ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਪੰਜਾਬ ਦਾ ਵਫ਼ਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮਿਲਿਆ

ਚੰਡੀਗੜ੍ਹ, 7 ਅਗਸਤ (ਸ.ਬ.) ਇੱਥੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕਰਕੇ ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਵਫ਼ਦ ਨੇ ਪੰਜਾਬ ਵਿੱਚ ਬੈਲ ਗੱਡੀਆਂ ਦੀਆਂ ਦੁਬਾਰਾ ਖੇਡਾਂ ਸ਼ੁਰੂ ਕਰਨ ਦੀ ਮੰਗ ਕੀਤੀ| ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਰਪੰਚ ਮਨਪ੍ਰੀਤ ਸਿੰਘ ਰਾਈਆ, ਜਰਨਲ ਸਕੱਤਰ ਨਿਰਮਲ ਸਿੰਘ ਨਿੰਮਾ ਨੌਲੜੀ ਦੀ ਅਗਵਾਈ ਵਿੱਚ ਫਵਦ ਨੇ ਖੇਡ ਮੰਤਰੀ ਨੂੰ ਦੱਸਿਆ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਇਹ ਖੇਡਾਂ ਨਿਰਵਿਘਨ ਜਾਰੀ ਹਨ, ਇਸ ਕਰਕੇ ਪੰਜਾਬ ਵਿੱਚ ਵੀ ਇਹਨਾਂ ਖੇਡਾਂ ਨੂੰ ਚਾਲੂ ਕਰਵਾਇਆ ਜਾਵੇ| ਉਨ੍ਹਾਂ ਦੱਸਿਆ ਕਿ ਬੈਲ ਦੌੜਾਂ ਪੰਜਾਬ ਦੀਆਂ ਪੁਰਾਤਣ ਅਤੇ ਵਿਰਾਸਤੀ ਖੇਡਾਂ ਹਨ ਅਤੇ ਸੂਬੇ ਦੇ ਵੱਡੇ-ਵੱਡੇ ਪੇਂਡੂ ਖੇਡ ਮੇਲਿਆਂ ਦਾ ਸ਼ਿੰਗਾਰ ਰਹੀਆਂ ਹਨ| ਕੇਂਦਰ ਸਰਕਾਰ ਵੱਲੋਂ ਇਸ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਹਨਾਂ ਖੇਡਾਂ ਨੂੰ ਚਾਲੂ ਰੱਖਣ ਲਈ ਰਾਜ ਸੂਬਾ ਸਰਕਾਰਾਂ ਨੂੰ ਅਧਿਕਾਰ ਦੇ ਦਿੱਤੇ ਗਏ ਹਨ| ਜਿਸ ਤੋਂ ਬਾਅਦ ਕਈ ਸੂਬਿਆਂ ਵਿੱਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ| ਜਦੋਂ ਕਿ ਪੰਜਾਬ ਵਿੱਚ ਇਹਨਾਂ ਖੇਡਾਂ ਤੇ ਰੋਕ ਅਜੇ ਵੀ ਜਾਰੀ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਇਹਨਾਂ ਵਿਰਾਸਤੀ ਖੇਡਾਂ ਨੂੰ ਜਲਦ ਸ਼ੁਰੂ ਕਰਵਾਇਆ ਜਾਵੇ|
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੈਲ ਦੌੜਾਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆ ਕੇ ਸੂਬੇ ਵਿੱਚ ਬੈਲ ਗੱਡੀਆਂ ਦੀਆਂ ਖੇਡਾਂ ਜਲਦ ਚਾਲੂ ਕਰਵਾਈਆ ਜਾਣਗੀਆਂ| ਇਸ ਮੌਕੇ ਤੇ ਵਫਦ ਵਿੱਚ ਅਮਰਜੀਤ ਸਿੰਘ ਪੱਪੂ ਭੋਂਇਪੁਰ, ਦਵਿੰਦਰ ਸਿੰਘ ਬੱਸੀਆ, ਅਰਸ਼ ਨਾਰੰਗਵਾਲ, ਕਿੰਦੀ ਕੁੱਲੇਵਾਲ, ਬੱਟਾ ਫੱਲੇਵਾਲ, ਹਲਟੀ ਦੌੜ ਦੇ ਪ੍ਰਧਾਨ ਟੋਨੀ ਰੁੜਕਾ ਆਦਿ ਹਾਜ਼ਰ ਸਨ|
ਇਸ ਸਬੰਧੀ ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਵਫਦ ਵੱਲੋਂ ਖੇਡ ਵਿਭਾਗ ਪੰਜਾਬ ਦੀ ਡਾਇਰੈਕਟਰ ਮੈਡਮ ਅਮ੍ਰਿੰਤਪਾਲ ਕੌਰ ਗਿੱਲ ਅਤੇ ਡਿਪਟੀ ਡਾਇਰੈਟਰ ਕਰਤਾਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਇਸ ਸਬੰਧੀ ਫਾਇਲ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ| ਇਸ ਬਾਬਤ ਫੈਸਲਾ ਸਰਕਾਰ ਵੱਲੋਂ ਹੀ ਕੀਤਾ ਜਾਣਾ ਹੈ|

Leave a Reply

Your email address will not be published. Required fields are marked *