ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ
ਐਸ.ਏ.ਐਸ. ਨਗਰ, 31 ਦਸੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰਤਪਾਲ ਸਿੰਘ ਪੰਥਕ ਜੱਥੇ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪੂਰੇ ਪ੍ਰਸੰਗ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ।
ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਨੇ ਖੰਡੇ ਬਾਟੇ ਦੇ ਅੰਮਿ੍ਰਤ ਦੀ ਮਹਾਨਤਾ ਦੱਸਦੇ ਹੋਏ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਇਸ ਤੋਂ ਇਲਾਵਾ ਭਾਈ ਓਂਕਾਰ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਗੁਰਦੀਪ ਸਿੰਘ ਖੰਨਾ, ਭਾਈ ਸੁਖਦੇਵ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ ਸੁਖਮਨ. ਸੇਵਾ ਸੋਸਾਇਟੀ ਦੀਆਂ ਬੀਬੀਆਂ, ਭਾਈ ਬਲਜੀਤ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁ: ਸਿੰਘ ਸ਼ਹੀਦਾਂ ਸੋਹਾਣਾ ਦੇ ਹਜੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਜਤਿੰਦਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ । ਇਸ ਮੌਕੇ ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ 1 ਜਨਵਰੀ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਕਾਰ ਸੇਵਾ ਦੇ ਪੁੰਜ ਸੱਚ ਖੰਡ ਵਾਸੀ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸਤਿੰਦਰਪਾਲ ਸਿੰਘ ਲੁਧਿਆਣੇ ਵਾਲੇ, ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਉਚ ਕੋਟੀ ਦੇ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਸੰਗਤਾਂ ਨੂੰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।