ਮਾਮਲਾ ਫਲਾਈਓਵਰ ਤੋਂ ਪਿੰਡ ਦਾਊਂ ਨੂੰ ਸਿੱਧਾ ਰਸਤਾ ਨਾ ਛੱਡਣ ਦਾ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦਾਊਂ ਨੇੜੇ ਨੈਸ਼ਨਲ ਹਾਈਵੇਅ-21 ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ, ਪੁਲ ਦਾ ਕੰਮ ਰੁਕਵਾਇਆ ਐਸ ਡੀ ਐਮ ਖਰੜ ਵੱਲੋਂ ਰਸਤਾ ਦੇਣ ਲਈ ਉਚਿਤ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕਿਆ

ਖਰੜ, 10 ਅਕਤੂਬਰ  (ਸ਼ਮਿੰਦਰ ਸਿੰਘ) ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਲੋਕਾਂ ਨੂੰ ਆਵਾਜਾਈ ਸਹੂਲਤ ਪ੍ਰਦਾਨ ਲਈ ਮੁਹਾਲੀ ਤੋਂ ਖਾਨਪੁਰ ਟੀ-ਪੁਆਇੰਟ ਤੱਕ ਫਲਾਈਓਵਰ ਅਤੇ ਐਲੀਵੇਟਿਡ ਸੜਕ ਦਾ ਨਿਰਮਾਣ ਜੰਗੀ ਪੱਧਰ ਤੇ ਚੱਲ ਰਿਹਾ ਹੈ ਪ੍ਰੰਤੂ ਇਸ ਫਲਾਈਓਵਰ ਤੋਂ ਇਤਿਹਾਸਕ ਪਿੰਡ ਦਾਊਂ ਨੇੜੇ ਸਿੱਧਾ ਲਾਂਘਾ ਨਾ ਛੱਡੇ ਜਾਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ| 
ਇਸ ਸੰਬੰਧੀ ਮੁੱਖ ਸੜਕ ਤੇ ਇਕੱਤਰ ਹੋਏ ਦਰਜਨਾਂ ਪਿੰਡਾਂ ਦੇ ਵਸਨੀਕਾਂ ਵਲੋਂ ਗ੍ਰਾਮ ਪੰਚਾਇਤ ਦਾਊਂ ਅਤੇ ਕਰਤਾਰ ਸਿੰਘ ਸਰਾਭਾ ਨੌਜਵਾਨ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਗਰੀਨ ਐਨਕਲੇਵ ਦਾਊਂ ਨੇੜੇ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ| ਇਸ ਦੌਰਾਨ ਪਿੰਡਾਂ ਦੇ ਲੋਕਾਂ ਨੇ ਫਲਾਈਓਵਰ ਦੇ ਨਿਰਮਾਣ ਦਾ ਕੰਮ ਬੰਦ ਕਰਵਾ ਦਿੱਤਾ ਅਤੇ ਰੋਸ ਜਾਹਿਰ ਕੀਤਾ| ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਆਗੂ ਗੁਰਤੇਜ ਸਿੰਘ ਪੰਨੂ ਨੇ ਵੀ ਧਰਨੇ ਵਿੱਚ ਪਹੁੰਚ ਕੇ ਆਪਣਾ ਸਮਰਥਨ ਦਿੱਤਾ| ਇਸ ਦੌਰਾਨ ਦੋਵਾਂ ਸਾਇਡਾਂ ਤੇ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪਿਆ|
ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ, ਜਸਵੀਰ ਸਿੰਘ ਜੱਸੀ, ਸਰਪੰਚ ਬੱਲੋਮਾਜਰਾ,            ਅਜਮੇਰ ਸਿੰਘ ਸਰਪੰਚ ਦਾਊਂ, ਮਿਲਕਮੈਨ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ ਮਨਾਣਾ ਅਤੇ ਟਰੇਡ ਯੂਨੀਅਨ ਦੇ ਆਗੂ ਹਰਬੰਸ ਸਿੰਘ ਬਾਗੜੀ ਨੇ ਕਿਹਾ ਕਿ ਦਾਊਂ ਵਿੱਚ ਧਾਰਮਿਕ ਅਸਥਾਨ ਤੇ ਹਰ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ ਅਤੇ ਮਾਘੀ ਦੀ ਸੰਗਰਾਂਦ ਨੂੰ ਵੱਡੇ ਪੱਧਰ ਤੇ ਮੇਲਾ ਭਰਦਾ ਹੈ| ਇਸ ਤੋਂ ਇਲਾਵਾ ਪਿੰਡ ਦਾਊਂ ਦੇ ਆਲੇ ਦੁਆਲੇ ਕਈ ਕਲੋਨੀਆਂ ਸਮੇਤ ਹੋਰਨਾਂ ਨੇੜਲੇ ਪਿੰਡਾਂ ਵਿੱਚ ਜਾਣ ਲਈ ਇੱਥੋਂ ਹੋ ਕੇ ਲੰਘਣਾ ਪੈਂਦਾ ਹੈ, ਪ੍ਰੰਤੂ ਨੈਸ਼ਨਲ ਹਾਈਵੇਅ ਉਤੇ ਬਣ ਰਹੇ ਪੁਲ ਤੋਂ ਖਰੜ ਜਾਣ ਲਈ ਪਿੰਡ ਦਾਊਂ ਲਈ ਰਾਹ ਨਹੀਂ ਛੱਡਿਆ ਗਿਆ ਹੈ, ਜਦੋਂਕਿ ਟੀਡੀਆਈ ਨੂੰ ਪੁਲ ਦੇ ਥੱਲੇ ਸਿੰਗਲ ਰਸਤੇ ਦਾ ਇਕ ਕੱਟ ਦਿੱਤਾ ਗਿਆ ਹੈ|      
ਉਹਨਾਂ ਕਿਹਾ ਕਿ ਪਿੰਡ ਦਾਊਂ ਸਮੇਤ ਤੜੌਲੀ, ਬੜਮਾਜਰਾ,               ਰਾਏਪੁਰ, ਝਾਮਪੁਰ, ਮਨਾਣਾ, ਹੁਸੈਨਪੁਰ, ਠਸਕਾ, ਬਹਿਲੋਲਪੁਰ ਦੀਆਂ ਗਰਾਮ ਪੰਚਾਇਤਾਂ ਨੇ ਦਾਊਂ ਨੇੜੇ ਰਸਤੇ ਛੱਡਣ ਲਈ ਮਤੇ ਪਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੰਸਦ ਮੈਂਬਰ ਮਨੀਸ਼ ਤਿਵਾੜੀ, ਡਿਪਟੀ ਕਮਿਸ਼ਨਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੋਂ ਮੰਗ ਕੀਤੀ ਗਈ ਸੀ ਪ੍ਰੰਤੂ ਕਿਸੇ ਨੇ ਵੀ ਇਲਾਕੇ ਦੇ ਲੋਕਾਂ ਦੀ ਬਾਂਹ ਨਹੀਂ ਫੜੀ| ਉਨ੍ਹਾਂ ਕਿਹਾ ਕਿ ਸਰਕਾਰ ਅਤੇ ਅਥਾਰਟੀ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਤਾਂ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਲੋੜ ਪੈਣ ਤੇ ਹਾਈ ਕੋਰਟ ਦਾ ਬੂਹਾ ਖੜਕਾਇਆ ਜਾਵੇਗਾ|
ਇਸ ਦੌਰਾਨ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਨੇ ਮੌਕੇ ਤੇ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਐਨਐਚਆਈ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਲਾਂਘਾ ਛੱਡਣ ਲਈ ਯੋਗ ਪੈਰਵਾਈ ਕਰਨਗੇ| ਲੋਕਾਂ ਦੀ ਮੰਗ ਨੂੰ ਜਾਇਜ਼ ਮੰਨਦਿਆਂ ਉਨ੍ਹਾਂ ਅਗਲੇ ਹੁਕਮਾਂ ਤੱਕ ਦਾਊਂ ਨੇੜੇ ਚਲ ਰਹੇ ਕੰਮ ਨੂੰ ਫਿਲਹਾਲ ਬੰਦ ਕਰਵਾਉਣ ਦਾ ਵੀ ਭਰੋਸਾ ਦਿੱਤਾ| ਇਸ ਤੋਂ ਬਾਅਦ  ਲੋਕਾਂ ਨੇ ਧਰਨਾ ਚੁੱਕ ਲਿਆ| ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਅਥਾਰਟੀ ਨੇ ਲਾਂਘਾ ਨਹੀਂ ਛੱਡਿਆ ਤਾਂ ਆਉਣ ਵਾਲੇ ਦਿਨਾਂ ਲੜੀਵਾਰ ਸੰਘਰਸ਼ ਕੀਤਾ ਜਾਵੇਗਾ| 
ਇਸ ਮੌਕੇ ਮੋਹਨ ਸਿੰਘ ਸਰਪੰਚ ਰਾਏਪੁਰ, ਬਲਾਕ ਸਮਿਤੀ ਮੈਂਬਰ ਰਣਜੀਤ ਸਿੰਘ, ਹਾਕਮ ਸਿੰਘ ਸਨਾਣਾ, ਕਰਮਜੀਤ ਸਿੰਘ ਸੋਨੂੰ, ਸੁਲੱਖਣ ਸਿੰਘ, ਹਰਵਿੰਦਰ ਸਿੰਘ ਕਰਤਾਰ ਸਿੰਘ ਸਰਾਭਾ ਕਲੱਬ, ਚਰਨਜੀਤ ਸਿੰਘ, ਤੇਜਿੰਦਰ ਕੌਰ, ਗੁਰਦੀਪ ਸਿੰਘ, ਜਸਵੰਤ ਸਿੰਘ, ਸਾਬਕਾ ਪੰਚ ਭਾਗ ਸਿੰਘ ਅਤੇ ਕੰਵਰਦੀਪ ਸਿੰਘ ਬਾਗੜੀ ਹਾਜ਼ਰ ਸਨ|

Leave a Reply

Your email address will not be published. Required fields are marked *