ਮਾਲ ਵਿੱਚ ਬਣੇ ਸਿਨੇਮਾ ਹਾਲ ਵਾਲੇ ਕਰਦੇ ਹਨ ਦਰਸ਼ਕਾਂ ਦੀ ਅੰਨੀ ਲੁੱਟ : ਵਿਨੀਤ ਵਰਮਾ

ਮਾਲ ਵਿੱਚ ਬਣੇ ਸਿਨੇਮਾ ਹਾਲ ਵਾਲੇ ਕਰਦੇ ਹਨ ਦਰਸ਼ਕਾਂ ਦੀ ਅੰਨੀ ਲੁੱਟ : ਵਿਨੀਤ ਵਰਮਾ
ਕਈ ਗੁਨਾ ਕੀਮਤ ਤੇ ਵੇਚਿਆ ਜਾਂਦਾ ਹੈ ਖਾਣ ਪੀਣ ਦਾ ਸਾਮਾਨ , ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ
ਐਸ. ਏ. ਐਸ. ਨਗਰ, 29 (ਸ.ਬ.) ਜੇਕਰ ਤੁਸੀਂ ਸਥਾਨਕ ਖਰੜ ਬਲੌਂਗੀ ਰੋੜ ਤੇ ਸਥਿਤ ਵੀ ਆਰ ਪੰਜਾਬ ਮਾਲ ਵਿੱਚ ਬਣੇ ਪੀ. ਵੀ. ਆਰ ਥੀਏਟਰ ਵਿੱਚ ਫਿਲਮ ਵੇਖਣ ਦਾ ਮਨ ਬਣਾਇਆ ਹੈ ਤਾਂ ਸਾਵਧਾਨ ਹੋ ਜਾਉ ਕਿਉਂਕਿ ਜੇਕਰ ਫਿਲਮ ਦੇ ਦੌਰਾਨ ਤੁਹਾਡਾ ਕੁਝ ਖਾਣ-ਪੀਣ ਦਾ ਮਨ ਕਰੇ ਤਾਂ ਉਹ ਤੁਹਾਡੀ ਜੇਬ ਤੇ ਬਹੁਤ ਜਿਆਦਾ ਭਾਰੀ ਪੈ ਸਕਦਾ ਹੈ| ਇਸ ਮਾਲ ਵਿੱਚ ਥੀਏਟਰ ਦੀ ਕੰਟੀਨ ਵਾਲੇ ਵਲੋਂ ਆਮ ਲੋਕਾਂ ਨੂੰ ਜਿਹੜਾ ਸਾਮਾਨ ਵੇਚਿਆ ਜਾ ਰਿਹਾ ਹੈ| ਉਸ ਸਾਮਾਨ ਦੀ ਬਾਜਾਰ ਕੀਮਤ ਤੋਂ ਕਈ ਗੁਨਾ ਵੱਧ ਕੀਮਤ ਵਸੂਲੀ ਜਾਂਦੀ ਹੈ| ਇਸ ਸਬੰਧੀ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਜਿਲ੍ਹਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਤਰੀਕੇ ਨਾਲ ਕੀਤੀ ਜਾਂਦੀ ਆਮ ਲੋਕਾਂ ਦੀ ਲੁੱਟ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ ਅਤੇ ਇਸ ਸਬੰਧੀ ਪੀ. ਵੀ. ਆਰ ਥੀਏਟਰ ਦੇ ਪ੍ਰਬੰਧਕਾਂ ਅਤੇ ਕੰਟੀਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|
ਆਪਣੇ ਪੱਤਰ ਵਿੱਚ ਸ੍ਰੀ ਵਿਨੀਤ ਵਰਮਾ ਨੇ ਲਿਖਿਆ ਹੈ ਕਿ ਉਹਨਾਂ ਦੇ ਇੱਕ ਜਾਨਦਾਰ ਪਿਛਲੇ ਦਿਨੀਂ ਇਸ ਥੀਏਟਰ ਵਿੱਚ ਫਿਲਮ ਵੇਖਣ ਗਏ ਸੀ ਅਤੇ ਫਿਲਮ ਦੇ ਦੌਰਾਨ ਉਹਨਾਂ ਨੇ ਤਿੰਨ ਵੈਜ ਬਰਗਰ ਅਤੇ ਤਿੰਨ ਪੈਪਸੀ ਦੇ ਗਿਲਾਸ ਲਏ ਜਿਸਦੇ ਬਦਲੇ ਕੰਟੀਨ ਵਾਲਿਆਂ ਨੇ ਉਹਨਾਂ ਤੋਂ 1641 ਰੁਪਏ ਵਸੂਲ ਕੀਤੇ| ਉਹਨਾਂ ਦੱਸਿਆ ਕਿ ਪੀ. ਵੀ. ਆਰ ਕੰਪਨੀ ਦੇ ਕੰਪਿਊਟਰ ਵਾਲੇ ਬਿੱਲ ਅਨੁਸਾਰ ਤਿੰਨ ਵੈਜ ਬਰਗਰ ਦੀ ਕੀਮਤ 871.44 ਰੁਪਏ ਅਤੇ ਤਿੰਨ ਪੈਪਸੀ ਦੇ ਗਿਲਾਸਾਂ ਦੀ ਕੀਮਤ 691.44 ਰੁਪਏ ਲਿਖੀ ਗਈ ਹੈ ਅਤੇ ਇਸ ਉੱਪਰ 5 ਫੀਸਦੀ ਜੀ ਐਸ. ਟੀ. ਵੀ ਲਗਾਇਆ ਗਿਆ ਹੈ| ਜਿਸ ਨਾਲ ਕੁਲ ਰਕਮ 1641 ਰੁਪਏ ਬਣ ਜਾਂਦੀ ਹੈ| ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਕਤ ਬਿੱਲ ਦੇ ਉੱਪਰ ਪੀ. ਵੀ. ਆਰ ਦਾ ਜੀ. ਐਸ. ਟੀ. ਨੰਬਰ ਤਾਂ ਦਰਜ ਹੈ ਪਰੰਤੂ ਬਿਲ ਉੱਪਰ ਕੋਈ ਨੰਬਰ ਨਹੀਂ ਹੈ ਜਿਸ ਨਾਲ ਇਹ ਸ਼ੱਕ ਪੈਂਦਾ ਹੈ ਕਿ ਕੰਟੀਨ ਵਾਲੇ ਵਲੋਂ ਵੇਚੇ ਜਾਣ ਵਾਲੇ ਸਾਮਾਨ ਦੇ ਨਾਲ ਜਿਹੜਾ ਜੀ. ਐਸ. ਟੀ. ਵਸੂਲ ਕੀਤਾ ਜਾਂਦਾ ਹੈ ਉਹ ਅੱਗੇ ਸਰਕਾਰ ਕੋਲ ਜਮ੍ਹਾਂ ਵੀ ਹੁੰਦਾ ਹੈ ਜਾਂ ਨਹੀਂ|
ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਗੱਲ ਇੱਥੇ ਹੀ ਨਹੀਂ ਮੁੱਕਦੀ ਬਲਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਥੀਏਟਰ ਦੀ ਕੰਟੀਨ ਵਾਲੇ ਵਲੋਂ ਵੇਚੇ ਜਾ ਰਹੇ ਖਾਣ ਪੀਣ ਦੇ ਸਾਮਾਨ ਦੀ ਕੁਆਲਟੀ ਜਾਂਚ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਅਜਿਹਾ ਕਰਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ|
ਉਹਨਾਂ ਲਿਖਿਆ ਹੈ ਕਿ ਥੀਏਟਰ ਵਾਲੇ ਕਿਸੇ ਵੀ ਦਰਸ਼ਕ ਨੂੰ ਆਪਣੇ ਨਾਲ ਖਾਣ ਪੀਣ ਦਾ ਕੋਈ ਸਾਮਾਨ ਨਹੀਂ ਲਿਜਾਣ ਦਿੰਦੇ ਅਤੇ ਫਿਲਮ ਦੇ ਦੌਰਾਨ ਦਰਸ਼ਕਾਂ ਨੂੰ ਕਈ ਗੁਨਾ ਕੀਮਤ ਤੇ ਸਾਮਾਨ ਵੇਚ ਕੇ ਲੋਕਾਂ ਦੀ ਅੰਨੀ ਲੁੱਟ ਕੀਤੀ ਜਾਂਦੀ ਹੈ| ਉਹਨਾਂ ਮੰਗ ਕੀਤੀ ਹੈ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਆਮ ਲੋਕਾਂ ਦੀ ਲੁੱਟ ਦੀ ਇਸ ਕਾਰਵਾਈ ਤੇ ਰੋਕ ਲੱਗੇ|
ਇਸ ਸਬੰਧੀ ਸੰਪਰਕ ਕਰਨ ਤੇ ਪੀ . ਵੀ . ਆਰ ਮਾਲ ਦੇ ਜਰਨਲ ਮੈਨਜੇਰ ਸ੍ਰੀ ਕਲਪਤਰੂ ਨਾਇਕ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਕਿ ਪੀ. ਵੀ. ਆਰ ਥੀਏਟਰ ਵਿੱਚ ਜਿਹੜਾ ਸਾਮਾਨ ਵੇਚਿਆ ਜਾ ਰਿਹਾ ਹੈ| ਉਹ ਅਪਰੂਣ ਕੀਮਤ ਦੇ ਅਨੁਸਾਰ ਹੈ ਜਾਂ ਨਹੀਂ ਅਤੇ ਜੇਕਰ ਇਸ ਵਿੱਚ ਕੋਈ ਗੜਬੜੀ ਪਾਈ ਗਈ ਤਾਂ ਉਹ ਇਸ ਦੇ ਖਿਲਾਫ ਕਾਰਵਾਈ ਕਰਣਗੇ|
ਜਿਲ੍ਹਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀ ਮਤੀ ਗੁਰਪ੍ਰੀਤ ਕੌਰ ਸਪਰਾ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਕਿਹਾ ਕਿ ਉਹਨਾਂ ਨੂੰ ਹੁਣੇ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਸ਼ਿਕਾਇਤ ਮਿਲਣ ਉਪਰੰਤ ਉਹਨਾਂ ਵਲੋਂ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *