ਮਾਈਕ ਪੋਂਪਿਓ ਨੇ ਅਮਰੀਕਾ ਦੇ 70ਵੇਂ ਵਿਦੇਸ਼ ਮੰਤਰੀ ਦੇ ਰੂਪ ਵਿੱਚ ਚੁੱਕੀ ਸਹੁੰ

ਵਾਸ਼ਿੰਗਟਨ, 27 ਅਪ੍ਰੈਲ (ਸ.ਬ.) ਮਾਈਕ ਪੋਂਪਿਓ ਨੇ ਅੱਜ ਅਮਰੀਕਾ ਦੇ 70ਵੇਂ ਵਿਦੇਸ਼ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ| ਇਸ ਤੋਂ ਪਹਿਲਾਂ ਅਮਰੀਕੀ ਸੀਨੇਟ ਨੇ ਉਨ੍ਹਾਂ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੱਤੀ ਸੀ| ਸਹੁੰ ਚੁੱਕਣ ਸਮਾਰੋਹ ਤੋਂ ਤੁਰੰਤ ਬਾਅਦ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਘੋਸ਼ਣਾ ਕੀਤੀ ਕਿ ਪੋਂਪਿਓ 26 ਅਪ੍ਰੈਲ ਤੋਂ 30 ਅਪ੍ਰੈਲ ਤੱਕ ਬ੍ਰਸੇਲਸ, ਰਿਆਦ, ਯੇਰੂਸ਼ਲਮ ਅਤੇ ਅੱਮਾਨ ਦੀ ਯਾਤਰਾ ਕਰਨਗੇ| ਇਸ ਤੋਂ ਪਹਿਲਾਂ ਸੀਨੇਟ ਨੇ ਸਾਬਕਾ ਸੀ.ਆਈ.ਏ ਨਿਦੇਸ਼ਕ ਪੋਂਪਿਓ ਦੇ ਨਾਂ ਦੀ 42 ਦੇ ਮੁਕਾਬਲੇ 57 ਵੋਟਾਂ ਨਾਲ ਪੁਸ਼ਟੀ ਕੀਤੀ|
ਉਨ੍ਹਾਂ ਨੇ ਰੈਕਸ ਟਿਲਰਸਨ ਦੀ ਜਗ੍ਹਾ ਲਈ, ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ ਬਰਖਾਸਤ ਕਰ ਦਿੱਤਾ ਸੀ| ਵਿਦੇਸ਼ ਵਿਭਾਗ ਦੀ ਬੁਲਾਰਨ ਹੀਥਰ ਨੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਸੈਮੁਅਲ ਅਲਿਤੋ ਨੇ ਅਦਾਲਤ ਦੇ ਵੈਸਟ ਕਾਨਫਰੰਸ ਰੂਮ ਵਿਚ ਮਾਈਕ ਪੋਂਪਿਓ ਨੂੰ ਵਿਦੇਸ਼ ਮੰਤਰੀ ਅਹੁਦੇ ਦੀ ਸਹੁੰ ਚੁਕਾਈ| ਟਰੰਪ ਨੇ ਪੋਂਪਿਓ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਤੀਭਾਵਾਨ, ਊਰਜਾਵਾਨ ਅਤੇ ਬੁੱਧੀਮਾਨ ਮਾਈਕ ਵਰਗਾ ਦੇਸ਼ ਭਗਤ ਵਿਅਕਤੀ ਜੇਕਰ ਵਿਦੇਸ਼ ਵਿਭਾਗ ਦੀ ਅਗਵਾਈ ਕਰਦਾ ਹੈ ਤਾਂ ਇਹ ਇਤਿਹਾਸ ਵਿਚ ਇਸ ਮਹੱਤਵਪੂਰਨ ਸਮੇਂ ਵਿਚ ਸਾਡੇ ਦੇਸ਼ ਲਈ ਅਵਿਸ਼ਵਾਸਯੋਗ ਸੰਪਤੀ ਹੋਵੇਗੀ| ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਅਮਰੀਕਾ ਦੇ ਹਿੱਤਾਂ ਨੂੰ ਅੱਗੇ ਰੱਖਣਗੇ| ਮੈਨੂੰ ਉਨ੍ਹਾਂ ਤੇ ਭਰੋਸਾ ਹੈ| ਮੇਰਾ ਸਮਰਥਨ ਉਨ੍ਹਾਂ ਦੇ ਨਾਲ ਹੈ| ਅੱਜ ਅਮਰੀਕਾ ਦਾ 70ਵਾਂ ਵਿਦੇਸ਼ ਮੰਤਰੀ ਬਣਨ ਤੇ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ| ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਵੀ ਟਵੀਟ ਕਰ ਕੇ ਪੋਂਪਿਓ ਨੂੰ ਵਧਾਈ ਦਿੱਤੀ|

Leave a Reply

Your email address will not be published. Required fields are marked *