ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਵਰਗਾ ਹੈ ਅਤੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਉਸਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ| ਜੋ ਮਾਵਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ ਉਨ੍ਹਾਂ ਵਿੱਚ ਛਾਤੀ ਦੇ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ| ਇਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਨੂੰ ਲਾਭ ਮਿਲਦਾ ਹੈ| ਇਸ ਦੌਰਾਨ ਸਮੂਹ ਪਿੰਡ ਪਥਰਾਲਾ ਦੇ ਆਸ਼ਾ ਵਰਕਰ ਤੇ ਹੋਰ ਸਟਾਫ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *