ਮਾਮਲਾ ਸਕਿਓਰਿਟੀ ਗੇਟਾਂ ਨੂੰ ਨਾ ਉਤਾਰਨ ਦਾ… ਕੌਂਸਲਰ ਬੇਦੀ ਵੱਲੋਂ ਨਿਗਮ ਖਿਲਾਫ਼ 6 ਮਾਰਚ ਨੂੰ ਧਰਨੇ ਦਾ ਐਲਾਨ

ਐਸ.ਏ.ਐਸ. ਨਗਰ, 20 ਫ਼ਰਵਰੀ (ਸ.ਬ.) ਸ਼ਹਿਰ ਦੇ ਮਸਲਿਆਂ ਨੂੰ ਉਭਾਰ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਪ੍ਰਸਿੱਧ ਸਮਾਜ ਸੇਵੀ ਅਤੇ ਆਰ.ਟੀ.ਆਈ. ਕਾਰਕੁਨ ਅਤੇ ਨਗਰ ਨਿਗਮ ਮੁਹਾਲੀ ਦੇ ਮੌਜੂਦਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਲੱਗੇ ਖਸਤਾ ਹਾਲ ਸਕਿਓਰਿਟੀ ਗੇਟਾਂ ਨੂੰ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਸ ਕਰਨ ਉਪਰੰਤ ਇੱਕ ਸਾਲ ਬੀਤ ਜਾਣ ਤੇ ਵੀ ਨਾ ਉਤਾਰੇ ਜਾਣ ਤੇ ਅਫ਼ਸਰਸ਼ਾਹੀ ਨੂੰ ਜਗਾਉਣ ਲਈ 6 ਮਾਰਚ ਨੂੰ ਨਿਗਮ ਦਫ਼ਤਰ ਦੇ ਸਾਹਮਣੇ ਲੋਕਾਂ ਨੂੰ ਨਾਲ ਲੈ ਕੇ ਧਰਨਾ ਦੇਣ ਦਾ ਐਲਾਨ ਕੀਤਾ ਹੈ| ਇਸੇ ਸਬੰਧ ਵਿੱਚ ਸ੍ਰ. ਬੇਦੀ ਨੇ ਨਿਗਮ ਦੇ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲੱਗੇ ਖਸਤਾ ਹਾਲਤ ਸਾਰੇ ਸਕਿਓਰਿਟੀ ਗੇਟਾਂ ਨੂੰ ਉਤਾਰ ਕੇ ਤੁਰੰਤ ਉਤਾਰਨ ਦੀ ਮੰਗ ਕੀਤੀ ਹੈ|
ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਕੁਲਜੀਤ ਸਿੰਘ ਬੇਦੀ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਨਿਗਮ ਦੀ ਅਫ਼ਸਰਸ਼ਾਹੀ ਨੇ ਇਨ੍ਹਾਂ ਖਸਤਾ ਹਾਲਤ ਗੇਟਾਂ ਨੂੰ ਨਾ ਉਤਾਰ ਕੇ ਇਸ ਗੱਲ ਤੇ ਮੁਹਰ ਲਗਾਈ ਹੈ ਕਿ ਅਫ਼ਸਰਸ਼ਾਹੀ ਤੋਂ ਕੋਈ ਵੀ ਲੋਕਹਿਤ ਵਾਲੇ ਕੰਮ ਕਰਵਾਉਣ ਲਈ ਵੀ ਧਰਨੇ ਰੈਲੀਆਂ ਦਾ ਸਹਾਰਾ ਲੈਣਾ ਪੈਂਦਾ ਹੈ|
ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਦੀ ਢੀਠਤਾਈ ਇਨ੍ਹਾਂ ਗੱਲਾਂ ਤੋਂ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਤਾਂ ਜਨਵਰੀ 2016 ਵਿੱਚ ਨਿਗਮ ਦੀ ਹਾਊਸ ਮੀਟਿੰਗ ਵਿੱਚ ਇਨ੍ਹਾਂ ਗੇਟਾਂ ਨੂੰ ਉਤਾਰਨ ਦਾ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਇਹ        ਗੇਟ ਨਹੀਂ ਉਤਾਰੇ ਗਏ| ਇਸ ਉਪਰੰਤ ਵਾਰ ਵਾਰ ਮੀਡੀਆ ਰਾਹੀਂ ਅਤੇ ਅਫ਼ਸਰਸ਼ਾਹੀ ਨੂੰ ਲਿਖਤੀ ਪੱਤਰ ਭੇਜ ਕੇ ਇਨ੍ਹਾਂ ਸਕਿਓਰਿਟੀ ਗੇਟਾਂ ਨੂੰ ਉਤਾਰਨ ਦੀ ਮੰਗ ਕੀਤੇ ਜਾਣ ਤੋਂ ਬਾਅਦ ਅਧਿਕਾਰੀ ਕੁਝ ਹਰਕਤ ਵਿੱਚ ਆਏ ਸਨ ਅਤੇ ਸ਼ਹਿਰ ਦੇ ਕੁਝ ਸਕਿਓਰਿਟੀ ਗੇਟ ਉਤਾਰ ਦਿੱਤੇ ਗਏ ਸਨ ਪ੍ਰੰਤੂ ਕਾਫ਼ੀ ਜ਼ਿਆਦਾ ਗੇਟ ਅਜੇ ਵੀ ਉਸੇ ਤਰ੍ਹਾਂ ਲਟਕ ਰਹੇ ਹਨ| ਇਸ ਦਾ ਮਤਲਬ ਇਹ ਹੋਇਆ ਕਿ ਨਿਗਮ ਦੇ ਅਧਿਕਾਰੀ ਸਿਰਫ਼ ਨੋਟਿਸਾਂ ਜਾਂ ਖ਼ਬਰਾਂ ਲੱਗਣ ਤੋਂ ਬਾਅਦ ਹੀ ਥੋੜ੍ਹੀ ਬਹੁਤ ਹਿੱਲਜੁਲ ਕਰਕੇ ਸੌਂ ਜਾਂਦੇ ਹਨ| ਜਦਕਿ ਚਾਹੀਦਾ ਇਹ ਸੀ ਕਿ ਸਾਰੇ        ਗੇਟ ਉਤਾਰੇ ਜਾਂਦੇ| ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਆਪਣੀ ਸਰਕਾਰੀ ਡਿਊਟੀ ਪ੍ਰਤੀ ਹੀ ਸੁਹਿਰਦ ਨਹੀਂ ਹਨ ਤਾਂ ਫਿਰ ਅਜਿਹੇ ਅਧਿਕਾਰੀਆਂ ਨੂੰ ਤੁਰੰਤ ਬਦਲ ਕੇ ਕਿਸੇ ਅਰਾਮਦਾਇਕ ਜਾਂ ਵਿਹਲੜ ਸੀਟ ‘ਤੇ ਤਾਇਨਾਤ ਕਰ ਦਿੱਤਾ ਜਾਣਾ ਚਾਹੀਦਾ ਹੈ|
ਸ੍ਰ. ਬੇਦੀ ਨੇ ਸਕਿਓਰਿਟੀ ਗੇਟਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਕਿਓਰਿਟੀ ਗੇਟ ਕੁਝ ਸਮਾਂ ਪਹਿਲਾਂ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਲਈ ਲਗਾਏ ਗਏ ਸਨ| ਪ੍ਰੰਤੂ ਕਈ ਪ੍ਰਕਾਰ ਦੀਆਂ ਕਮੀਆਂ ਅਤੇ ਊਣਤਾਈਆਂ ਦੇ ਕਾਰਨ ਇਹ ਗੇਟ ਕਾਮਯਾਬ ਨਹੀਂ ਹੋ ਸਕੇ| ਕਈ ਥਾਵਾਂ ਉਤੇ ਲਗੇ ਇਹ ਖਸਤਾ ਹਾਲਤ ਸਕਿਓਰਿਟੀ ਗੇਟ ਦੁਰਘਟਨਾਵਾਂ ਨੂੰ ਵੀ ਅੰਜ਼ਾਮ ਦੇ ਰਹੇ ਹਨ| ਮੌਜੂਦਾ ਆਲਮ ਇਹ  ਹੈ ਕਿ ਇਹ ਸਕਿਓਰਿਟੀ ਗੇਟ ਜਿੱਥੇ ਸ਼ਹਿਰ ਦੀ ਸੁੰਦਰਤਾ ਉਤੇ ਧੱਬਾ ਅਤੇ ਕਈ ਰਾਜਨੀਤਕ ਲੋਕਾਂ ਦੇ  ਇਸ਼ਤਿਹਾਰ ਚਮਕਾਉਣ ਤੋਂ ਇਲਾਵਾ ਕੁਝ ਵੀ ਨਹੀਂ ਹਨ| ਇਨ੍ਹਾਂ ਗੇਟਾਂ ਦੀ ਵਜ੍ਹਾ ਨਾਲ ਹਾਦਸੇ ਵੀ ਵਾਪਰਦੇ ਰਹਿੰਦੇ ਹਨ|
ਉਨ੍ਹਾਂ ਕਿਹਾ ਕਿ ਇਹ ਸਕਿਓਰਿਟੀ ਗੇਟ ਨਗਰ ਨਿਗਮ ਦੀ ਪ੍ਰਾਪਰਟੀ  ਹਨ ਅਤੇ ਇਨ੍ਹਾਂ ਦੇ ਟੈਂਡਰ ਵੀ ਰੱਦ ਹੋ ਚੁੱਕੇ ਹਨ| ਇਸ ਲਈ ਇਨ੍ਹਾਂ ਸਕਿਓਰਿਟੀ ਗੇਟਾਂ ਨੂੰ ਉਤਾਰ ਕੇ ਨਿਗਮ ਦੇ ਸਟੋਰ ਵਿੱਚ ਭੇਜਿਆ ਜਾਵੇ| ਸ੍ਰ. ਬੇਦੀ ਨੇ ਕਿਹਾ ਕਿ ਜੇਕਰ 5 ਮਾਰਚ ਤੱਕ ਨਗਰ ਨਿਗਮ ਵੱਲੋਂ ਇਹ ਸਾਰੇ ਗੇਟ ਉਤਾਰ ਕੇ ਨਿਗਮ ਦੇ ਸਟੋਰ ਵਿੱਚ ਨਾ ਪਹੁੰਚਾਏ ਗਏ ਤਾਂ 6 ਮਾਰਚ ਨੂੰ ਨਿਗਮ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਮੌਕੇ ‘ਤੇ ਹੀ ਸਾਰੇ ਗੇਟ ਉਤਾਰਨ ਲਈ ਨਿਗਮ ਅਧਿਕਾਰੀਆਂ ਨੂੰ ਮਜ਼ਬੂਰ ਕੀਤਾ ਜਾਵੇਗਾ|

Leave a Reply

Your email address will not be published. Required fields are marked *