ਮਾਮਲਾ ਆਵਾਰਾ ਪਸ਼ੂਆਂ ਨੂੰ ਜਬਰੀ ਛੁਡਵਾਉਣ ਅਤੇ ਨਿਗਮ ਕਰਮਚਾਰੀਆਂ ਦੀ ਖਿੱਚਧੂਹ ਕਰਨ ਦਾ

ਮਾਮਲਾ ਆਵਾਰਾ ਪਸ਼ੂਆਂ ਨੂੰ ਜਬਰੀ ਛੁਡਵਾਉਣ ਅਤੇ ਨਿਗਮ ਕਰਮਚਾਰੀਆਂ ਦੀ ਖਿੱਚਧੂਹ ਕਰਨ ਦਾ
ਨਿਗਮ ਦੇ ਮੁਅੱਤਲ ਜੂਨੀਅਰ ਸਹਾਇਕ ਕੇਸਰ ਸਿੰਘ ਵਲੋਂ ਪੁਲੀਸ ਉਪਰ ਸਿਆਸੀ ਦਬਾਓ ਹੇਠ ਕਾਰਵਾਈ ਨਾ ਕਰਨ ਦਾ ਦੋਸ਼
ਐਸ ਏ ਐਸ ਨਗਰ, 9 ਮਾਰਚ (ਸ.ਬ.) ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੇ ਸੀਨੀਅਰ ਅਫਸਰਾਂ ਵਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਦੇ ਥਾਣਿਆਂ ਵਿੱਚ ਆਉਣ ਵਾਲੇ ਪੀੜ੍ਹਤਾਂ ਨੂੰ ਤੁਰੰਤ ਨਿਆਂ ਦਿੱਤਾ ਜਾਵੇਗਾ ਪਰ ਇਸਦੇ ਬਾਵਜੂਦ ਅਨੇਕਾਂ ਲੋਕ ਅਜਿਹੇ ਹਨ ਜੋ ਕਿ ਪੁਲੀਸ ਉਪਰ ਸਿਆਸੀ ਦਬਾਓ ਹੇਠ ਕੰਮ ਕਰਨ ਅਤੇ ਉਹਨਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਹੀ ਨਾ ਕਰਨ ਦਾ ਦੋਸ਼ ਲਾਂਉਂਦੇ ਹਨ|
ਨਗਰ ਨਿਗਮ ਮੁਹਾਲੀ ਦੇ ਮੁਅੱਤਲ ਜੂਨੀਅਰ ਸਹਾਇਕ ਸ੍ਰ. ਕੇਸਰ ਸਿੰਘ ਨੇ ਅੱਜ ਪੁਲੀਸ ਉਪਰ ਗੰਭੀਰ ਦੋਸ਼ ਲਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵਲੋਂ ਕੁੰਭੜਾ ਅਤੇ ਮਟੌਰ ਦੇ ਕੁਝ ਵਿਅਕਤੀਆਂ ਖਿਲਾਫ ਦੋ ਐਫ ਆਈ ਆਰ ਦਰਜ ਕਰਵਾਉਣ ਦੇ ਬਾਵਜੂਦ ਪੁਲੀਸ ਵਲੋਂ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ|
ਉਹਨਾਂ ਦੱਸਿਆ ਕਿ ਨਿਗਮ ਵਿੱਚ ਡਿਊਟੀ ਦੌਰਾਨ ਉਹਨਾਂ ਦੀ ਡਿਊਟੀ ਮੁਹਾਲੀ ਸ਼ਹਿਰ ਵਿੱਚ ਫਿਰਦੇ ਆਵਾਰਾ ਪਸ਼ੂ ਫੜਨ ਉੱਪਰ ਲੱਗੀ ਹੋਈ ਸੀ ਅਤੇ ਉਹ ਆਪਣਾ ਕੰਮ ਆਪਣੀ ਟੀਮ ਨਾਲ ਤਨਦੇਹੀ ਨਾਲ ਕਰ ਰਹੇ ਸਨ| ਉਹਨਾਂ ਦੀ ਅਗਵਾਈ ਵਿੱਚ ਨਿਗਮ ਦੀ ਅਵਾਰਾ ਡੰਗਰ ਫੜਨ ਵਾਲੀ ਟੀਮ ਨੇ 2 ਜੂਨ 2017 ਨੂੰ ਕੁੰਭੜਾ ਵਿੱਚ ਆਵਾਰਾ ਘੁੰਮਦੇ ਕਈ ਡੰਗਰ ਫੜੇ ਸਨ ਪਰ ਮਟੌਰ ਵਾਸੀ ਜਰਨੈਲ ਸਿੰਘ ਅਤੇ ਉਸਦੇ ਨਾਲ ਆਏ 15-20 ਵਿਅਕਤੀਆਂ ਨੇ ਨਿਗਮ ਦੀ ਟੀਮ ਉੱਪਰ ਹਮਲਾ ਕਰਕੇ ਖਿੱਚ ਧੂਹ ਕੀਤੀ ਅਤੇ ਨਿਗਮ ਦੀਆਂ ਗੱਡੀਆਂ ਵੀ ਭੰਨ ਤੋੜ ਦਿੱਤੀਆਂ ਅਤੇ ਇਸ ਉਪਰੰਤ ਇਹ ਵਿਅਕਤੀ ਨਿਗਮ ਦੀ ਟੀਮ ਵਲੋਂ ਕਾਬੂ ਕੀਤੇ ਗਏ ਆਪਣੇ ਪਸ਼ੂ ਖੋਹ ਕੇ ਲੈ ਗਏ| ਇਹ ਮਾਮਲਾ ਕਾਫੀ ਸੁਰਖੀਆਂ ਵਿੱਚ ਰਿਹਾ ਅਤੇ ਨਿਗਮ ਵਲੋਂ ਇਸ ਮਾਮਲੇ ਵਿੱਚ ਫੇਜ਼ 8 ਦੇ ਥਾਣੇ ਵਿੱਚ ਉਪਰੋਕਤ ਵਿਅਕਤੀਆਂ ਖਿਲਾਫ ਐਫ ਆਈ ਆਰ ਵੀ ਦਰਜ ਕਰਵਾਈ ਗਈ, ਜੋ ਕਿ ਘਟਨਾ ਵਾਪਰਨ ਤੋਂ ਪੂਰੇ ਢਾਈ ਮਹੀਨਿਆਂ ਤੋਂ ਬਾਅਦ ਦਰਜ ਕੀਤੀ ਗਈ| ਉਹਨਾਂ ਦੋਸ਼ ਲਾਇਆ ਕਿ ਐਫ ਆਈ ਦਰਜ ਹੋਣ ਦੇ ਬਾਵਜੂਦ ਪੁਲੀਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ|
ਉਹਨਾਂ ਕਿਹਾ ਕਿ 11 ਸਤੰਬਰ 2017 ਨੂੰ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸੈਕਟਰ 71 ਵਿੱਚ ਅਫਸਰਾਂ ਦੀ ਇਕ ਮੀਟਿੰਗ ਬੁਲਾਈ ਹੋਈ ਸੀ, ਉਸ ਮੌਕੇ ਵੀ ਨਿਗਮ ਦੀ ਟੀਮ ਨੇ ਉੱਥੇ ਘੁੰਮਦੇ ਕੁਝ ਆਵਾਰਾ ਪਸ਼ੂ ਫੜੇ ਸਨ ਜਿਹੜੇ ਉੱਥੇ ਪਾਰਕ ਦੇ ਐਂਗਲਾਂ ਨਾਲ ਵੀ ਬੰਨੇ ਹੋਏ ਸਨ| ਇਸ ਮੌਕੇ ਜਰਨੈਲ ਸਿੰਘ ਅਤੇ ਉਸਦੇ ਸਾਥੀ ਉਥੇ ਆ ਕੇ ਹਲਕਾ ਵਿਧਾਇਕ ਦੀ ਹਾਜਰੀ ਵਿਚ ਹੀ ਆਪਣੇ ਪਸ਼ੂ ਖੋਲ ਕੇ ਲੈ ਗਏ ਸਨ| ਇਸ ਮਾਮਲੇ ਕਾਰਨ ਵਿਧਾਇਕ ਸਿੱਧੂ ਨੇ ਉਹਨਾਂ (ਕੇਸਰ ਸਿੰਘ ) ਉਪਰ ਹੀ ਦੋਸ਼ ਲਗਾ ਦਿਤਾ ਕਿ ਉਹ ਪਸ਼ੂ ਮਾਲਕਾਂ ਨਾਲ ਮਿਲਿਆ ਹੋਇਆ ਹੈ|
ਉਹਨਾਂ ਕਿਹਾ ਕਿ ਉਹਨਾ ਨੇ ਇਸ ਮਾਮਲੇ ਦੀ ਸ਼ਿਕਾਇਤ ਮਟੌਰ ਥਾਣੇ ਵਿੱਚ ਦਰਜ ਕਰਵਾਈ ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ| ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਨਾਲ ਉਹਨਾਂ ਦਾ ਕੋਈ ਨਿੱਜੀ ਰੌਲਾ ਨਹੀਂ ਹੈ ਬਲਕਿ ਉਹਨਾਂ ਨੇ ਆਪਣੀ ਸਰਕਾਰੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਹੈ ਅਤੇ ਇਹਨਾਂ ਵਿਅਕਤੀਆਂ ਨੂੰ ਉਹਨਾਂ ਦੀ ਡਿਊਟੀ ਵਿੱਚ ਵਿਘਨ ਪਾਇਆ ਹੈ|
ਉਹਨਾਂ ਕਿਹਾ ਕਿ ਦੋਵਾਂ ਮਾਮਲਿਆਂ ਵਿਚ ਮੁੱਖ ਮੁਲਜਮ ਜਰਨੈਲ ਸਿੰਘ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਉਹ ਅਪਰਾਧਿਕ ਘਟਨਾਵਾਂ ਕਰਨ ਦਾ ਆਦੀ ਹੈ| ਉਹਨਾਂ ਕਿਹਾ ਕਿ ਪੁਲੀਸ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਉਹਨਾਂ ਉਪਰ ਹੀ ਸਮਝੌਤਾ ਕਰਨ ਦਾ ਦਬਾਓ ਪਾ ਰਹੀ ਹੈ| ਉਹਨਾਂ ਦੋਸ਼ ਲਾਇਆ ਕਿ ਸਿਆਸੀ ਦਬਾਓ ਕਾਰਨ ਹੀ ਪੁਲੀਸ ਇਹਨਾਂ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ| ਉਹਨਾਂ ਮੰਗ ਕੀਤੀ ਕਿ ਉਪਰੋਕਤ ਸਾਰੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿਤਾ ਜਾਵੇ|
ਦੂਜੇ ਪਾਸੇ ਸੰਪਰਕ ਕਰਨ ਤੇ ਸੰਬੰਧਿਤ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਸਰ ਸਿੰਘ ਵਲੋਂ ਲਗਾਏ ਜਾ ਰਹੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਪੁਲੀਸ ਵਲੋਂ ਆਪਣਾ ਕੰਮ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪੁਲੀਸ ਉਪਰ ਕਿਸੇ ਕਿਸਮ ਦਾ ਕੋਈ ਸਿਆਸੀ ਦਬਾਉ ਨਹੀਂ ਹੈ ਪਰੰਤੂ ਕਈ ਵਾਰ ਪੁਲੀਸ ਹੋਰ ਮਹੱਤਵਪੂਰਨ ਮਾਮਲਿਆਂ ਵਿੱਚ ਉਲਝ ਜਾਂਦੀ ਹੈ ਜਿਸ ਕਾਰਣ ਕੁਝ ਮਾਮਲਿਆ ਦੀ ਤਫਤੀਸ਼ ਵਿੱਚ ਵੀ ਦੇਰੀ ਹੋ ਜਾਂਦੀ ਹੈ|

Leave a Reply

Your email address will not be published. Required fields are marked *