ਮਾਮਲਾ ਮਜਾਤ ਚੌਂਕੀ ਵੱਲੋਂ ਚੋਣ ਪ੍ਰਚਾਰ ਵਾਲਾ ਐਂਪਲੀਫਾਇਰ ਰੱਖਣ ਦਾ…. ਐਸ.ਐਸ.ਪੀ. ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਤੋਂ 15 ਦਿਨ ਬਾਅਦ ਵੀ ਕਾਰਵਾਈ ਨਹੀਂ

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਡੈਮੋਕ੍ਰੇਟਿਕ ਸਵਰਾਜ ਪਾਰਟੀ (ਡਸਪਾ) ਦੀ ਟਿਕਟ ਤੇ ਚੋਣ ਲੜ ਚੁੱਕੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆ ਹੈ ਕਿ ਉਹਨਾਂ ਦੇ ਪ੍ਰਚਾਰ ਵਿੱਚ ਜਾਣ ਬੁੱਝ ਕੇ ਵਿਘਨ ਪਾਉਣ ਵਾਲੇ ਮਜਾਤ ਚੌਂਕੀ ਦੇ ਪੁਲੀਸ ਕਰਮਚਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਥਾਂ ਉਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਤੋਂ ਟਾਲਾ ਵੱਟਿਆ ਜਾ ਰਿਹਾ ਹੈ| ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਕੁੰਭੜਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ 4 ਫ਼ਰਵਰੀ ਨੂੰ ਚੋਣ ਪ੍ਰਕਿਰਿਆ ਤਾਂ ਮੁਕੰਮਲ ਹੋ ਗਈ ਪ੍ਰੰਤੂ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਵਿਘਨ ਪਾਉਣ ਲਈ ਮਜਾਤ ਪੁਲੀਸ ਵੱਲੋਂ ਜ਼ਬਤ ਕੀਤਾ ਐਂਪਲੀਫਾਇਰ ਨਾ ਤਾਂ ਵਾਪਿਸ ਕੀਤਾ ਗਿਆ ਅਤੇ ਨਾ ਹੀ ਮਜਾਤ ਪੁਲੀਸ ਚੌਂਕੀ ਦੇ ਮੁਲਾਜ਼ਮਾਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ|
ਸ੍ਰ.  ਕੁੰਭੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਤੋਂ ਆਟੋਜ਼ ਅਤੇ ਲਾਊਡ ਸਪੀਕਰਾਂ ਆਦਿ ਦੀ ਮਨਜ਼ੂਰੀ ਲਏ ਜਾਣ ਦੇ ਬਾਵਜੂਦ ਬੀਤੀ 23 ਜਨਵਰੀ ਨੂੰ ਉਨ੍ਹਾਂ ਦੇ ਚੋਣ ਪ੍ਰਚਾਰ ਵਾਲਾ ਆਟੋ ਚਾਲਕ ਜਸਵਿੰਦਰ ਸਿੰਘ ਜਦੋਂ ਪੁਲੀਸ ਚੌਂਕੀ ਮਜਾਤ ਦੇ ਨੇੜੇ ਤੋਂ ਲੰਘ ਰਿਹਾ ਸੀ ਤਾਂ ਉਥੇ ਲੱਗੇ ਪੁਲੀਸ ਨਾਕੇ ‘ਤੇ ਉਸ ਨੂੰ ਰੋਕ ਕੇ ਪ੍ਰੇਸ਼ਾਨ ਕੀਤਾ ਗਿਆ| ਉਸ ਕੋਲ ਕਾਗਜ਼ਾਤ ਪੂਰੇ ਹੋਣ ਦੇ ਬਾਵਜੂਦ ਵੀ ਉਸ ਨੂੰ ਛੱਡਣ ਲਈ ਰਿਸ਼ਵਤ ਮੰਗੀ ਗਈ| ਜਦੋਂ ਉਸ ਨੇ ਪੁਲੀਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲੀਸ ਨੇ ਉਸ ਦੇ ਆਟੋ ਵਿੱਚੋਂ ਸਪੀਕਰ ਵਾਲਾ ਐਂਪਲੀਫ਼ਾਇਰ ਉਤਾਰ ਕੇ ਰੱਖ ਲਿਆ ਗਿਆ|
ਉਨ੍ਹਾਂ  ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਚੋਣ ਕਮਿਸ਼ਨ ਅਤੇ ਐਸ.ਐਸ.ਪੀ. ਮੁਹਾਲੀ ਨੂੰ  ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪੁਲੀਸ ਆਟੋ ਚਾਲਕ ਦਾ ਐਂਪਲੀਫ਼ਾਇਰ ਨਹੀਂ ਦੇ ਰਹੀ ਹੈ ਅਤੇ ਨਾ ਹੀ ਐਸ.ਐਸ.ਪੀ. ਦਫ਼ਤਰ ਵੱਲੋਂ ਕੋਈ ਠੋਸ ਕਾਰਵਾਈ ਕੀਤੀ ਗਈ ਹੈ| ਆਟੋ ਚਾਲਕ ਜਸਵਿੰਦਰ ਸਿੰਘ ਆਪਣਾ ਐਂਪਲੀਫਾਇਰ ਰਿਲੀਜ਼ ਕਰਵਾਉਣ ਲਈ ਤਰਲੋਮੱਛੀ ਹੋ ਰਿਹਾ ਹੈ|
ਸ੍ਰ.ਕੁੰਭੜਾ ਨੇ ਕਿਹਾ ਕਿ ਉਕਤ ਐਂਪਲੀਫਾਇਰ ਮਜਾਤ ਪੁਲੀਸ ਚੌਂਕੀ ਦੇ ਕਬਜ਼ੇ ਵਿੱਚ ਹੈ ਅਤੇ ਉਸ ਐਂਪਲੀਫ਼ਾਇਰ ਦਾ ਉਸ ਨੂੰ ਹਰ ਰੋਜ਼ ਉਸ ਨੂੰ ਬਿਨਾ ਮਤਲਬ ਕਿਰਾਇਆ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ  ਮਜਾਤ ਪੁਲੀਸ ਚੌਂਕੀ ਦੇ ਮੁਲਾਜ਼ਮਾਂ ਦੀ ਇਸ ਜ਼ੋਰ ਜ਼ਬਰਦਸਤੀ ਕਾਰਨ ਉਨ੍ਹਾਂ ਦਾ ਚੋਣ ਪ੍ਰਚਾਰ ਵਿੱਚ ਕਾਫ਼ੀ ਨੁਕਸਾਨ ਹੋਇਆ ਕਿਉਂਕਿ ਆਟੋ ਚਾਲਕ ਸਾਉਂਡ ਸਿਸਟਮ ਨਾ ਹੋਣ ਕਾਰਨ ਪ੍ਰਚਾਰ ਲਈ ਨਹੀਂ ਜਾ ਸਕਿਆ|
ਸ੍ਰ. ਕੁੰਭੜਾ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਉਸ ਦੇ ਚੋਣ ਪ੍ਰਚਾਰ ਵਿੱਚ ਵਿਘਨ ਪਾਉਣ ਵਾਲੇ ਪੁਲੀਸ ਮੁਲਾਜ਼ਮਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਂਪਲੀਫ਼ਾਇਰ ਵਾਪਿਸ ਕਰਵਾਇਆ ਜਾਵੇ| ਉਨ੍ਹਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੇ ਪੁਲੀਸ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਅਦਾਲਤ ਵਿੱਚ ਜਾਣ ਲਈ ਮਜ਼ਬੂਰ ਹੋਣਗੇ|

Leave a Reply

Your email address will not be published. Required fields are marked *