ਮਿਆਂਮਾਰ ਵਿੱਚ ਫੌਜ ਦੇ ਲਾਪਤਾ ਜਹਾਜ਼ ਵਿੱਚ ਸਵਾਰ 26 ਵਿਅਕਤੀਆਂ ਦੀਆਂ ਲਾਸ਼ਾਂ ਸਮੁੰਦਰ ਵਿੱਚੋਂ ਮਿਲੀਆਂ

ਯਾਂਗੂਨ, 12 ਜੂਨ (ਸ.ਬ.) ਮਿਆਂਮਾਰ ਵਿੱਚ ਉਡਾਣ ਭਰਨ ਤੋਂ ਬਾਅਦ ਲਾਪਤਾ ਹੋਏ ਫੌਜ ਦੇ ਜਹਾਜ਼ ਵਿੱਚ ਸਵਾਰ 26 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ| ਇੱਥੇ ਦੱਸ ਦੇਈਏ ਕਿ ਜਹਾਜ਼ ਦਾ ਮਲਬਾ ਅੰਡਮਾਨ ਸਾਗਰ ਵਿੱਚੋਂ ਬਰਾਮਦ ਕੀਤਾ ਗਿਆ ਸੀ ਅਤੇ ਬਚਾਅ ਕਰਮੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਹਨ| ਮਿਆਂਮਾਰ ਦੀ ਸਮਾਚਾਰ ਏਜੰਸੀ ਮੁਤਾਬਕ ਜਹਾਜ਼ ਵਿਚ ਫੌਜੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਜਹਾਜ਼ ਦੇ ਕਰੂ ਮੈਂਬਰਾਂ ਸਮੇਤ 122 ਲੋਕ ਸਵਾਰ ਸਨ| ਇਸ ਜਹਾਜ਼ ਵਿੱਚ ਸਵਾਰ ਹੁਣ ਤੱਕ 59 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚ 27 ਪੁਰਸ਼, 23 ਔਰਤਾਂ ਅਤੇ 9 ਬੱਚੇ ਸ਼ਾਮਲ ਹਨ|
ਮਿਆਂਮਾਰ ਦੀ ਸਮਾਚਾਰ ਏਜੰਸੀ ਮੁਤਾਬਕ ਮੌਸਮ ਠੀਕ ਹੋਣ ਤੋਂ ਬਾਅਦ ਬੀਤੇ ਕੱਲ ਤਲਾਸ਼ੀ ਮੁਹਿੰਮ ਲਈ ਜਲ ਸੈਨਾ ਦੇ 9 ਜਹਾਜ਼, ਫੌਜ ਦੇ 5 ਜਹਾਜ਼ ਅਤੇ 2 ਹੈਲੀਕਾਪਟਰਾਂ ਨੂੰ ਲਾਇਆ ਗਿਆ ਹੈ| ਇਸ ਤੋਂ ਇਲਾਵਾ ਡਾਕਟਰੀ ਅਤੇ ਐਮਰਜੈਂਸੀ ਸੇਵਾ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਮੁਹਿੰਮ ਵਿੱਚ ਲਾਇਆ ਗਿਆ ਹੈ|
ਜ਼ਿਕਰਯੋਗ ਹੈ ਕਿ ਮਿਆਂਮਾਰ ਦੀ ਫੌਜ ਦਾ ਇਕ ਜਹਾਜ਼ ਬੀਤੇ ਬੁੱਧਵਾਰ ਨੂੰ ਦੱਖਣੀ ਤੱਟੀ ਸ਼ਹਿਰ ਮਾਈਕ ਤੋਂ ਯਾਂਗੂਨ ਲਈ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ| ਚੀਨ ਨਿਰਮਿਤ ਜਹਾਜ਼ ਵਾਈ-8-200 ਐਫ ਨੇ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜ ਕੇ 6 ਮਿੰਟ (ਭਾਰਤੀ ਸਮੇਂ ਅਨੁਸਾਰ 12 ਵਜ ਕੇ 6 ਮਿੰਟ) ਤੇ ਉਡਾਣ ਭਰੀ ਸੀ|
ਜਹਾਜ਼ ਆਪਣੇ ਉਡਾਣ ਦੇ 29 ਮਿੰਟ ਬਾਅਦ ਦਾਵੇਈ ਸ਼ਹਿਰ ਤੋਂ ਤਕਰੀਬਨ 70 ਕਿਲੋਮੀਟਰ ਦੂਰ ਅੰਡਮਾਨ ਸਾਗਰ ਦੇ ਉਪਰ 18 ਹਜ਼ਾਰ ਫੁੱਟ ਦੀ ਉਚਾਈ ਤੇ ਸੀ, ਤਾਂ ਇਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ| ਲਾਪਤਾ ਹੋਏ ਇਸ ਜਹਾਜ਼ ਦਾ ਮਲਬਾ ਮਿਲ ਗਿਆ ਹੈ ਅਤੇ ਬਚਾਅ ਕਰਮੀ ਸਮੁੰਦਰ ਵਿੱਚੋਂ ਬਾਕੀ ਲਾਸ਼ਾਂ ਦੀ ਭਾਲ ਵਿੱਚ ਜੁਟੇ ਹੋਏ ਹਨ|

Leave a Reply

Your email address will not be published. Required fields are marked *