ਮਿਆਂਮਾਰ ਵਿੱਚ ਤੂਫਾਨ ਨੇ ਮਚਾਈ ਤਬਾਹੀ, ਇਕ ਵਿਅਕਤੀ ਦੀ ਮੌਤ

ਯਾਗੂਨ, 19 ਅਪ੍ਰੈਲ (ਸ.ਬ.) ਮਿਆਂਮਾਰ ਵਿੱਚ ਆਏ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ| ਅੱਜ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਿਆਂਮਾਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਆਏ ਤੂਫਾਨ ਨੇ ਲਗਭੱਗ 800 ਘਰਾਂ ਨੂੰ ਬਰਬਾਦ ਕਰ ਦਿੱਤਾ ਹੈ| ਇੱਥੋਂ ਦੇ ਬਾਗੋ, ਆਇਆਵੈਡੀ, ਸੈਗੇਇੰਗ ਅਤੇ ਮਾਗਵੇਅ ਇਲਾਕਿਆਂ ਵਿੱਚ ਤੂਫਾਨ ਨੇ ਕਹਿਰ ਮਚਾ ਦਿੱਤਾ| ਇਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ| ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਹੋਏ ਲੋਕਾਂ ਨੂੰ ਮਦਦ ਦਿੱਤੀ ਜਾ ਰਹੀ ਹੈ| ਰਾਸ਼ਟਰੀ ਮੌਸਮ ਵਿਭਾਗ ਅਤੇ ਹਾਈਡਰੋਲੋਜੀ ਵਿਭਾਗ ਨੇ ਅਗਲੇ ਕਈ ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ| ਉਨ੍ਹਾਂ ਦੱਸਿਆ ਕਿ ਮੱਧ ਅਪ੍ਰੈਲ ਤੋਂ ਮੱਧ ਮਈ ਤਕ ਤੇਜ਼ ਹਵਾਵਾਂ ਅਤੇ ਭਾਰੀ ਤੂਫਾਨ ਆਉਣ ਦਾ ਖਦਸ਼ਾ ਰਹੇਗਾ| ਇਸ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਲਈ ਅਪੀਲ ਕੀਤੀ ਗਈ ਹੈ| ਤੂਫਾਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਘਰਾਂ ਵਿੱਚ ਬਿਜਲੀ ਦੀ ਸਪਲਾਈ ਠੱਪ ਰਹੀ| ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਲੋਕ ਆਵਾਜਾਈ ਸਮੇਂ ਵਧੇਰੇ ਧਿਆਨ ਰੱਖਣ ਕਿਉਂਕਿ ਸੜਕਾਂ ਉਤੇ ਦਰਖਤ ਡਿੱਗੇ ਹੋਏ ਹਨ|

Leave a Reply

Your email address will not be published. Required fields are marked *