ਮਾਲਾਵੀ ਤੇ ਮੌਜ਼ੰਬੀਕ ਵਿੱਚ ਭਾਰੀਂ ਮੀਂਹ ਨਾਲ ਹੜ੍ਹ, 60 ਵਿਅਕਤੀਆਂ ਦੀ ਮੌਤ

ਸੰਯੁਕਤ ਰਾਸ਼ਟਰ, 14 ਮਾਰਚ (ਸ.ਬ.) ਦੱਖਣੀ ਅਫਰੀਕਾ ਦੇ ਮੌਜ਼ੰਬੀਕ ਅਤੇ ਮਾਲਾਵੀ ਵਿੱਚ ਭਾਰੀ ਮੀਂਹ ਕਾਰਨ ਤਕਰੀਬਨ 60 ਵਿਅਕਤੀਆਂ ਦੀ ਮੌਤ ਹੋ ਗਈ| ਜਦਕਿ ਕਰੀਬ 8,43,00 ਵਿਅਕਤੀ ਪ੍ਰਭਾਵਿਤ ਹੋਏ ਹਨ| ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਦੇ ਬੁਲਾਰੇ ਸਟੀਵਨ ਡੁਜਾਰਿਕ ਨੇ ਕਿਹਾ,”ਸਾਡੇ ਮਨੁੱਖੀ ਸਹਿਯੋਗੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸਬੰਧਤ ਸਰਕਾਰ ਦੀ ਸ਼ੁਰੂਆਤੀ ਰਿਪੋਰਟ ਮੁਤਾਬਕ ਮਾਲਾਵੀ ਅਤੇ ਮੌਜ਼ੰਬੀਕ ਵਿਚ ਹੜ੍ਹ ਨਾਲ ਲੱਗਭਗ 8,43,000 ਲੋਕ ਪ੍ਰਭਾਵਿਤ ਹੋਏ ਹਨ ਅਤੇ ਘੱਟੋ-ਘੱਟ 60 ਲੋਕਾਂ ਦੀ ਮੌਤ ਹੋਈ ਹੈ|”
ਡੁਜਾਰਿਕ ਨੇ ਕਿਹਾ,”ਮਾਲਾਵੀ ਅਤੇ ਮੌਜ਼ੰਬੀਕ ਦੀਆਂ ਸਰਕਾਰਾਂ ਮਨੁੱਖੀ ਪ੍ਰਤੀਕਿਰਿਆ ਦੀ ਅਗਵਾਈ ਕਰ ਰਹੀਆਂ ਹਨ| ਮਾਲਾਵੀ ਸਰਕਾਰ ਨੇ ਐਮਰਜੈਂਸੀ ਰਾਹਤ ਵਸਤਾਂ ਭੇਜਣ ਦੇ ਨਾਲ ਹੀ ਲੋਕਾਂ ਨੂੰ ਸਮਰਥਨ ਦੀ ਅਪੀਲ ਕੀਤੀ ਹੈ| ਸਰਕਾਰ ਨੇ ਰਾਹਤ ਸਮੱਗਰੀ, ਟੈਂਟ, ਖਾਧ ਪਦਾਰਥ ਅਤੇ ਦਵਾਈਆਂ ਪਹੁੰਚਾਈਆਂ ਹਨ| ਨਾਲ ਹੀ ਬਚਾਅ ਕੰਮ ਲਈ ਹੈਲੀਕਾਪਟਰ ਦੀ ਵੀ ਵਿਵਸਥਾ ਕੀਤੀ ਹੈ|” ਮਨੁੱਖੀ ਮਾਮਲਿਆਂ ਦੇ ਸਮੂਹ (ਓ. ਸੀ. ਐਚ. ਏ.) ਦੇ ਸੰਯੁਕਤ ਰਾਸ਼ਟਰ ਦਫਤਰ ਦੇ ਬੁਲਾਰੇ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਲਾਵੀ ਵਿਚ ਮਨੁੱਖੀ ਪ੍ਰਤੀਕਿਰਿਆ ਖੋਜ ਅਤੇ ਬਚਾਅ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ|
ਓ.ਸੀ.ਐਚ.ਏ. ਨੇ ਕਿਹਾ ਕਿ ਮੌਜ਼ੰਬੀਕ ਵਿਚ ਹੜ੍ਹ ਨਾਲ ਇਕ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ| ਸਰਕਾਰ ਅਤੇ ਮਨੁੱਖੀ ਸਹਿਯੋਗੀ ਲੋਕਾਂ ਤੱਕ ਜ਼ਰੂਰੀ ਮਦਦ ਪਹੁੰਚਾ ਰਹੇ ਹਨ| ਮਾਲਾਵੀ ਵਿਚ ਕੁੱਲ 7,39,800 ਵਿਅਕਤੀ ਬੀਤੇ ਚਾਰ ਦਿਨਾਂ ਤੋਂ ਜਾਰੀ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ| ਓ.ਸੀ.ਐਚ.ਏ. ਨੇ ਮਾਲਾਵੀ ਅਤੇ ਮੌਜ਼ੰਬੀਕ ਵਿਚ ਅਗਲੇ ਕੁਝ ਦਿਨਾਂ ਤੱਕ ‘ਇਡਾਈ’ ਨਾਮ ਦੇ ਚੱਕਰਵਾਤੀ ਤੂਫਾਨ ਦੇ ਆਉਣ ਦੀ ਚਿਤਾਵਨੀ ਦਿੱਤੀ ਹੈ| ਓ.ਸੀ.ਐਚ.ਏ. ਨੇ ਸ਼ੁਰੂਆਤੀ ਚਿਤਾਵਨੀ ਸੰਦੇਸ਼ ਵਿਚ ਮਾਲਾਵੀ ਦੇ ਸਾਰੇ ਸੰਵੇਦਨਸ਼ੀਲ ਇਲਾਕਿਆਂ ਤੋਂ ਲੋਕਾਂ ਨੂੰ ਦੂਰ ਰਹਿਣ, ਹੜ੍ਹ ਵਾਲੀਆਂ ਨਦੀਆਂ ਨੂੰ ਪਾਰ ਕਰਨ ਤੋਂ ਬਚਣ ਅਤੇ ਰੁੱਖਾਂ ਦੇ ਹੇਠਾਂ ਨਾ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ|

Leave a Reply

Your email address will not be published. Required fields are marked *