ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਕੰਗ

ਐਸ.ਏ.ਐਸ. ਨਗਰ, 8 ਅਗਸਤ (ਸ.ਬ.) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮੰਤਵ ਪੰਜਾਬ ਦੇ ਹਰੇਕ ਨਾਗਰਿਕ ਨੂੰ ਸ਼ੁਧ ਪਾਣੀ, ਸ਼ੁਧ ਹਵਾ ਅਤੇ ਬਿਨਾਂ ਮਿਲਾਵਟ ਦੀਆਂ ਖਾਣ ਪੀਣ ਦੀਆਂ ਵਸਤਾਂ ਮੁਹਈਆ ਕਰਵਾਉਣਾ ਹੈ| ਇਸ ਲਈ ਖਾਣ ਪੀਣ ਵਾਲੀਆਂ ਵਸਤਾਂ ਵਿਚ ਕਿਸੇ ਪ੍ਰਕਾਰ ਦੀ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਰ.ਐਸ ਕੰਗ ਵਲੋਂ ਮੀਟ ਤੇ ਮੱਛੀ ਦੀਆਂ ਦੁਕਾਨਾਂ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਸ਼ਹਿਰਾਂ ਵਿਚਲੀਆਂ ਵੱਖ-ਵੱਖ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ ਅਤੇ ਸੈਂਪਲ ਲੈਣ ਉਪਰੰਤ ਕੀਤਾ|
ਡਾ. ਕੰਗ ਨੇ ਦੱਸਿਆ ਕਿ ਮੁਹਾਲੀ ਅਤੇ ਖਰੜ ਵਿਖੇ ਮੀਟ ਤੇ ਮੱਛੀ ਵੇਚਣ ਵਾਲੀਆਂ ਕਈ ਦੁਕਾਨਾਂ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਚੈਕਿੰਗ ਕੀਤੀ ਗਈ ਅਤੇ ਜਾਂਚ ਲਈ 3 ਸੈਂਪਲ ਵੀ ਲਏ ਗਏ| ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਤੇ ਖਰੜ ਸਥਿਤ ਹੋਰ ਦੁਕਾਨਾ ਤੇ ਵੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ| ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਪਾਏ ਜਾਣ ਤੇ ਦੁਕਾਨ ਮਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|
ਉਹਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦੀ ਕਾਮਯਾਬੀ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੀ ਹੈ| ਇਸ ਲਈ ਇਸ ਮਿਸ਼ਨ ਨੂੰ ਕਾਮਯਾਬ ਬਣਾਉਣਾ ਸਰਕਾਰੀ ਡਿਊਟੀ ਦੇ ਨਾਲ ਨਾਲ ਸਾਡੀ ਨੈਤਿਕ ਜਿੰਮੇਵਾਰੀ ਵੀ ਬਣਦੀ ਹੈ| ਉਹਨਾਂ ਕਿਹਾ ਕਿ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਚੈਕਿੰਗ ਲਗਾਤਾਰ ਜਾਰੀ ਰਹੇਗੀ|

Leave a Reply

Your email address will not be published. Required fields are marked *