ਮਾਈਨਿੰਗ ਮਾਫੀਆ ਵਲੋਂ ਆਪ ਵਿਧਾਇਕ ਸੰਦੋਆ ਦੀ ਕੁੱਟਮਾਰ

ਮਾਈਨਿੰਗ ਮਾਫੀਆ ਵਲੋਂ ਆਪ ਵਿਧਾਇਕ ਸੰਦੋਆ ਦੀ ਕੁੱਟਮਾਰ
ਵਿਧਾਇਕ ਅਤੇ ਗੰਨਮੈਨ ਦੀਆਂ ਪੱਗਾਂ ਵੀ ਲਾਹੀਆਂ
ਨੂਰਪੁਰ ਬੇਦੀ, 21 ਜੂਨ (ਸ.ਬ.) ਬਲਾਕ ਨੂਰਪੁਰ ਬੇਦੀ ਦੇ ਬੇਈਹਾਰਾ ਇਲਾਕੇ ਵਿੱਚ ਸਤਲੁਜ ਦਰਿਆ ਦੇ ਨੇੜੇ ਮਾਈਨਿੰਗ ਮਾਫੀਆਂ ਵਲੋਂ ਆਮ ਆਦਮੀ ਪਾਰਟੀ ਦੇ ਰੂਪਨਗਰ (ਰੋਪੜ) ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਪਰ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ| ਇਸ ਮੌਕੇ ਵਿਧਾਇਕ ਸੰਦੋਆ ਦੇ ਪੀ ਏ ਅਤੇ ਬਾਡੀਗਾਰਡ ਦੀ ਵੀ ਮਾਈਨਿੰਗ ਮਾਫੀਆਂ ਵਲੋਂ ਕੁੱਟਮਾਰ ਕੀਤੀ ਗਈ ਅਤੇ ਵਿਧਾਇਕ ਸੰਦੋਆ ਸਮੇਤ ਉਹਨਾਂ ਦੇ ਬਾਡੀਗਾਰਡ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ ਗਈਆਂ|
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਸੰਦੋਆ ਸਤਲੁਜ ਦਰਿਆ ਨੇੜੇ ਨਾਜਾਇਜ ਮਾਈਨਿੰਗ ਨੂੰ ਰੋਕਣ ਲਈ ਪਹੁੰਚੇ ਸਨ ਜਦੋਂ ਮਾਈਨਿੰਗ ਮਾਫੀਆਂ ਵਲੋਂ ਉਹਨਾਂ ਉਪਰ ਹਮਲਾ ਕਰ ਦਿੱਤਾ ਗਿਆ| ਇਸ ਹਮਲੇ ਵਿਚ ਵਿਧਾਇਕ ਸੰਦੋਆ ਦੀ ਅਤੇ ਉਹਨਾਂ ਦੇ ਬਾਡੀਗਾਰਡ ਦੀਆਂ ਪੱਗਾਂ ਵੀ ਉਤਰ ਗਈਆਂ| ਇਸ ਮੌਕੇ ਮੀਡੀਆ ਕਰਮੀਆਂ ਤੋਂ ਵੀ ਕੈਮਰੇ ਖੋਹਣ ਦਾ ਯਤਨ ਕੀਤਾ ਗਿਆ|

ਮਾਈਨਿੰਗ ਮਾਫੀਆ ਦੇ ਹਮਲੇ ਵਿੱਚ ਜ਼ਖਮੀ ਹੋਏ ਵਿਧਾਇਕ ਸੰਦੋਆ ਅਤੇ ਉਹਨਾਂ ਦੇ ਗੰਨ ਮੈਨ ਨੂੰ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੋਂ ਉਹਨਾਂ ਨੂੰ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ|
ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਸੰਦੋਆ ਉੱਪਰ ਮਾਈਨਿੰਗ ਮਾਫੀਆ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਵਿਧਾਇਕ ਸੰਦੋਆ ਦੀ ਪੱਗ ਉਤਾਰਨਾ ਲੋਕਤੰਤਰ ਦੀ ਪੱੱਗ ਉਤਾਰਨ ਵਾਂਗ ਹੈ| ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਕਦੇ ਵੀ ਬਰਦਾਸਤ ਨਹੀਂ ਕਰਨਗੇ|
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਵਿਧਾਇਕ ਅਮਰਜੀਤ ਸਿੰਘ ਉਪਰ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ|
ਇਸੇ ਦੌਰਾਨ ਜਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅ ਤੇ ਪੀੜਤਾਂ ਨੂੰ ਇਨਸਾਫ ਦੇਣ ਦੀ ਗਲ ਦੁਹਰਾਈ|
ਜਿਕਰਯੋਗ ਹੈ ਕਿ ਮਾਈਨਿੰਗ ਮਾਫੀਆਂ ਨੇ ਬੀਤੀ19 ਜੂਨ ਨੂੰ ਮੁਹਾਲੀ ਜਿਲ੍ਹੇ ਦੇ ਪਿੰਡ ਸਿਉਂਕ ਨੇੜੇ ਵੀ ਰੇਤੇ ਦੀ ਨਾਜਾਇਜ ਮਾਈਨਿੰਗ ਦੀ ਜਾਂਚ ਕਰਨ ਗਏ ਵਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਗੰਭੀਰ ਕੁੱਟ ਮਾਰ ਕੀਤੀ ਸੀ| ਅੱਜ ਮਾਈਨਿੰਗ ਮਾਫੀਆ ਵਲੋਂ ਵਿਧਾਇਕ ਸੰਦੋਆ ਉਪਰ ਕੀਤੇ ਗਏ ਹਮਲੇ ਤੋਂ ਸਾਫ ਪਤਾ ਚਲ ਜਾਂਦਾ ਹੈ ਕਿ ਮਾਈਨਿੰਗ ਮਾਫੀਆ ਦੇ ਹੌਂਸਲੇ ਕਿੰਨੇ ਵੱਧ ਗਏ ਹਨ|

Leave a Reply

Your email address will not be published. Required fields are marked *