ਮਾਲਦੀਵ : ਪਾਣੀ ਵਿੱਚ ਪਹਿਲੀ ਆਰਟ ਗੈਲਰੀ ਖੁੱਲ੍ਹੀ

ਮਾਲਦੀਵ, 2 ਅਗਸਤ (ਸ.ਬ.) ਮਾਲਦੀਵ ਵਿਚ ਪਾਣੀ ਵਿਚ ਸਥਿਤ ਦੁਨੀਆ ਦੀ ਪਹਿਲੀ ਆਰਟ ਗੈਲਰੀ ਖੁੱਲ੍ਹ ਗਈ ਹੈ| ਕੋਰਾਲੇਰੀਅਮ ਨਾਮ ਦੀ ਇਸ ਗੈਲਰੀ ਵਿਚ 30 ਕਲਾਕ੍ਰਿਤੀਆਂ ਹਨ, ਜੋ ਮੂੰਗੇ ਦੀਆਂ ਚੱਟਾਨਾਂ ਅਤੇ ਹੋਰ ਪਾਣੀ ਵਾਲੇ ਜੀਵਾਂ ਤੋਂ ਪ੍ਰੇਰਿਤ ਹਨ| ਸਿਰੂ ਫੇਨ ਫੁਸ਼ੀ ਰਿਜ਼ੌਰਟ ਵਿਚ ਸਥਿਤ ਵੱਡੇ ਕਿਊਬ (ਘਣ) ਦੇ ਆਕਾਰ ਦੀ ਇਸ ਆਰਟ ਗੈਲਰੀ ਦਾ 3 ਮੀਟਰ ਹਿੱਸਾ ਪਾਣੀ ਦੇ ਅੰਦਰ ਅਤੇ 6 ਮੀਟਰ ਹਿੱਸਾ ਸਮੁੰਦਰੀ ਤਲ ਦੇ ਉਪਰ ਹੈ| ਸਮੁੰਦਰ ਵਿਚ ਜਵਾਰ ਦੇ ਸਮੇਂ ਉਚੀਆਂ ਲਹਿਰਾਂ ਉਠਣ ਉਤੇ ਇਹ ਗੈਲਰੀ ਪੂਰੀ ਤਰ੍ਹਾਂ ਡੁੱਬ ਜਾਂਦੀ ਹੈ ਅਤੇ ਪਾਣੀ ਦਾ ਪੱਧਰ ਘੱਟ ਹੋਣ ਉਤੇ ਵਾਪਸ ਦਿੱਸਣ ਲੱਗਦੀ ਹੈ|
ਇਸ ਅਨੋਖੀ ਗੈਲਰੀ ਨੂੰ ਬ੍ਰਿਟੇਨ ਦੇ ਮਸ਼ਹੂਰ ਸ਼ਿਲਪਕਾਰ ਜੇਸਨ ਡੀਕੈਰੇਸ ਟੇਲਰ ਨੇ ਬਣਾਇਆ ਹੈ| ਇਸ ਗੈਲਰੀ ਨੂੰ ਬਨਾਉਣ ਵਿਚ ਕਰੀਬ 9 ਮਹੀਨਿਆਂ ਦਾ ਸਮਾਂ ਲੱਗਾ| ਟੇਲਰ ਦਾ ਕਹਿਣਾ ਹੈ ਕਿ ਇਸ ਗੈਲਰੀ ਨੂੰ ਦੇਖਣ ਦੇ ਚਾਹਵਾਨ ਸੈਲਾਨੀ ਸਕੂਬਾ ਡਾਈਵਿੰਗ ਦੇ ਨਾਲ-ਨਾਲ ਕਲਾ ਦਾ ਵੀ ਆਨੰਦ ਲੈ ਸਕਦੇ ਹਨ| ਇਹ ਅਜਿਹਾ ਚਿੜੀਆਘਰ ਹੈ ਜਿੱਥੇ ਜਾਨਵਰ ਨਹੀਂ ਸਗੋਂ ਸੈਲਾਨੀ ਪਿੰਜਰੇ ਵਿਚ ਹੁੰਦੇ ਹਨ| ਸਮੁੰਦਰੀ ਜੀਵ ਸੈਲਾਨੀਆਂ ਦੇ ਕੋਲੋਂ ਦੀ ਲੰਘਦੇ ਹਨ| ਇਹ ਆਪਣੇ ਆਪ ਵਿਚ ਬਹੁਤ ਅਨੋਖਾ ਅਨੁਭਵ ਹੁੰਦਾ ਹੈ|
ਇਸ ਗੈਲਰੀ ਦੀਆਂ ਕੰਧਾਂ ਪੀ.ਐਚ.-ਨਿਊਟ੍ਰਲ ਮਰੀਨ ਸਟੀਲ ਨਾਲ ਬਣਾਈਆਂ ਗਈਆਂ ਹਨ| ਇਸ ਦੇ ਆਲੇ-ਦੁਆਲੇ ਦੇ ਪਾਣੀ ਵਿਚ ਨੀਲਾ ਰੰਗ ਚਮਕਦਾ ਹੈ| ਗੈਲਰੀ ਵਿਚ ਰੋਸ਼ਨੀ ਦੀ ਵੀ ਵਿਵਸਥਾ ਕੀਤੀ ਗਈ ਹੈ| ਰਾਤ ਨੂੰ ਰੋਸ਼ਨੀ ਵੱਲ ਆਕਰਸ਼ਿਤ ਹੋ ਕੇ ਕਈ ਸਮੁੰਦਰੀ ਜੀਵ ਗੈਲਰੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ| ਇਹ ਦ੍ਰਿਸ਼ ਟਾਪੂ ਦੇ ਤੱਟ ਤੋਂ ਵੀ ਦੇਖਿਆ ਜਾ ਸਕਦਾ ਹੈ| ਟੇਲਰ ਦਾ ਕਹਿਣਾ ਹੈ ਕਿ ਇਹ ਸਮੁੰਦਰੀ ਦੁਨੀਆ ਨੂੰ ਬਚਾਏ ਰੱਖਣ ਦੀ ਇਕ ਛੋਟੀ ਕੋਸ਼ਿਸ਼ ਹੈ|

Leave a Reply

Your email address will not be published. Required fields are marked *