ਮਾਮਲਾ ਪਸ਼ੂ ਮਾਲਕਾਂ ਵਲੋਂ ਨਿਗਮ ਮੁਲਾਜਮਾਂ ਦੀ ਕੁੱਟਮਾਰ ਕਰਨ ਦਾ

ਮਾਮਲਾ ਪਸ਼ੂ ਮਾਲਕਾਂ ਵਲੋਂ ਨਿਗਮ ਮੁਲਾਜਮਾਂ ਦੀ ਕੁੱਟਮਾਰ ਕਰਨ ਦਾ
ਨਿਗਮ ਦਫਤਰ ਵਿੱਚ ਹੀ ਘੁੰਮਦੇ ਰਹੇ ਨਿਗਮ ਵਲੋਂ ਦਰਜ ਕਰਵਾਏ ਮਾਮਲੇ ਵਿੱਚ ਫਰਾਰ ਵਿਅਕਤੀ
ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਸਥਾਨਕ ਸੈਕਟਰ-68 ਵਿਖੇ ਨਗਰ ਨਿਗਮ ਦੀ ਅਵਾਰਾ ਪਸ਼ੂ ਫੜਨ ਵਾਲੀ ਟੀਮ ਵਲੋਂ ਕੁਝ ਸਮਾਂ ਪਹਿਲਾਂ ਫੜੇ ਗਏ ਪਸ਼ੂਆਂ ਨੂੰ ਪਸ਼ੂ ਮਾਲਕਾਂ ਵਲੋਂ ਜਬਰਦਸਤੀ  ਛੁਡਵਾਉਣ ਅਤੇ ਨਿਗਮ ਮੁਲਾਜਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਉਦੋਂ ਇੱਕ ਵਾਰ ਫਿਰ ਗਰਮਾ ਗਿਆ ਜਦੋਂ ਇਸ ਕੇਸ ਵਿਚ ਫਰਾਰ ਕੁਝ ਵਿਅਕਤੀ ਅੱਜ ਨਗਰ ਨਿਗਮ ਦੇ ਦਫਤਰ ਵਿਚ ਹੀ ਘੁੰਮਦੇ ਵੇਖੇ ਗਏ|  ਇਹ ਵਿਅਕਤੀ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੂੰ ਵੀ ਮਿਲ ਕੇ ਗਏ| ਜਦੋਂ ਇਹਨਾਂ ਵਿਅਕਤੀਆਂ ਦੀ ਫੋਟੋ ਖਿੱਚਣ ਲਈ  ਪੱਤਰਕਾਰ ਤੇ ਫੋਟੋਗ੍ਰਾਫਰ ਉਥੇ ਪਹੁੰਚੇ ਤਾਂ ਇਹ ਵਿਅਕਤੀ  ਤੁਰੰਤ ਉੱਥੋਂ ਖਿਸਕ ਗਏ| ਨਗਰ ਨਿਗਮ ਮੁਹਾਲੀ  ਵਲੋਂ ਦਰਜ ਕਰਵਾਏ ਮਾਮਲੇ ਵਿਚ  ਇਹਨਾਂ ਫਰਾਰ ਮੁਲਜਮਾਂ ਵਲੋਂ ਨਗਰ ਨਿਗਮ ਵਿਚ ਹੀ ਸ਼ਰੇਆਮ ਘੁੰਮਣ ਕਾਰਨ ਕਈ ਤਰਾਂ ਦੇ ਸਵਾਲ ਖੜੇ ਕਰ ਦਿਤੇ ਹਨ|
ਹੈਰਾਨੀ ਤਾਂ ਇਸ ਗਲ ਦੀ ਹੈ ਕਿ ਇਕ ਪਾਸੇ ਪੁਲੀਸ ਨੇ ਉਪਰੋਕਤ ਮਾਮਲੇ ਵਿਚ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੀ ਹੈ ,  ਦੂਜੇ ਪਾਸੇ ਇਹ ਵਿਅਕਤੀ          ਸ਼ਰੇਆਮ ਨਿਗਮ ਦਫਤਰ ਵਿਚ ਹੀ ਘੁੰਮਦੇ ਨਜਰ ਆ ਰਹੇ ਹਨ, ਇਸਦੇ ਬਾਵਜੂਦ ਪੁਲੀਸ ਵਲੋਂ ਇਹਨਾਂ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਾ ਕਰਨਾ ਕਈ ਤਰਾਂ ਦੇ ਸ਼ੱਕ ਪੈਦਾ ਕਰਦਾ ਹੈ|
ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਦੀ ਅਵਾਰਾ ਪਸ਼ੂ ਫੜਨ ਵਾਲੀ ਟੀਮ ਵਲੋਂ ਕੇਸਰ ਸਿੰਘ ਦੀ ਅਗਵਾਈ ਵਿਚ ਸੈਕਟਰ-68 ਵਿਚ ਆਵਾਰਾ ਪਸ਼ੂ ਫੜੇ ਗਏ ਸਨ| ਉਸ ਸਮੇਂ ਇਹਨਾ ਪਸ਼ੂਆਂ ਦੇ ਮਾਲਕਾਂ ਨੇ ਆਪਣੇ ਪਸ਼ੂ ਨਗਰ ਨਿਗਮ ਦੀ ਗੱਡੀ ਵਿਚੋਂ ਜਬਰਦਸਤੀ ਉਤਾਰ ਲਏ ਸਨ ਅਤੇ ਨਿਗਮ ਮੁਲਾਜਮਾਂ ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਨਿਗਮ  ਮੁਲਾਜਮਾਂ ਵਲੋਂ ਇਸ ਦੀ ਸ਼ਿਕਾਇਤ  ਐਸ ਐਸ ਪੀ ਨੂੰ ਕੀਤੀ ਗਈ ਸੀ, ਜਿਸ ਉਪਰੰਤ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ| ਇਸ ਮਾਮਲੇ ਵਿਚ ਪਿੰਡ ਮਟੌਰ ਅਤੇ ਕੁੰਭੜਾ ਦੇ ਕੁਝ ਵਿਅਕਤੀ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾਣੇ ਹਨ| ਜੋਕਿ ਫਰਾਰ ਹੋਣ ਦੇ ਬਾਵਜੂਦ ਸ਼ਹਿਰ ਵਿਚ ਦਨਦਨਾਉਂਦੇ ਫਿਰਦੇ ਹਨ| ਅੱਜ ਨਗਰ ਨਿਗਮ ਦਫਤਰ ਵਿਚ ਜਾ ਕੇ ਇਹਨਾਂ ਵਿਅਕਤੀਆਂ ਵਲੋਂ ਨਿਗਮ ਦੇ ਕਮਿਸ਼ਨਰ ਨੂੰ ਮਿਲਣ ਦੀ ਘਟਨਾਂ ਨੇ ਕਈ ਸਵਾਲ ਖੜੇ ਕਰ ਦਿਤੇ ਹਨ|
ਜਦੋਂ ਇਸ ਸਬੰਧੀ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਵਿਅਕਤੀ ਨਿਗਮ ਮੁਲਾਜਮ ਕੇਸਰ ਸਿੰਘ ਖਿਲਾਫ ਚਲ ਰਹੀ ਇਨਕੁਆਰੀ ਦੇ ਸਬੰਧ ਵਿਚ ਉਹਨਾਂ ਨੂੰ ਮਿਲ ਕੇ ਗਏ ਹਨ| ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਮਿਲਣ ਵਾਲੇ ਵਿਅਕਤੀ ਨਿਗਮ ਵਲੋਂ ਹੀ ਦਰਜ ਕਰਵਾਏ ਮਾਮਲੇ ਵਿਚ ਫਰਾਰ ਚੱਲ ਹਨ| ਜੇ  ਉਹਨਾਂ ਨੂੰ ਇਸ ਗਲ ਦੀ ਜਾਣਕਾਰੀ ਹੁੰਦੀ ਤਾਂ ਉਹ ਤੁਰੰਤ ਕੋਈ ਕਾਰਵਾਈ ਕਰਦੇ| ਉਹਨਾਂ ਕਿਹਾ ਕਿ ਨਿਗਮ ਮੁਲਾਜਮ ਕੇਸਰ ਸਿੰਘ ਨੁੰ ਤੁਰੰਤ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ ਤਾਂ ਜੋ ਉਹ ਲੋੜੀਂਦੀ  ਕਾਰਵਾਈ ਕਰਦੇ|
ਨਿਗਮ ਮੁਲਾਜਮ ਸ. ਕੇਸਰ ਸਿੰਘ ਨੇ ਦਸਿਆ ਕਿ ਨਿਗਮ ਵੱਲੋਂ ਦਰਜ ਕਰਵਾਏ ਮਾਮਲੇ ਵਿੱਚ ਫਰਾਰ ਚੱਲੇ ਆ ਰਹੇ ਵਿਅਕਤੀ ਜਰਨੈਲ ਸਿੰਘ ਪੁੱਤਰ ਹਰਨੇਕ ਸਿੰਘ ਪਿੰਡ ਮਟੌਰ, ਹਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਕੁੰਭੜਾ, ਸੁਖਬੀਰ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਕੁੰਭੜਾ ਨਿਗਮ ਦਫਤਰ ਵਿੱਚ ਹੀ ਘੁੰਮ ਰਹੇ ਸਨ| ਜਦੋਂ ਉਹਨਾਂ ਨੇ ਪੁਲੀਸ ਦੀ ਗ੍ਰਿਫਤ ਤੋਂ ਫਰਾਰ ਚਲ ਰਹੇ ਇਹਨਾਂ ਵਿਅਕਤੀਆਂ ਨੂੰ ਨਿਗਮ ਦਫਤਰ ਵਿੱਚ ਵੇਖਿਆ ਸੀ ਤਾਂ ਉਹਨਾਂ ਨੇ ਤੁਰੰਤ ਹੀ ਇਸਦੀ ਸੂਚਨਾ ਪੁਲੀਸ ਦੇ ਜਾਂਚ ਅਧਿਕਾਰੀ ਏ ਐਸ ਆਈ ਨੂੰ ਦੇ ਦਿਤੀ ਸੀ ਪਰ ਉਸ ਏ ਐਸ ਆਈ ਨੇ ਕਿਹਾ ਕਿ ਉਹ ਇਸ ਸਮੇਂ ਹਾਈਕੋਰਟ ਕਿਸੇ ਕੰਮ ਆਏ ਹੋਏ ਹਨ ਅਤੇ ਇਸ ਸਬੰਧੀ ਕੁਝ ਨਹੀਂ ਕਰ ਸਕਦੇ|
ਇਸ ਸਬੰਧੀ ਸੰਪਰਕ ਕਰਨ ਤੇ  ਫੇਜ਼-8 ਦੇ ਥਾਣਾ ਮੁਖੀ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਮੇਰੀ ਜਾਣਕਾਰੀ ਵਿਚ ਨਹੀਂ ਹੈ| ਉਹਨਾਂ ਕਿਹਾ ਕਿ ਪੁਲੀਸ ਮੁਲਜਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਮੁਲਜਮ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ|

Leave a Reply

Your email address will not be published. Required fields are marked *