ਮਿਨਟਾਂ ਵਿੱਚ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਾਅਵਾ ਕਰਨ ਵਾਲੇ ਜੋਤਸ਼ੀਆਂ ਖਿਲਾਫ ਕਾਰਵਾਈ ਦੀ ਮੰਗ

ਮਿਨਟਾਂ ਵਿੱਚ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਾਅਵਾ ਕਰਨ ਵਾਲੇ ਜੋਤਸ਼ੀਆਂ ਖਿਲਾਫ ਕਾਰਵਾਈ ਦੀ ਮੰਗ
ਤਰਕਸ਼ੀਲਾਂ ਨੇ ਡੀਸੀ ਨੂੰ ਭੇਜੇ ਜੋਤਸ਼ੀਆਂ ਦੇ ਗੁੰਮਰਾਹਕੁੰਨ ਇਸ਼ਤਿਹਾਰ
ਐਸ ਏ ਐਸ ਨਗਰ, 21 ਜੂਨ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਜੋਤਸ਼ੀਆਂ-ਤਾਂਤਰਿਕਾਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਸੁਸਾਇਟੀ ਨੇ ਡਿਪਟੀ ਕਮਿਸ਼ਨਰ ਨੂੰ ਭੇਜੇ ਪੱਤਰ ਨਾਲ ਜੋਤਸ਼ੀਆਂ ਦੇ ਉਹਨਾਂ ਪੈਂਫਲਿਟਾਂ ਨੂੰ ਵੀ ਨੱਥੀ ਕਰਕੇ ਭੇਜਿਆ ਹੈ ਜਿਹਨਾਂ ਨੂੰ ਲੰਮੇ ਸਮੇਂ ਤੋਂ ਅਖਬਾਰਾਂ ਰਾਹੀਂ ਘਰੋਂ-ਘਰੀਂ ਪਹੁੰਚਾਇਆ ਜਾ ਰਿਹਾ ਹੈ| ਤਰਕਸ਼ੀਲ ਆਗੂਆਂ ਦਾ ਕਹਿਣਾ ਹੈ ਕਿ ਅਜੋਕੇ ਦੌਰ ਵਿੱਚ ਜਿਆਦਾਤਰ ਵਿਅਕਤੀ ਨਿੱਕੀਆਂ-ਮੋਟੀਆਂ ਸਮੱਸਿਆਵਾਂ ਦਾ ਸ਼ਿਕਾਰ ਹਨ ਅਤੇ ਜੋਤਸ਼ੀ-ਤਾਂਤਰਿਕ ਨੂੰ ਉਹਨਾਂ ਨੂੰ ਹੱਲ ਕਰਨ ਦਾ ਦਾਅਵਾ ਕਰ ਕੇ ਲੋਕਾਂ ਦੀ ਆਰਥਿਕ, ਮਾਨਸਿਕ ਲੁੱਟ ਕਰ ਰਹੇ ਹਨ| ਇਕਾਈ ਮੁਹਾਲੀ ਦੀ ਮਹੀਨਾਵਾਰ ਮੀਟਿੰਗ ਵਿੱਚ ਜਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਅਤੇ ਜਰਨੈਲ ਕ੍ਰਾਂਤੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੇਮ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਹਰੇਕ ਤਾਂਤਰਿਕ-ਜੋਤਸ਼ੀ ਦੇ ਇਸ਼ਤਿਹਾਰ ਵਿੱਚ ਹੁੰਦੀ ਹੈ| ਕਈ ਵਾਰ ਤਾਂ ਬਾਝਪਣ ਵਰਗੀਆਂ ਬਿਮਾਰੀਆਂ ਨੂੰ ਮਿੰਟਾਂ ਵਿੱਚ ਹੱਲ ਕਰਨ ਦਾ ਦਾਅਵਾ ਕੀਤਾ ਹੁੰਦਾ ਹੈ| ਇੱਥੋਂ ਤੱਕ ਕਿ ਘਰ ਵਿੱਚ ਕਲੇਸ਼, ਕੀਤਾ ਕਰਾਇਆ, ਸੌਕਣ ਕੋਲੋਂ ਛੁਟਕਾਰਾ ਆਦਿ ਸਮੱਸਿਆਵਾਂ ਨੂੰ ਪੂਜਾ ਪਾਠ ਦੇ ਨਾਂ ਤੇ ਹੱਲ ਕਰਨ ਦੇ ਦਾਅਵੇ ਕੀਤੇ ਗਏ ਹੁੰਦੇ ਹਨ| ਆਗੂਆਂ ਨੇ ਕਿਹਾ ਕਿ ਇਹ ਪ੍ਰਚਾਰ ਗੁੰਮਰਾਹਕੁੰਨ ਤੇ ਗੈਰ-ਕਾਨੂੰਨੀ ਹੈ| ਉਹਨਾਂ ਦਾਅਵਾ ਕੀਤਾ ਕਿ ਲੁੱਟੇ ਜਾਣ ਤੋਂ ਬਾਅਦ ਕਈ ਵਾਰ ਲੋਕ ਸ਼ਰਮ, ਬਦਨਾਮੀ ਦੇ ਮਾਰੇ ਕਿਸੇ ਨੂੰ ਆਪਣੀ ਸਮੱਸਿਆ ਤੱਕ ਨਹੀਂ ਦੱਸਦੇ| ਉਹਨਾਂ ਕਿਹਾ ਕਿ ਬਾਝਪਣ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਦਾਅਵੇ ਡਰੱਗਜ ਐਂਡ ਮੈਜਿਕ ਰੈਮੀਡੀਜ ਐਕਟ-1954 ਦੇ ਖਿਲਾਫ ਹਨ| ਤਰਕਸ਼ੀਲ ਆਗੂਆਂ ਨੇ ਕਿਹਾ ਕਿ ਕਿਸੇ ਵੀ ਪੈਂਫਲਿਟ ਵਿੱਚ ਛਾਪਣ ਵਾਲੇ ਦੀ ਪ੍ਰਿੰਟ ਲਾਈਨ ਹੋਣੀ ਜ਼ਰੂਰੀ ਹੈ ਪਰ ਕਿਸੇ ਵੀ ਤਾਂਤਰਿਕ-ਜੋਤਸ਼ੀ ਦੀ ਇਸ਼ਤਿਹਾਰ ਵਿੱਚ ਇਹ ਪ੍ਰਿੰਟ ਲਾਈਨ ਨਹੀੰ ਹੁੰਦੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਛਾਪਣ ਵਾਲੇ ਨੂੰ ਪਤਾ ਹੈ ਕਿ ਉਹ ਗੈਰ ਕਾਨੂੰਨੀ ਸਮੱਗਰੀ ਪ੍ਰਿੰਟ ਕਰ ਰਿਹਾ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਚਮਤਕਾਰ ਦਿਖਾਉਣ ਬਦਲੇ ਪੰਜ ਲੱਖ ਦਾ ਇਨਾਮ ਕਈ ਸਾਲਾਂ ਤੋਂ ਰੱਖਿਆ ਹੋਇਆ ਹੈ ਜਿਸ ਨੂੰ ਅਜੇ ਤੱਕ ਕੋਈ ਵੀ ਜੋਤਸ਼ੀ ਜਿੱਤ ਨਹੀਂ ਸਕਿਆ| ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਜੋਤਸ਼ੀਆਂ-ਤਾਂਤਰਿਕਾਂ ਦੇ ਝਾਂਸੇ ਵਿੱਚ ਆਉਣ ਦੀ ਬਜਾਏ ਵਿਗਿਆਨਿਕ ਸੋਚ ਅਪਣਾਉਣ ਦੀ ਅਪੀਲ ਕੀਤੀ ਹੈ|

Leave a Reply

Your email address will not be published. Required fields are marked *