ਮਾਰਕੀਟ ਦਾ ਸੀਵਰੇਜ ਜਾਮ ਰਹਿਣ ਕਾਰਨ ਦੁਕਾਨਦਾਰ ਪਰੇਸ਼ਾਨ

ਐਸ.ਏ.ਐਸ ਨਗਰ, 11 ਜੂਨ (ਸ.ਬ.) ਫੇਜ਼ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰ ਮਾਰਕੀਟ ਦੀ ਸੀਵਰੇਜ ਪਾਈਪ ਦੇ ਵਾਰ ਵਾਰ ਬੰਦ ਹੋਣ ਦੀ ਸਮੱਸਿਆ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹਨ, ਇਸ ਮਾਰਕੀਟ ਦੇ ਪਿਛਲੇ ਪਾਸੇ ਪਾਈ ਹੋਈ ਸੀਵਰੇਜ ਦੀ ਲਾਈਨ ਕੁੱਝ ਦਿਨਾਂ ਬਾਅਦ ਬੰਦ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਦੁਕਾਨਾਂ ਦੇ ਪਿਛਲੇ ਪਾਸੇ ਬਣੀ ਪਾਰਕਿੰਗ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਹੈ| ਇਹ ਗੰਦਾ ਪਾਣੀ ਮਾਰਕੀਟ ਵਿੱਚ ਬਣੇ ਸ਼ੋ ਰੂਮਾਂ ਦੀਆਂ ਬੇਸਮੈਂਟਾਂ ਵਿੱਚ ਵੀ ਦਾਖਿਲ ਹੋ ਜਾਂਦਾ ਹੈ ਜਿਸ ਕਾਰਨ ਇੱਥੇ ਕਿਸੇ ਵੀ ਵੇਲੇ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ|
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ. ਪੀ. ਦੱਸਦੇ ਹਨ ਕਿ ਪ੍ਰਸ਼ਾਸ਼ਨ ਵਲੋਂ ਮਾਰਕੀਟ ਵਾਸਤੇ ਪਾਈ ਗਈ ਸੀਵਰੇਜ ਦੀ ਨਿਕਾਸੀ ਲਾਈਨ ਕਾਫੀ ਛੋਟੀ ਹੈ ਅਤੇ ਪਹਿਲਾਂ ਜਦੋਂ ਦੁਕਾਨਾਂ ਘੱਟ ਸੀ ਉਸ ਵੇਲੇ ਤਾਂ ਕੰਮ ਚਲ ਜਾਂਦਾ ਸੀ ਪਰੰਤੂ ਸਮੇਂ ਦੇ ਨਾਲ ਸਾਰੇ ਸ਼ੋ ਰੂਮ ਚਾਰ ਮੰਜਿਲਾ ਹੋ ਗਏ ਹਨ ਅਤੇ ਇਹ ਪੂਰੀ ਤਰ੍ਹਾਂ ਭਰੇ ਹੋਏ ਹਨ| ਇਸ ਤੋਂ ਇਲਾਵਾ ਇਸ ਮਾਰਕੀਟ ਵਿੱਚ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਕਈ ਦੁਕਾਨਾਂ (ਢਾਬੇ ਅਤੇ ਹਲਵਾਈ) ਹਨ ਅਤੇ ਇਹਨਾਂ ਵਿੱਚੋਂ ਕੁੱਝ ਢਾਬੇ ਵਾਲੇ ਅਜਿਹੇ ਵੀ ਹਨ ਜਿਹੜੇ ਆਪਣੀਆਂ ਦੁਕਾਨ ਤੋਂ ਨਿਕਲਣ ਵਾਲੀ ਰਹਿੰਦ ਖੁਹੰਦ ਨੂੰ ਸਿੱਧਾ ਸੀਵਰੇਜ ਦੀ ਲਾਈਨ ਵਿੱਚ ਪਾ ਦਿੰੰਦੇ ਹਨ| ਉਹਨਾਂ ਦੱਸਿਆ ਕਿ ਜਦੋਂ ਵੀ ਸੀਵਰੇਜ ਲਾਈਨ ਦੀ ਸਫਾਈ ਕਰਨ ਲਈ ਨਗਰ ਨਿਗਮ ਦੀ ਟੀਮ ਆਉਂਦੀ ਹੈ ਤਾਂ ਸੀਵਰੇਜ ਦੀ ਲਾਈਨ ਵਿੱਚੋਂ ਸਬਜੀਆਂ ਅਤੇ ਖਾਣੇ ਦੀ ਰਹਿੰਦ ਖੁੰਹਦ ਤੋਂ ਇਲਾਵਾ ਚਿਕਨਾਈ ਬਹੁਤ ਜਿਆਦਾ ਨਿਕਲਦੀ ਹੈ ਜਿਸ ਕਾਰਨ ਸੀਵਰੇਜ ਜਾਮ ਹੋ ਜਾਂਦਾ ਹੈ|
ਉਹਨਾਂ ਦੱਸਿਆ ਕਿ ਇਸ ਸੰਬੰਧੀ ਭਾਵੇਂ ਨਗਰ ਨਿਗਮ ਦੀ ਟੀਮ ਵਲੋਂ ਮਾਰਕੀਟ ਵਿੱਚ ਕੰਮ ਕਰਦੇ ਢਾਬੇ ਵਾਲਿਆਂ ਨੂੰ ਨੋਟਿਸ ਵੀ ਦਿੱਤੇ ਗਏ ਹਨ ਪਰੰਤੂ ਇਸ ਨਾਲ ਸਮੱਸਿਆ ਹਲ ਹੁੰਦੀ ਨਹੀਂ ਦਿਖ ਰਹੀ| ਉਹਨਾਂ ਕਿਹਾ ਕਿ ਇਹ ਢਾਬੇ ਵਾਲੇ ਕਿਉਂਕਿ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੀ ਵਗਾਰ ਕਰਦੇ ਹਨ ਇਸ ਕਾਰਨ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ| ਉਹਨਾਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਇੱਥੇ ਸੀਵਰੇਜ ਦੀ ਵੱਡੀ ਲਾਈਨ ਪਾਈ ਜਾਵੇ ਤਾਂ ਜੋ ਇੱਥੇ ਰੋਜ ਰੋਜ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ|

Leave a Reply

Your email address will not be published. Required fields are marked *