ਮਾਰਕੀਟਾਂ ਵਿੱਚ ਪੇਡ ਪਾਰਕਿੰਗ ਵਿਵਸਥਾ ਦੀ ਤਜਵੀਜ ਦੇ ਵਿਰੁੱਧ ਲਾਮਬੰਦ ਹੋ ਰਹੇ ਹਨ ਦੁਕਾਨਦਾਰ , ਕੌਂਸਲਰਾਂ ਵਲੋਂ ਵੀ ਵਿਰੋਧ

ਐਸ. ਏ. ਐਸ. ਨਗਰ, 26 ਜੂਨ (ਸ.ਬ.) ਨਗਰ ਨਿਗਮ ਵਲੋਂ ਭਲਕੇ ਦੀ ਮੀਟਿੰਗ ਵਿੱਚ ਸ਼ਹਿਰ ਵਿਚਲੀਆਂ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਦਾ ਉਪਪ੍ਰਬੰਧ ਕਰਨ ਤੇ ਵਿਚਾਰ ਕਰਨ ਸੰਬੰਧੀ ਪਾਏ ਗਏ ਅਤੇ (ਜਿਸ ਨਾਲ ਇਹ ਚਰਚਾ ਭਖ ਗਈ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪਾਰਕਿੰਗ ਫੀਸ ਲਾਗੂ ਕਰਕੇ ਇਹਨਾਂ ਨੂੰ ਠੇਕੇਦਾਰ ਦੇ ਹਵਾਲੇ ਕਰ ਦਿਤਾ ਜਾਵੇਗਾ) ਦੇ ਨਾਲ ਹੀ ਸ਼ਹਿਰ ਵਿੱਚ ਪੇਡ ਪਾਰਕਿੰਗ ਦਾ ਵਿਰੋਧ ਵੀ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਸ਼ਹਿਰ ਦੇ ਵੱਖ ਵੱਖ ਫੇਜਾਂ ਦੇ ਦੁਕਾਨਦਾਰ ਇਸਦੇ ਵਿਰੋਧ ਵਿੱਚ ਆ ਗਏ ਹਨ| ਇਸਦੇ ਨਾਲ ਹੀ ਇਸ ਮਤੇ ਉਪਰ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ ਅਤੇ ਕਾਂਗਰਸ ਅਤੇ ਅਕਾਲੀ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਵੀ ਇਸਦੇ ਵਿਰੋਧ ਵਿੱਚ ਆ ਗਏ ਹਨ|
ਕੌਂਸਲਰ ਸ੍ਰ. ਕੁਲਜੀਤ ਸਿੰਘ  ਬੇਦੀ ਨੇ ਇਸ ਸਬੰਧੀ ਕਿਹਾ ਕਿ ਜਿਥੋਂ ਤਕ ਪਾਰਕਿੰਗਾਂ ਦੀ ਸਾਂਭ ਸੰਭਾਲ ਅਤੇ ਆਮ ਲੋਕਾਂ ਦੀ ਸੁਰਖਿਆ ਅਤੇ ਸਹੂਲੀਅਤ ਦਾ ਸਵਾਲ ਹੈ ਪਾਰਕਿੰਗ ਦਾ ਪ੍ਰਬੰਧ ਕਰਨਾ ਨਗਰ ਨਿਗਮ ਦੀ ਜਿੰਮੇਵਾਰੀ ਹੈ ਪਰੰਤੂ ਇਸ ਵਾਸਤੇ ਸ਼ਹਿਰ ਵਾਸੀਆਂ ਉਪਰ ਪਾਰਕਿੰਗ ਫੀਸ ਨਹੀਂ ਲਗਾਈ ਜਾਣੀ ਚਾਹੀਦੀ ਅਤੇ ਜੇਕਰ ਮੀਟਿੰਗ ਵਿੱਚ ਪਾਰਕਿੰਗ ਨੂੰ  ਠੇਕੇ ਤੇ  ਦੇਣ ਦੀ ਕਿਸੇ ਕਾਰਵਾਈ ਨੂੰ ਮੰਜੂਰੀ ਨਹੀਂ ਦਿੱਤੀ ਜਾਵੇਗੀ|
ਮਿਉਂਸਪਲ ਕੌਂਸਲਰ ਅਤੇ ਫੇਜ਼-10 ਮਾਰਕੀਟ ਦੇ ਪ੍ਰਧਾਨ ਸ੍ਰ. ਗੁਰਮੀਤ ਸਿੰਘ ਵਾਲੀਆ ਨੇ ਇਸ ਸੰਬੰਧੀ ਕਿਹਾ ਕਿ ਸ਼ਹਿਰ ਵਾਸੀ ਮਾਰਕੀਟਾਂ ਵਿੱਚ         ਪੇਡ ਪਾਰਕਿੰਗ ਦੇ ਪੂਰੀ ਤਰ੍ਹਾਂ ਖਿਲਾਫ ਹਨ ਅਤੇ ਨਿਗਮ ਨੂੰ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਦੇ ਦੁਕਾਨਦਾਰਾਂ ਤੋਂ ਪ੍ਰਾਪਰਟੀ ਟੈਕਸ ਅਤੇ ਰੈਂਟਲ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਇਕੱਤਰ ਕੀਤੇ ਜਾਂਦੇ ਹਨ ਅਤੇ ਮਾਰਕੀਟਾਂ ਵਿੱਚ ਪਾਰਕਿੰਗ ਦੇ ਪ੍ਰਬੰਧ ਕਰਨੇ ਨਿਗਮ ਦੀ ਜਿੰਮੇਵਾਰੀ ਹੈ| ਉਹਨਾਂ ਕਿਹਾ ਕਿ ਜੇਕਰ ਨਿਗਮ ਨੇ ਪੇਡ ਪਾਰਕਿੰਗ ਵਿਵਸਥਾ ਲਾਗੂ ਕਰਨੀ ਹੈ ਤਾ ਫਿਰ ਪ੍ਰਾਪਰਟੀ ਟੈਕਸ ਅਤੇ ਰੈਂਟਲ ਟੈਕਸ ਦੀ ਵਸੂਲੀ ਤੇ ਰੋਕ ਲਗਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਲਕਾ ਵਿਧਾਇਕ ਵਲੋਂ ਲੋਕਾਂ ਨਾਲ ਇਹ ਵਾਇਦਾ ਕੀਤਾ ਗਿਆ ਸੀ ਕਿ ਉਹ  ਪੇਡ ਪਾਰਕਿੰਗ ਵਿਵਸਥਾ ਲਾਗੂ ਨਹੀਂ ਹੋਣ ਦੇਣਗੇ|
ਭਾਜਪਾ ਦੇ ਕੌਂਸਲਰ ਸ੍ਰੀ ਅਸ਼ੋਕ ਝਾਅ ਵੀ ਪੇਡ ਪਾਰਕਿੰਗ ਵਿਵਸਥਾ ਦੇ ਵਿਰੋਧ ਵਿੱਚ ਹਨ| ਉਹ ਕਹਿੰਦੇ ਹਨ ਕਿ ਪੇਡ ਪਾਰਕਿੰਗ ਦੇ ਨਾਮ ਤੇ ਪਿਛਲਾ ਤਜਰਬਾ ਦੱਸਦਾ ਹੈ ਠੇਕੇਦਾਰ ਦਾ ਪੂਰਾ ਧਿਆਨ ਸਿਰਫ ਪਰਚੀ ਕੱਟਣ ਤੱਕ ਹੀ ਸੀਮਿਤ ਸੀ ਅਤੇ ਉਸ ਵੱਲੋਂ ਵਾਹਨ ਚਾਲਕਾਂ ਦੀ ਸੁਵਿਧਾ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਅਤੇ ਉਹ ਮੀਟਿੰਗ ਵਿੱਚ ਪੇਡ ਪਾਰਕਿੰਗ ਦੀ ਤਜਵੀਜ ਦਾ ਡਟ ਕੇ ਵਿਰੋਧ ਕਰਨਗੇ|
ਸ਼ਹਿਰ ਦੀਆਂ ਮਾਰਕੀਟਾਂ ਦੇ ਨੁਮਾਇੰਦੇ ਵੀ ਖੁਲ ਕੇ ਪੇਡ ਪਾਰਕਿੰਗਾਂ ਦੇ ਵਿਰੋਧ ਵਿੱਚ ਆ ਗਏ ਹਨ| ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਧਰੀ,ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਅਤੇ  ਚੇਅਰਮੈਨ ਜੱਟ ਮਹਾਂਸਭਾ ਵਲੋਂ ਵਿਧਾਇਕ ਸਿੱੱਧੂ ਦਾ ਸਨਮਾਨ ਸ੍ਰ. ਸ਼ੀਤਲ ਸਿੰਘ ਕਹਿੰਦੇ ਹਨ ਕਿ ਪਿਛਲਾ ਤਜਰਬਾ ਦੱਸਦਾ ਹੈ ਕਿ ਇਸ ਨਾਲ ਦੁਕਾਨਦਾਰਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਭਾਰੀ ਵਾਧਾ ਹੋਇਆ ਸੀ ਅਤੇ ਕੌਂਸਲਰਾਂ ਨੂੰ ਇਸ ਸਬੰਧੀ ਮਤੇ ਦਾ ਵਿਰੋਧ ਕਰਨਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਸ਼ਹਿਰ ਦੇ ਦੁਕਾਨਦਾਰ ਕਿਸੇ ਵੀ ਕੀਮਤ ਤੇ ਪੇਡ ਪਾਰਕਿੰਗ ਵਿਵਸਥਾ ਲਾਗੂ ਨਹੀਂ ਹੋਣ ਦੇਣਗੇ|  ਫੇਜ਼ 3ਬੀ2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੇ ਪੀ ਕਹਿੰਦੇ ਹਨ ਕਿ ਦੁਕਾਨਦਾਰ ਪਹਿਲਾਂ ਹੀ ਮੰਦੇ ਹੀ ਮਾਰ ਹੇਠ ਹਨ ਅਤੇ ਅਜਿਹਾ ਕੋਈ ਵੀ ਫੈਸਲਾ ਸ਼ਹਿਰ ਦੇ ਵਪਾਰ ਲਈ ਮਾਰੂ ਹੋਵੇਗਾ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲਗਭਗ ਸਾਰੀਆਂ ਮਾਰਕੀਟਾਂ ਅੰਦਰੂਨੀ ਸੜਕਾਂ ਤੇ ਸਥਿਤ ਹਨ ਲੋਕ ਆਪਣੀ ਰੋਜਾਨਾ ਜਰੂਰਤ ਦਾ ਛੋਟਾ ਛੋਟਾ ਸਾਮਾਨ ਖਰੀਦਣ ਲਈ ਦਿਨ ਵਿੱਚ ਕਈ ਵਾਰ ਜਾਂਦੇ ਹਨ ਅਤੇ ਪੇਡ ਪਾਰਕਿੰਗ ਦਾ ਫੈਸਲਾ ਉਹਨਾਂ ਲਈ ਭਾਰੀ ਅਸੁਵਿਧਾ ਦਾ ਕਾਰਣ ਬਣਦਾ ਹੈ ਜਿਸ ਨਾਲ ਲੋਕ ਮਾਰਕੀਟ ਵਿੱਚ ਆਉਣ ਤੋਂ ਹੀ ਇਨਕਾਰੀ ਹੋ ਜਾਂਦੇ ਹਨ|  ਫੇਜ਼-7 ਮਾਰਕੀਟ ਦੇ ਪ੍ਰਧਾਨ ਸ੍ਰ. ਗੁਰਮੁੱਖ ਸਿੰਘ ਵਾਲੀਆ ਕਹਿੰਦੇ ਹਨ ਕਿ ਨਗਰ ਨਿਗਮ ਵਲੋਂ ਮਾਰਕੀਟਾਂ ਵਿੱਚ ਲੱਗਦੀਆਂ ਅਣਅਧਿਕਾਰਤ ਰੇਹੜੀਆਂ ਫੜੀਆਂ ਨੂੰ ਚੁਕਵਾਉਣ ਲਈ ਤਾਂ ਕੁਝ ਨਹੀਂ ਕੀਤਾ ਜਾਂਦਾ ਪਰੰਤੂ ਉਸ ਵਲੋਂ ਆਮ ਲੋਕਾਂ ਤੇ ਹੋਰ ਭਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਦੁਕਾਨਦਾਰ ਕਿਸੇ ਵੀ ਨੀਅਤ ਤੇ ਅਜਿਹਾ ਕੋਈ ਫੈਸਲਾ ਲਾਗੂ ਨਹੀਂ ਹੋਣ  ਦੇਣਗੇ|  ਫੇਜ਼-5 ਮਾਰਕੀਟ ਦੇ ਪ੍ਰਧਾਨ ਸ੍ਰ. ਰਣਬੀਰ ਸਿੰਘ ਢਿਲੋਂ ਕਹਿੰਦੇ ਹਨ ਕਿ ਨਗਰ ਨਿਗਮ ਵਲੋਂ ਪਹਿਲਾਂ ਵੀ ਪਾਰਕਿੰਗ ਨੂੰ ਠੇਕੇ ਤੇ ਦਿੱਤਾ ਗਿਆ ਸੀ ਅਤੇ ਜਦੋਂ ਠੇਕੇਦਾਰ ਦੇ ਕਰਿੰਦੇ ਗੁੰਡਾਗਰਦੀ ਕਰਦੇ ਸੀ ਅਤੇ ਕੁੜੀਆਂ ਨਾਲ ਛੇੜਛਾੜ ਕਰਦੇ ਸੀ| ਉਹਨਾਂ ਕਿਹਾ ਕਿ ਅਜਿਹੀ ਕੋਈ ਕਾਰਵਾਈ ਬਰਦਾਸ਼ਤ ਨਹੀਂ ਕੀਤੀ  ਜਾਵੇਗੀ|

ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਪਾਇਆ ਮਤਾ : ਕੁਲਵੰਤ ਸਿੰਘ


ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਕਹਿੰਦੇ ਹਨ ਕਿ ਉਹਨਾਂ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਦੀ ਪਾਰਕਿੰਗ ਵਿਵਸਥਾ ਵਿੱਚ ਸੁਧਾਰ ਕਰਨ, ਲੋਕਾਂ ਨੂੰ ਵੱਧ ਤੋਂ ਵੱਧ ਸਹੂਲੀਅਤ ਦੇਣ ਅਤੇ ਸ਼ਹਿਰ ਦੀ ਦਿੱਖ ਸੁਧਾਰਨ ਲਈ ਵਿਚਾਰ ਕਰਨ ਵਾਸਤੇ ਇਹ ਮਤਾ ਲਿਆਂਦਾ ਗਿਆ ਹੈ ਅਤੇ ਇਸ ਸਬੰਧੀ ਕੋਈ ਵੀ ਫੈਸਲਾ ਕੌਂਸਲਰਾਂ ਦੀ ਸਹਿਮਤੀ ਨਾਲ ਹੀ ਹੋਣਾ ਹੈ| ਉਹਨਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਇਹ ਮੰਨਦੇ ਹਨ ਕਿ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜਾਉਣ ਵਾਲਿਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਲੋਕਾਂ ਦੀ ਸੁਰੱਖਿਆ ਅਤੇ ਸਹੂਲੀਅਤ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ| ਇਸ ਸਬੰਧੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਿਸ ਲਈ ਇਹ ਮਤਾ ਲਿਆਂਦਾ ਗਿਆ ਹੈ|

ਪੇਡ ਪਾਰਕਿੰਗ ਵਿਵਸਥਾ ਲਾਗੂ ਨਹੀਂ ਹੋਣ ਦਿਆਂਗੇ: ਬਲਬੀਰ ਸਿੰਘ ਸਿੱਧੂ

 

ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਇਸ ਸਬੰਧੀ ਗੱਲ ਕਰਨ ਤੇ ਕਹਿੰਦੇ ਹਨ ਕਿ ਨਗਰ ਨਿਗਮ ਦੀ ਇਹ ਜਿੰਮੇਵਾਰੀ ਹੈ ਕਿ ਉਹ ਸ਼ਹਿਰ ਵਾਸੀਆਂ ਦੀਆਂ ਆਸਾਂ ਤੇ ਖਰਾ ਉਤਰ  ਕੇ ਵਿਖਾਏ ਅਤੇ ਜੇਕਰ ਸ਼ਹਿਰ ਵਾਸੀ ਪੇਡ ਪਾਰਕਿੰਗ ਵਿਵਸਥਾ ਦੇ ਵਿਰੁੱਧ ਖੜੇ ਹੋਣਗੇ ਤਾਂ ਇਸ ਵਿਵਸਥਾ ਨੂੰ ਲਾਗੂ ਨਹੀਂ ਹੋਣ ਦਿਤਾ ਜਾਵੇਗਾ|

Leave a Reply

Your email address will not be published. Required fields are marked *