ਮਾਜਰੀ ਦੇ ਨਾਇਬ ਤਹਿਸੀਲਦਾਰ ਦੀ ਬਦਲੀ ਕੀਤੀ ਜਾਵੇ : ਧਾਲੀਵਾਲ

ਐਸ ਏ ਐਸ ਨਗਰ, 24 ਜਨਵਰੀ ( ਸ.ਬ.) ਪੰਜਾਬੀ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਾਰਟੀ ਦੇ ਇਕ ਵਫਦ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇਕ ਸ਼ਿਕਾਇਤ ਦੇ ਕੇ ਖਰੜ ਤਹਿਸੀਲ ਅਧੀਨ ਪੈਂਦੀ ਸਬ- ਤਹਿਸੀਲ ਮਾਜਰੀ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਦੀ ਬਦਲੀ ਕਰਨ ਦੀ ਮੰਗ ਕੀਤੀ ਤਾਂ ਕਿ ਇਸ ਅਧਿਕਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੜਤਾਲ ਨਿਰਪੱਖ ਤੌਰ ਤੇ ਹੋ ਸਕੇ| ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਨਾਇਬ ਤਹਿਸੀਲਦਾਰ ਦੇ ਖਿਲਾਫ ਪੜਤਾਲ ਕਿਸੇ ਸੀਨੀਅਰ ਉਚ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਪੜਤਾਲ ਵੇਲੇ ਇਲਾਕੇ ਦੇ ਲੋਕਾਂ ਨੂੰ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੂਚਨਾ ਦਿਤੀ ਜਾਵੇ ਤਾਂ ਕਿ ਲੋਕ ਖੁੱਲ੍ਹ ਕੇ ਇਸ ਸੰਬੰਧੀ ਜਾਣਕਾਰੀ ਦੇ ਕੇ ਅੱਗੇ ਆਉਣ|
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਉਕਤ ਨਾਇਬ ਤਾਹਿਸੀਲਦਾਰ ਵੱਲੋਂ ਇਲਾਕੇ ਦੇ ਲੋਕਾਂ ਤੋਂ ਰਿਸ਼ਵਤ ਲੈਣ ਦੇ ਰੋਸ ਵਜੋਂ ਪਾਰਟੀ ਵਲੋਂ ਬੀਤੀ 22 ਜਨਵਰੀ ਨੂੰ ਉਸਦੇ ਦਫਤਰ ਦੇਂ ਬਾਹਰ ਧਰਨਾ ਦਿਤਾ ਗਿਆ ਸੀ ਤੇ ਇਕ ਮਤਾ ਪਾਸ ਕੀਤਾ ਗਿਆ ਸੀ ਜਿਸਦੀਆਂ ਕਾਪੀਆਂ ਮੁੱਖ ਮੰਤਰੀ, ਮਾਲ ਮੰਤਰੀ, ਮੁਖ ਸਕੱਤਰ, ਮਾਲ ਸਕੱਤਰ, ਡਾਇਰੈਕਟਰ ਵਿਜ਼ੀਲੈਂਸ ਅਤੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਭੇਜ ਦਿੱਤੀਆਂ ਗਈਆਂ ਹਨ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਲਈ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਤੇ ਕੁਝ ਭ੍ਰਿਸ਼ਟ ਅਫਸਰ ਸ਼ਰੇਆਮ ਰਿਸ਼ਵਤ ਲੈ ਰਹੇ ਹਨ ਪਰ ਸੂਬੇ ਦੇ ਉਚ ਅਧਿਕਾਰੀ, ਇੰਟੈਲੀਜੈਂਸ ਤੇ ਵਿਜੀਲੈਂਸ ਵਿਭਾਗ ਅਰਾਮ ਨਾਲ ਸਭ ਕੁਝ ਦੇਖ ਰਿਹਾ ਹੈ ਤੇ ਸੂਬੇ ਜਾਂ ਜਿਲ੍ਹੇ ਦਾ ਕੋਈ ਕਾਂਗਰਸੀ ਨੇਤਾ ਵੀ ਇਸ ਸਬੰਧੀ ਕਾਰਵਾਈ ਕਰਦਾ ਦਿਖਾਈ ਨਹੀਂ ਦੇ ਰਿਹਾ|
ਉਨ੍ਹਾਂ ਕਿਹਾ ਕਿ ਮੁਹਾਲੀ ਜਿਲ੍ਹਾ ਸੂਬੇ ਦਾ ਸਭੇ ਤੋਂ ਪੜ੍ਹਿਆ ਲਿਖਿਆ ਜਿਲ੍ਹਾ ਹੈ ਤੇ ਇਥੇ ਪੰਜਾਬ ਦੇ ਬਹੁਤ ਜਿਆਦਾ ਗਿਣਤੀ ਵਿੱਚ ਸਿਆਸੀ ਪਾਰਟੀਆਂ ਦੇ ਨੇਤਾ, ਉਚ ਅਧਿਕਾਰੀ ਤੇ ਯੂਨੀਅਨਾਂ ਦੇ ਲੀਡਰ ਰਹਿ ਰਹੇ ਹਨ ਤੇ ਇਥੇ ਜੇਕਰ ਰਿਸ਼ਵਤ ਦਾ ਇਹ ਹਾਲ ਹੈ ਤਾਂ ਪ੍ਰਦੇਸ਼ ਦੇ ਦੂਜੇ ਹਲਕਿਆਂ ਦਾ ਕੀ ਹਾਲ ਹੋਵੇਗਾ ਇਸ ਦਾ ਫੈਸਲਾ ਲੋਕ ਖੁਦ ਕਰ ਸਕਦੇ ਹਨ|

Leave a Reply

Your email address will not be published. Required fields are marked *