ਮਿਲਾਵਟੀ ਦੇਸੀ ਘੀ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ: ਪੰਨੂੰ

ਮਿਲਾਵਟੀ ਦੇਸੀ ਘੀ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ: ਪੰਨੂੰ
ਸਟੇਟ ਫੂਡ ਲੈਬਸ ਜੀ.ਸੀ ਮਸ਼ੀਨਾਂ ਨਾਲ ਲੈਸ ਕੀਤੀਆਂ
ਚੰਡੀਗੜ੍ਹ, 2 ਨਵੰਬਰ (ਸ.ਬ.) ਪੰਜਾਬ ਸਰਕਾਰ ਨੇ ਦੇਸੀ ਘੀ ਦੇ ਗੋਰਖਧੰਦੇ ਨੂੰ ਨੱਥ ਪਾਉਣ ਦੇ ਮਕਸਦ ਨਾਲ ਪਹਿਲ ਦੇ ਆਧਾਰ ਤੇ ਜਰੂਰੀ ਮਸ਼ੀਨਰੀ ਦੀ ਖਰੀਦ ਕੀਤੀ ਹੈ ਅਤੇ ਮਿਲਾਵਟੀ ਦੇਸੀ ਘੀ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ| ਪੰਜਾਬ ਦੇ ਫੂਡ ਸੇਫਟੀ ਕਮਿਸ਼ਨਰ ਸ੍ਰੀ ਕੇ.ਐਸ ਪੰਨੂੰ ਨੇ ਇਸ ਸੰਬੰਧੀ ਕਿਹਾ ਕਿ ਪੰਜਾਬ ਸਰਕਾਰ ਨੇ ਖਰੜ ਅਤੇ ਮੁਹਾਲੀ ਸਥਿਤ ਫੂਡ ਸੇਫਟੀ ਲੈਬਜ਼ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਜੀ.ਸੀ ਮਸ਼ੀਨਾਂ ਸਥਾਪਿਤ ਕਰ ਦਿੱਤੀਆਂ ਹਨ| ਉਹਨਾਂ ਨਕਲੀ ਘਿਉ ਦੇ ਕਾਰੋਬਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹਨਾਂ ਖਿਲਾਫ ਬਣਦੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ|
ਪੰਨੂੰ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਵਿਚੋਂ ਵੱਡੇ ਪੱਧਰ ਤੇ ਫੈਟੀ ਐਸਿਡ ਈਸਟਰ ਅਤੇ ਦੇਸੀ ਘੀ ਦੇ ਨਕਲੀ ਫਲੇਵਰ ਜ਼ਬਤ ਕੀਤੇ ਗਏ ਸਨ ਜਿਸ ਕਾਰਨ ਫੂਡ ਸੇਫਟੀ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਹਨਾਂ ਦੀ ਦੁਰਵਰਤੋਂ ਕਰਕੇ ਨਕਲੀ ਦੇਸੀ ਘੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹ| ਉਹਨਾਂ ਕਿਹਾ ਕਿ ਪਹਿਲਾਂ ਵਾਲੀਆਂ ਲੈਬਾਂ ਦੇ ਉਪਕਰਨ ਇਸ ਸਬੰਧੀ ਜਾਂਚ ਕਰਨ ਵਿੱਚ ਅਸਮਰਥ ਸਨ| ਉਹਨਾਂ ਕਿਹਾ ਕਿ ਫੈਟੀ ਐਸਿਡ ਈਸਟਰ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ ਜਿਸ ਨੂੰ ਆਰ.ਐਮ. ਪੱਧਰ ਵਧਾਉਣ ਲਈ ਹਾਈਡ੍ਰੋਜਨੇਟਿਡ ਬਨਸਪਤੀ ਤੇਲ ਨਾਲ ਮਿਲਾਇਆ ਜਾਂਦਾ ਹੈ ਅਤੇ ਇਹਨਾਂ ਨਾਲ ਤਿਆਰ ਕੀਤੇ ਪਦਾਰਥ ਨੂੰ ਦੇਸੀ ਘੀ ਵਜੋਂ ਦੁਕਾਨਾਂ ਤੇ ਵੇਚਿਆ ਜਾਂਦਾ ਹੈ|
ਇਹ ਮਿਲਾਵਟੀ ਹਾਈਡ੍ਰੋਜਿਨੇਟਿਡ ਤੇਲ ਦੇਖਣ ਅਤੇ ਸੁਆਦ ਦੇ ਤੌਰ ਤੇ ਬਿਲਕੁਲ ਸ਼ੁੱਧ ਦੇਸੀ ਘੀ ਦੀ ਤਰਾਂ ਲੱਗਦਾ ਹੈ| ਇਹ ਮਿਲਾਵਟੀ ਦੇਸੀ ਘੀ ਅਸਲੀ ਦੇਸੀ ਘੀ ਦੇ ਕਿਸੇ ਵੀ ਮਾਪਦੰਡਾਂ ਤੇ ਖਰਾ ਨਹੀਂ ਉੱਤਰਦਾ ਫਿਰ ਵੀ ਇਹ ਦੇਸੀ ਘੀ ਦੀ ਕੀਮਤ ਤੋਂ ਲਗਭਗ ਅੱਧੇ ਮੁੱਲ ਤੇ ਵੇਚਿਆ ਜਾਂਦਾ ਹੈ| ਅਜਿਹੇ ਮਿਲਾਵਟੀ ਦੇਸੀ ਘੀ ਦੇ ਉਤਪਾਦਕ ਲੋਕਾਂ ਅਤੇ ਫੂਡ ਸੇਫਟੀ ਅਫਸਰਾਂ ਨੂੰ ਗੁੰਮਰਾਹ ਕਰਨ ਲਈ ਇਸ ਦੀ ਪੈਕਿੰਗ ਨਾਂ ਤੇ ਛੋਟੇ ਅੱਖਰਾਂ ਵਿੱਚ ਲਾਈਟ ਘੀ ਜਾਂ ਪੂਜਾ ਘੀ ਦਾ ਲੇਬਲ ਲਗਾ ਦਿੰਦੇ ਹਨ|
ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਵਲੋਂ ਅਜਿਹਾ ਮਿਲਾਵਟੀ ਦੇਸੀ ਘੀ ਵੇਚਣ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਲੋੜ ਪੈਣ ਤੇ ਅਜਿਹੀਆਂ ਯੂਨਿਟਾਂ ਨੂੰ ਬੰਦ ਵੀ ਕਰ ਦਿੱਤਾ ਜਾਵੇਗਾ| ਉਹਨਾਂ ਅਜਿਹੇ ਮਿਲਾਵਟੀ ਪਦਾਰਥਾਂ ਨੂੰ ਵੇਚਣ ਜਾਂ ਸਟੋਰ ਕਰਨ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਜ਼ ਐਕਟ 2006 ਤਹਿਤ ਅਜਿਹੀ ਕਾਰਵਾਈ ਕਰਨ ਲਈ ਦੁਕਾਨਦਾਰ ਨੂੰ ਵੀ ਸਹਿਦੋਸ਼ੀ ਸਮਝਿਆ ਜਾਵੇਗਾ|

Leave a Reply

Your email address will not be published. Required fields are marked *