ਮਾਰਕਫੈਡ ਬਾਜ਼ਾਰ ਵਿੱਚ ਮਹਾਫੈਡ ਦੇ ਉਤਪਾਦਾਂ ਦੀ ਵਿਕਰੀ ਸ਼ੁਰੂ

ਮਾਰਕਫੈਡ ਬਾਜ਼ਾਰ ਵਿੱਚ ਮਹਾਫੈਡ ਦੇ ਉਤਪਾਦਾਂ ਦੀ ਵਿਕਰੀ ਸ਼ੁਰੂ
ਮਹਾਂਰਾਸ਼ਟਰ ਤੇ ਪੰਜਾਬ ਦੇ ਸਹਿਕਾਰਤਾ ਮੰਤਰੀਆਂ ਨੇ ਕੀਤਾ ਉਦਘਾਟਨ
ਚੰਡੀਗੜ੍ਹ, 14 ਨਵੰਬਰ (ਸ.ਬ.) ਮਹਾਂਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਤਰੀ ਸ੍ਰੀ ਸੁਭਾਸ਼ ਦੇਸ਼ਮੁੱਖ ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸੈਕਟਰ 22 ਸਥਿਤ ਮਾਰਕਫੈਡ ਬਜ਼ਾਰ ਵਿਖੇ ਮਹਾਫੈਡ (ਮਹਾਂਰਾਸ਼ਟਰ) ਦੇ ਉਤਪਾਦਾਂ ਦੀ ਵਿਕਰੀ ਲਈ ਬਣਾਏ ਕੇਂਦਰ ਦਾ ਉਦਘਾਟਨ ਕੀਤਾ ਗਿਆ|
65ਵੇਂ ਸਰਵ ਭਾਰਤੀ ਸਹਿਕਾਰਤਾ ਸਪਤਾਹ ਦੇ ਉਦਘਾਟਨ ਲਈ ਪੰਜਾਬ ਦੇ ਸਹਿਕਾਰਤਾ ਮੰਤਰੀ ਦੇ ਸੱਦੇ ਉਤੇ ਉਚੇਚੇ ਤੌਰ ਤੇ ਆਏ ਸ੍ਰੀ ਦੇਸ਼ਮੁੱਖ ਨੇ ਕਿਹਾ ਕਿ ਪੰਜਾਬ ਤੇ ਮਹਾਂਰਾਸ਼ਟਰ ਦੋਵੇਂ ਸੂਬੇ ਕਿਸਾਨੀ ਪ੍ਰਧਾਨ ਵਾਲੇ ਹਨ ਜਿੱਥੇ ਸਹਿਕਾਰਤਾ ਖੇਤਰ ਦਾ ਬਹੁਤ ਵੱਡਾ ਰੋਲ ਹੈ| ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਸਹਿਕਾਰਤਾ ਖੇਤਰ ਦਾ ਆਪਸੀ ਸਹਿਯੋਗ ਕਿਸਾਨਾਂ ਤੇ ਕਿਸਾਨੀ ਦੇ ਭਲੇ ਲਈ ਅਹਿਮ ਯੋਗਦਾਨ ਪਾਵੇਗਾ| ਉਨ੍ਹਾਂ ਕਿਹਾ ਕਿ ਸ੍ਰ. ਰੰਧਾਵਾ ਦੀ ਅਗਵਾਈ ਵਿੱਚ ਮਾਰਕਫੈਡ ਦੇ ਉਚ ਪੱਧਰੀ ਵਫਦ ਵੱਲੋਂ ਜੁਲਾਈ ਮਹੀਨੇ ਮੁੰਬਈ ਦੌਰਾ ਕੀਤਾ ਗਿਆ ਸੀ ਜਿਸ ਦੌਰਾਨ ਫੈਸਲਾ ਕੀਤਾ ਗਿਆ ਸੀ ਕਿ ਮਾਰਕਫੈਡ ਤੇ ਮਹਾਫੈਡ ਦੇ ਉਤਪਾਦ ਇਕ-ਦੂਜੇ ਸੂਬਿਆਂ ਦੇ ਵਿਕਰੀ ਕੇਂਦਰਾਂ ਉਤੇ ਵੇਚੇ ਜਾਣਗੇ|
ਸ੍ਰ. ਰੰਧਾਵਾ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਹਿਕਾਰਤਾ ਖੇਤਰ ਵਿੱਚ ਮੋਹਰੀ ਸੂਬੇ ਮਹਾਂਰਾਸ਼ਟਰ ਪੰਜਾਬ ਨਾਲ ਮਿਲ ਕੇ ਕੰਮ ਕਰ ਰਿਹਾ ਹੈ| ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅੰਤ ਤੱਕ ਪੁਣੇ ਤੇ ਨਾਗਪੁਰ ਵਿਖੇ ਮਾਰਕਫੈਡ ਦੇ ਉਤਪਾਦਾਂ ਦੇ ਵਿਕਰੀ ਕੇਂਦਰਾਂ ਦੀ ਸ਼ੁਰੂਆਤ ਹੋ ਜਾਵੇਗੀ|
ਉਨ੍ਹਾਂ ਕਿਹਾ ਕਿ ਮਾਰਕਫੈਡ ਦੇ ਖਾਣ ਵਾਲੇ ਉਤਪਾਦਾਂ ਦੀ ਪੰਜਾਬ ਤੋਂ ਬਾਹਰ ਵੱਡੀ ਮੰਗ ਹੈ ਜਿਸ ਨਾਲ ਹੁਣ ਇਹ ਮੰਗ ਪੂਰੀ ਹੋ ਜਾਇਆ ਕਰੇਗੀ| ਇਸ ਮੌਕੇ ਦੋਵੇਂ ਮੰਤਰੀਆਂ ਵੱਲੋਂ ਮਾਰਕਫੈਡ ਬਜ਼ਾਰ ਦਾ ਦੌਰਾ ਕੀਤਾ ਗਿਆ|
ਇਸ ਮੌਕੇ ਮਹਾਂਰਾਸ਼ਟਰ ਤੋਂ ਸਹਿਕਾਰਤਾ ਮੰਤਰੀ ਨਾਲੇ ਆਏ ਸ਼ਾਗਲੀ ਦੇ ਸੰਸਦ ਮੈਂਬਰ ਸ੍ਰੀ ਸੰਜੇ ਕਾਕਾ ਪਾਟਿਲ, ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ ਡਾ ਰਾਜਾਰਾਮ ਦਿਘੇ ਤੇ ਐਮ. ਸੀ. ਡੀ. ਸੀ. ਸ੍ਰੀ ਮਿਲਿੰਦ ਆਕਰੇ, ਮਾਰਕਫੈਡ ਦੇ ਪ੍ਰਬੰਧਕ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਤੇ ਡਿਪਟੀ ਚੀਫ ਮੈਨੇਜਰ ਸ੍ਰੀ ਸੰਜੀਵ ਮਾਣਕਤਾਲਾ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *