ਮਾਮਲਾ ਬਿਨਾ ਮਨਜੂਰੀ ਸੁਸਾਇਟੀ ਦੇ ਉਸਾਰੇ ਗਏ ਫਲੈਟਾਂ ਦਾ ਸੁਸਾਇਟੀ ਦੇ ਮੌਜੂਦਾ ਅਹੁਦੇਦਾਰਾਂ ਵਲੋਂ ਸਾਬਕਾ ਪ੍ਰਧਾਨ ਵਿਰੁੱਧ ਕਾਰਵਾਈ ਦੀ ਮੰਗ

ਐਸ. ਏ. ਐਸ. ਨਗਰ, 13 ਫਰਵਰੀ (ਸ.ਬ.) ਸਥਾਨਕ ਸੈਕਟਰ 76 ਵਿੱਚ ਉਸਾਰੀ ਅਧੀਨ ਏ. ਸੀ. ਸੀ. ਮੈਂਬਰਜ਼  ਸੈਲਫ ਯੂਥ ਸਪੋਰਟਿੰਗ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਪ੍ਰਧਾਨ ਸ੍ਰ. ਰਜਿੰਦਰ ਸਿੰਘ ਅਤੇ ਆਨਰੇਰੀ ਸਕੱਤਰ ਸ੍ਰੀ ਦਵਿੰਦਰ ਲਖਨਪਾਲ ਨੇ ਐਸ.ਐਸ.ਪੀ. ਮੁਹਾਲੀ ਨੂੰ ਪੱਤਰ ਲਿਖ ਕੇ ਬੀਤੀ 15  ਜਨਵਰੀ ਨੂੰ ਸੁਸਾਇਟੀ ਦੇ ਸਾਬਕਾ ਪ੍ਰਧਾਨ ਸ੍ਰ. ਹਰਮਹਿੰਦਰ ਸਿੰਘ ਦੇ ਖਿਲਾਫ ਸੋਹਾਣਾ ਪੁਲੀਸ ਵਲੋਂ ਆਈ.ਪੀ.ਸੀ. ਦੀ ਧਾਰਾ 420, 465, 468, 471 ਦੇ ਤਹਿਤ ਦਰਜ ਕੀਤੇ ਗਏ, ਮਾਮਲੇ ਵਿੱਚ ਸਾਬਕਾ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਸਹਿ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਸ੍ਰ. ਦਵਿੰਦਰ ਲਖਨਪਾਲ ਨੇ ਅੱਜ ਇੱਥੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਸਾਬਕਾ ਪ੍ਰਧਾਨ ਸ੍ਰ. ਹਰਮਹਿੰਦਰ ਸਿੰਘ ਵਲੋਂ ਕੀਤੀ ਵਿੱਤੀ ਬੇਨਿਆਮੀਆਂ ਸੰਬੰਧੀ ਅਤੇ ਉਸਾਰੀ ਦੌਰਾਨ ਬਿਲਡਿੰਗ ਬਾਇਲਾਜ ਦੀ ਉਲੰਘਣਾ ਕਰਨ ਸੰਬੰਧੀ ਸੁਸਾਇਟੀ ਦੇ ਮੈਂਬਰਾਂ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ| ਜਿਸਤੇ 23ਸਤੰਬਰ 2015 ਨੂੰ ਸੁਣਵਾਈ ਕਰਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਸ਼ਿਕਾਇਤ  ਕਰਤਾਵਾਂ ਨੂੰ ਐਸ. ਐਸ. ਪੀ. ਮੁਹਾਲੀ ਕੋਲ ਸ਼ਿਕਾਇਤ ਕਰਨ ਲਈ ਕਿਹਾ ਗਿਆ ਸੀ ਅਤੇ ਮੈਂਬਰਾਂ ਵਲੋਂ ਇਸ ਸੰਬੰਧੀ ਐਸ. ਐਸ. ਪੀ. ਮੁਹਾਲੀ ਨੂੰ ਸ਼ਿਕਾਇਤ ਦੇਣ ਤੇ ਵੱਖ ਵੱਖ ਅਧਿਕਾਰੀਆਂ ਵਲੋਂ ਕੀਤੀ ਜਾਂਚ ਅਤੇ ਜਿਲ੍ਹਾ ਅਟਾਰਨੀ ਵਲੋਂ ਸਲਾਹ ਲੈਣ ਉਪਰੰਤ ਸੋਹਾਣਾ ਪੁਲੀਸ ਵਲੋਂ ਬੀਤੀ 15 ਜਨਵਰੀ ਨੂੰ ਸੁਸਾਇਟੀ  ਦੇਸਾਬਕਾ ਪ੍ਰਧਾਨ ਦੇ ਖਿਲਾਫ ਉਕਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅੱਜ ਪੁਲੀਸ ਵਲੋਂ ਇਸ ਮਾਮਲੇ ਵਿੱਚ ਹੁਣ ਤਕ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸੁਸਾਇਟੀ ਦੇ ਮੈਂਬਰਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ|
ਉਹਨਾਂ ਦੱਸਿਆ ਕਿ ਇਸ ਸੰਬੰਧੀ ਸੁਸਾਇਟੀ ਮੈਂਬਰਾਂ ਵਲੋਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੌਰਾਨ ਕੀਤੀ ਗਈ ਉਦੋਂ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਮਾਮਲੇ ਵਿਭਾਗ ਵਲੋਂ ਬੀਤੀ 3 ਫਰਵਰੀ ਨੂੰ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਕੇ ਸੰਬੰਧਿਤ ਅਧਿਕਾਰੀ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ| ਉਹਨਾਂ ਦੱਸਿਆ ਕਿ ਇਸ ਸੁਸਾਇਟੀ ਦੇ ਤਹਿਤ 100 ਫਲੈਟਾਂ ਦੀ ਉਸਾਰੀ ਦਾ ਕੇਸ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਲਗਾਇਆ ਹੋਇਆ ਹੈ ਅਤੇ ਇਹਨਾਂ ਮਕਾਨਾਂ ਦੇ ਅਲਾਟੀਆਂ ਨੂੰ ਉਹਨਾਂ ਦੇ ਸਿਰ ਦੀ ਛੱਤ ਲਈ ਇੱਧਰ ਉਧਰ ਭਟਕਣਾ ਪੈ ਰਿਹਾ ਹੈ| ਜਿੱਥੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਇਸ ਮਕਾਨ ਦੀ ਪ੍ਰਾਪਤੀ ਲਈ ਸੁਸਾਇਟੀ ਕੋਲ ਜਮ੍ਹਾਂ ਕਰਵਾਈ ਹੋਈ ਹੈ ਉਥੇ ਉਹਨਾਂ ਨੂੰ ਮਹਿੰਗੇ ਕਿਰਾਏ ਦੇਣ ਦੇ ਨਾਲ ਨਾਲ ਬੈਂਕਾਂ ਦੀਆਂ ਕਿਸ਼ਤਾਂ ਵੀ ਭਰਨੀਆਂ ਪੈ ਰਹੀਆਂ ਹਨ|
ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਪੁਲੀਸ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸ ਮਾਮਲੇ ਵਿੱਚ ਹੋਏ ਘਪਲਿਆਂ ਦੀ ਵਸੂਲੀ ਕਰਵਾਈ ਕੀਤੀ ਜਾਵੇ ਤਾਂ ਜੋ ਸੁਸਾਇਟੀ ਦੀ ਉਸਾਰੀ ਦਾ ਕੇਸ ਚਾਲੂ ਕਰਵਾ ਕੇ ਮੈਂਬਰਾਂ ਨੂੰ ਉਹਨਾਂ ਦੇ ਮਕਾਨ ਦਿੱਤੇ ਜਾ ਸਕਣ|

Leave a Reply

Your email address will not be published. Required fields are marked *