ਮਾਫ਼ੀਨਾਮਾ ਲਿਖਣ ਲਈ ਭਾਜਪਾ ਨੇ ਕੇਜਰੀਵਾਲ ਨੂੰ ਭੇਜੇ 500 ਸਫ਼ੇ ਤੇ 10 ਪੈਨ

ਨਵੀਂ ਦਿੱਲੀ, 21 ਮਾਰਚ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਫੀਨਾਮੇ ਦੇਸ਼ ਦੀ ਸਿਆਸਤ ਵਿੱਚ ਮਸ਼ਹੂਰ ਹੋ ਗਏ ਹਨ| ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਰਹੇ ਬਿਕਰਮ ਮਜੀਠੀਆ ਕੋਲੋਂ ਜਿਸ ਸਮੇਂ ਤੋਂ ਅਰਵਿੰਦ ਕੇਜਰੀਵਾਲ ਨੇ ਮੁਆਫ਼ੀ ਮੰਗੀ ਹੈ, ਉਸ ਸਮੇਂ ਤੋਂ ਉਨ੍ਹਾਂ ਦੀ ਭੂਮਿਕਾ ਤੇ ਵੱਖ-ਵੱਖ ਧਿਰਾਂ ਵਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ| ਇਸ ਦੇ ਨਾਲ ਪੰਜਾਬ ਦੇ ਆਪ ਆਗੂ ਵੀ ਅਰਵਿੰਦ ਕੇਜਰੀਵਾਲ ਨਾਲ ਬਗਾਵਤ ਤੇ ਉਤਰ ਆਏ ਹਨ| ਅੱਜ ਮੁਆਫ਼ੀਨਾਮੇ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਪ੍ਰਦਰਸ਼ਨ ਕਰ ਰਹੀ ਹੈ|
ਇਸੇ ਦੌਰਾਨ ਦਿੱਲੀ ਭਾਜਪਾ ਦੇ ਤਰਜਮਾਨ ਤਜਿੰਦਰ ਸਿੰਘ ਬੱਗਾ ਨੇ ਅਰਵਿੰਦ ਕੇਜਰੀਵਾਲ ਦੇ ਮੁਆਫ਼ੀਨਾਮੇ ਤੇ ਤਿੱਖਾ ਵਾਰ ਕਰਦੇ ਹੋਏ ਉਨ੍ਹਾਂ 500 ਏ-4 ਸ਼ੀਟ ਅਤੇ 10 ਪੈਨ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਰਵਿੰਦ ਕੇਜਰੀਵਾਲ ਹੋਰ ਜ਼ਿਆਦਾ ਮੁਆਫ਼ੀਨਾਮੇ ਲਿਖ ਸਕਣ| ਦਿੱਲੀ ਭਾਜਪਾ ਦੇ ਤਰਜਮਾਨ ਤਜਿੰਦਰ ਬੱਗਾ ਨੇ ਕਿਹਾ ਕਿ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਬਿਨ੍ਹਾਂ ਸੋਚੇ ਸਮਝੇ ਕਿਸੇ ਤੇ ਵੀ ਦੋਸ਼ ਲਗਾ ਦਿੰਦੇ ਹਨ ਫਿਰ ਜੇਲ ਜਾਣ ਤੋਂ ਬਚਣ ਲਈ ਮੁਆਫ਼ੀਨਾਮਾ ਭੇਜ ਦਿੰਦੇ ਹਨ|
ਤਜਿੰਦਰ ਬੱਗਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇੰਨ੍ਹੇ ਲੋਕਾਂ ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ 500 ਸਫ਼ੇ ਅਤੇ 10 ਪੈਨਾਂ ਦੀ ਜ਼ਰੂਰਤ ਪਵੇਗੀ, ਇਸ ਲਈ ਉਨ੍ਹਾਂ ਨੂੰ ਇਹ ਸਮੱਗਰੀ ਭੇਜ ਰਹੇ ਹਨ| ਤਜਿੰਦਰ ਬੱਗਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹੁਣ ਤੱਕ ਬਿਕਰਮ ਮਜੀਠੀਆ, ਨਿਤੀਨ ਗਡਕਰੀ, ਕਪਿਲ ਸਿੱਬਲ ਅਤੇ ਅਵਤਾਰ ਸਿੰਘ ਭੜਾਨਾ ਤੋਂ ਤਾਂ ਮੁਆਫ਼ੀ ਮੰਗ ਹੀ ਚੁੱਕੇ ਹਨ ਹੁਣ ਉਨ੍ਹਾਂ ਨੂੰ ਦਿੱਲੀ ਦੀ ਜਨਤਾ ਨਾਲ ਕੀਤੇ ਵਾਦਿਆਂ ਲਈ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ|

Leave a Reply

Your email address will not be published. Required fields are marked *