ਮਾਈਨਿੰਗ ਮਾਫੀਆ ਨੂੰ ਨੱਥ ਪਾਏ ਸਰਕਾਰ

ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਵੋਟਰਾਂ ਨਾਲ ਵਾਇਦਾ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਰੇਤਾ ਬਜਰੀ ਦੀ ਨਾਜਾਇਜ਼ ਮਾਈਨਿੰਗ ਅਤੇ ਕਾਲਾਬਾਜ਼ਾਰੀ ਬੰਦ ਕਰਵਾ ਦਿੱਤੀ ਜਾਵੇਗੀ ਅਤੇ ਰੇਤਾ ਬਜਰੀ ਹਰ ਇਨਸਾਨ ਨੂੰ ਸਸਤੀ ਕੀਮਤ ਤੇ ਮੁਹਈਆ ਕਰਵਾਇਆ ਜਾਵੇਗਾ ਪਰੰਤੂ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਹੋਰਨਾਂ ਵਾਇਦਿਆਂ ਵਾਂਗ ਕਾਂਗਰਸ ਸਰਕਾਰ ਦਾ ਇਹ ਵਾਇਦਾ (ਜਾਂ ਦਾਅਵਾ) ਵੀ ਹਵਾ ਹਵਾਈ ਹੀ ਸਾਬਿਤ ਹੋਇਆ ਹੈ| ਹਾਲਾਤ ਇਹ ਹਨ ਕਿ ਕਾਂਗਰਸ ਦੇ ਰਾਜ ਵਿੱਚ ਰੇਤਾ ਬਜਰੀ ਦੀ ਨਾਜਾਇਜ਼ ਮਾਈਨਿੰਗ ਬਹੁਤ ਹੀ ਵੱਡੇ ਪੱਧਰ ਉਪਰ ਵੱਧ ਗਈ ਹੈ ਅਤੇ ਹੁਣ ਮਾਈਨਿੰਗ ਮਾਫੀਆ ਵਲੋਂ ਸ਼ਰੇਆਮ ਗੁੰਡਾਗਰਦੀ ਕਰਨ ਦੀਆਂ ਘਟਨਾਵਾਂ ਨਿੱਤ ਸਾਮ੍ਹਣੇ ਆਉਂਦੀਆਂ ਹਨ|
ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਰੂਪ ਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਜਦੋਂ ਨੂਰਪੁਰ ਬੇਦੀ ਨੇੜੇ ਸਤਿਲੁਜ ਦਰਿਆ ਕਿਨਾਰੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਗਏ ਸਨ ਤਾਂ ਮਾਈਨਿੰਗ ਮਾਫੀਆ ਨੇ ਵਿਧਾਇਕ ਸੰਦੋਆ, ਉਹਨਾਂ ਦੇ ਪੀ ਏ ਅਤੇ ਗੰਨਮੈਨ ਦੀ ਭਾਰੀ ਕੁਟਮਾਰ ਕਰਕੇ ਉਹਨਾਂ ਨੂੰ ਜਖਮੀ ਕਰ ਦਿੱਤਾ ਸੀ ਅਤੇ ਉਹਨਾਂ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ ਸੀ| ਇਸ ਮੌਕੇ ਪੱਤਰਕਾਰਾਂ ਤੋਂ ਕੈਮਰੇ ਖੋਹਣ ਦਾ ਯਤਨ ਵੀ ਕੀਤਾ ਗਿਆ ਸੀ ਜਿਸ ਨਾਲ ਪਤਾ ਲੱਗਦਾ ਹੈ ਕਿ ਮਾਈਨਿੰਗ ਮਾਫੀਆ ਦੇ ਹੌਂਸਲੇ ਕਿਸ ਕਦਰ ਬੁਲੰਦ ਹਨ|
ਅਸਲੀਅਤ ਇਹ ਹੈ ਕਿ ਕਾਂਗਰਸ ਦੇ ਰਾਜ ਵਿੱਚ ਰੇਤਾ ਬਜਰੀ ਦੀ ਕਾਲਾ ਬਾਜਾਰੀ ਅਤੇ ਨਾਜਾਇਜ਼ ਮਾਈਨਿੰਗ ਪਹਿਲਾਂ ਤੋਂ ਵੀ ਵੱਧ ਗਈ ਹੈ, ਜਿਸ ਕਾਰਨ ਆਮ ਆਦਮੀ ਲਈ ਆਪਣਾ ਘਰ ਬਣਾਉਣਾ ਮੁਸ਼ਕਿਲ ਹੋ ਗਿਆ ਹੈ| ਲੋਕ ਹੁਣ ਕਹਿਣ ਲੱਗ ਪਏ ਹਨ ਕਿ ਇਸ ਤੋਂ ਤਾਂ ਅਕਾਲੀ ਸਰਕਾਰ ਹੀ ਬਿਹਤਰ ਸੀ ਜਦੋਂ ਰੇਤਾ ਬਜਰੀ ਆਸਾਨੀ ਨਾਲ ਮਿਲ ਤਾਂ ਜਾਂਦੇ ਸਨ ਪਰ ਹੁਣ ਕਾਂਗਰਸ ਦੇ ਰਾਜ ਵਿੱਚ ਰੇਤਾ ਬਜਰੀ ਮਿਲਦਾ ਵੀ ਬਹੁਤ ਮੁਸ਼ਕਿਲ ਨਾਲ ਹੈ ਅਤੇ ਰੇਤੇ ਬਜਰੀ ਦੀ ਕਾਲਾਬਾਜਾਰੀ ਹੋਣ ਦੇ ਨਾਲ ਹੀ ਇਹਨਾਂ ਦੀ ਨਾਜਾਇਜ਼ ਮਾਈਨਿੰਗ ਵੀ ਸੱਤਾਧਾਰੀ ਆਗੂਆਂ ਦੇ ਨੇੜਲੇ ਬੰਦਿਆਂ ਵੱਲੋਂ ਹੀ (ਸ਼ਰੇਆਮ) ਕੀਤੀ ਜਾਂਦੀ ਹੈ| ਇਸ ਨਾਜਾਇਜ਼ ਮਾਈਨਿੰਗ ਨੂੰ ਰੋਕਣ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਚੋਣਾਂ ਸਮੇਂ ਕਾਂਗਰਸ ਵਲੋਂ ਕੀਤਾ ਗਿਆ ਰੇਤਾ ਬਜਰੀ ਦੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਨ ਦਾ ਵਾਇਦਾ ਪੂਰਾ ਹੋਣ ਦੀ ਹੁਣ ਆਸ ਵੀ ਮੁੱਕ ਗਈ ਹੈ|
ਕੁਝ ਦਿਨ ਪਹਿਲਾਂ ਮੁਹਾਲੀ ਜਿਲ੍ਹੇ ਦੇ ਪਿੰਡ ਸਿਉਂਕ ਵਿੱਚ ਰੇਤੇ ਦੀ ਨਾਜਾਇਜ਼ ਮਾਈਨਿੰਗ ਦੀ ਜਾਂਚ ਕਰਨ ਗਈ ਜੰਗਲਾਤ ਵਿਭਾਗ ਦੀ ਟੀਮ ਉਪਰ ਵੀ ਮਾਈਨਿੰਗ ਮਾਫੀਆ ਨੇ ਹਮਲਾ ਕਰ ਦਿੱਤਾ ਸੀ| ਇਸ ਤੋਂ ਪਹਿਲਾਂ ਵੀ ਮਾਈਨਿੰਗ ਮਾਫੀਆਂ ਵਲੋਂ ਮਾਈਨਿੰਗ ਦਾ ਵਿਰੋਧ ਕਰਨ ਵਾਲਿਆਂ ਉਪਰ ਹਮਲਾ ਕਰਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ| ਭਾਵੇਂ ਸਰਕਾਰ ਵਲੋਂ ਵਿਧਾਇਕ ਅਮਰਜੀਤ ਸਿੰਘ ਉਪਰ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਪਰ ਇਹ ਇਕ ਹਕੀਕਤ ਹੈ ਕਿ ਕੈਪਟਨ ਸਰਕਾਰ ਦੀ ਢਿਲੀ ਕਾਰਗੁਜਾਰੀ ਕਾਰਨ ਹੀ ਮਾਈਨਿੰਗ ਮਾਫੀਆ ਨੇ ਪੰਜਾਬ ਵਿੱਚ ਇੱਕ ਤਰ੍ਹਾਂ ਰਾਜ ਕਰਨਾ ਹੀ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਵਲੋਂ ਬਿਨਾ ਕਿਸੇ ਡਰ ਭੈਅ ਦੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ|
ਆਮ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਅਕਾਲੀ ਆਗੂਆਂ ਦੇ ਨੇੜਲੇ ਬੰਦਿਆਂ ਵਲੋਂ ਰੇਤੇ ਬਜਰੀ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਸੀ ਅਤੇ ਸਰਕਾਰ ਬਦਲਣ ਤੋਂ ਬਾਅਦ ਹੁਣ ਕਾਂਗਰਸੀ ਆਗੂਆਂ ਅਤੇ ਉਹਨਾਂ ਦੇ ਨੇੜਲੇ ਬੰਦਿਆਂ ਵਲੋਂ ਇਹ ਕਾਰੋਬਾਰ ਚਲਾਇਆ ਜਾ ਰਿਹਾ ਹੈ| ਹੋਰ ਤਾਂ ਹੋਰ ਇਸ ਮਾਮਲੇ ਵਿੱਚ ਕੈਪਟਨ ਸਰਕਾਰ ਦੇ ਮੰਤਰੀਆਂ ਦਾ ਨਾਮ ਵੀ ਬੋਲਣ ਲੱਗ ਪਿਆ ਹੈ ਅਤੇ ਇਹ ਕਥਿਤ ਸਰਕਾਰੀ ਸ਼ਹਿ ਕਾਰਨ ਹੀ ਮਾਈਨਿੰਗ ਮਾਫੀਆ ਦੇ ਹੌਂਸਲੇ ਬਹੁਤ ਵੱਧ ਗਏ ਹਨ|
ਜਿਹਨਾਂ ਇਲਾਕਿਆਂ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਉਥੋਂ ਦੇ ਵਸਨੀਕਾਂ ਨੂੰ ਵੀ ਸਭ ਕੁੱਝ ਪਤਾ ਹੁੰਦਾ ਹੈ ਪਰ ਉਹ ਡਰਦੇ ਮਾਰੇ ਬੋਲਦੇ ਨਹੀਂ ਕਿਉਂਕਿ ਮਾਈਨਿੰਗ ਮਾਫੀਆ ਦੀ ਦਹਿਸ਼ਤ ਬਹੁਤ ਵੱਧ ਹੈ| ਹੁਣ ਮਾਈਨਿੰਗ ਮਾਫੀਆਂ ਵਲੋ ਆਪ ਵਿਧਾਇਕ ਉਪਰ ਹਮਲਾ ਕਰਕੇ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਜਖਮੀ ਕਰਨ ਤੋਂ ਬਾਅਦ ਤਾਂ ਮਾਈਨਿੰਗ ਮਾਫੀਆ ਦੀ ਦਹਿਸ਼ਤ ਹੋਰ ਵੀ ਵੱਧ ਗਈ ਹੈ| ਪੰਜਾਬ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਮਾਈਨਿੰਗ ਮਾਫੀਆ ਵਿਰੁੱਧ ਸਖਤ ਕਾਰਵਾਈ ਕਰੇ ਕਿ ਉਹ ਵਿਧਾਇਕ ਉਪਰ ਹਮਲਾ ਕਰਨ ਵਾਲੇ ਗੁੰਡਾ ਅਨਸਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਜੇ ਪੰਜਾਬ ਵਿੱਚ ਵਿਧਾਇਕ ਹੀ ਸੁਰੱਖਿਅਤ ਨਹੀਂ ਰਹੇ ਤਾਂ ਆਮ ਲੋਕਾਂ ਤੇ ਜਿਹੜਾ ਸਵਾਲ ਖੜਾ ਹੁੰਦਾ ਹੈ| ਉਸ ਦਾ ਜਵਾਬ ਕੌਣ ਦੇਵੇਗਾ|

Leave a Reply

Your email address will not be published. Required fields are marked *