‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਿੰਡ ਸੋਹਾਣਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਐਸ.ਏ.ਐਸ. ਨਗਰ, 12 ਜੂਨ (ਸ.ਬ.) ਸਿਹਤ ਵਿਭਾਗ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਿੰਡ ਸੋਹਾਣਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾ ਕੇ ਲੋਕਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦਾ ਹੋਕਾ ਦਿੱਤਾ ਗਿਆ| ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਵੱਖ-ਵੱਖ ਕਾਰਨਾਂ ਕਰਕੇ ਸਾਡੇ ਖਾਣ-ਪੀਣ, ਰਹਿਣ-ਸਹਿਣ, ਸਿਹਤ ਅਤੇ ਚੌਗਿਰਦੇ ਵਿਚ ਕਾਫ਼ੀ ਵਿਗਾੜ ਆ ਗਿਆ ਹੈ| ਉਨ੍ਹਾਂ ਕਿਹਾ ਕਿ ਕੁਝ ਬਿਮਾਰੀਆਂ ਤਾਂ ਕੇਵਲ ਜਾਗਰੂਕਤਾ ਦੀ ਘਾਟ ਕਾਰਨ ਲੱਗ ਰਹੀਆਂ ਹਨ| ਡੇਂਗੂ ਦੀ ਮਿਸਾਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਜੇ ਅਸੀਂ ਘਰਾਂ ਵਿਚਲੇ ਕੂਲਰਾਂ, ਗਮਲਿਆਂ, ਟੈਂਕੀਆਂ, ਫ਼ਰਿੱਜਾਂ ਦੀਆਂ ਟਰੇਆਂ ਆਦਿ ਦੀ ਲਗਾਤਾਰ ਸਫ਼ਾਈ ਕਰੀਏ ਤਾਂ ਡੇਂਗੂ ਫੈਲਾਉਣ ਵਾਲੇ ਮੱਛਰ ਨੂੰ ਪੈਦਾ ਹੋਣ ਤੋਂ ਹੀ ਰੋਕਿਆ ਜਾ ਸਕਦਾ ਹੈ|
ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ ਹੀ ਇਸ ਬੀਮਾਰੀ ਤੋਂ ਬਚਣ ਦਾ ਕਾਰਗਰ ਤਰੀਕਾ ਹੈ| ਡਾ. ਭਾਰਦਵਾਜ ਨੇ ਕਿਹਾ ਕਿ ਡੇਂਗੂ ਬੁਖ਼ਾਰ ਹੋਣ ਮਗਰੋਂ ਕੁਝ ਲੋਕ ਇਲਾਜ ਦੇ ਗ਼ਲਤ ਅਤੇ ਗ਼ੈਰ-ਡਾਕਟਰੀ ਤਰੀਕੇ ਵਰਤਣ ਲੱਗੇ ਜਾਂਦੇ ਹਨ ਜਿਸ ਕਾਰਨ ਇਹ ਬੁਖ਼ਾਰ ਘਟਣ ਦੀ ਬਜਾਏ ਵੱਧ ਜਾਂਦਾ ਹੈ ਅਤੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ| ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਦੇ ਇਲਾਜ ਹਿੱਤ ਸੈਲ ਵਧਾਉਣ ਵਾਸਤੇ ਬੱਕਰੀ ਦਾ ਦੁੱਧ ਪੀਣਾ, ਕੀਵੀ ਅਤੇ ਪਪੀਤੇ ਜਿਹੇ ਫੱਲ ਖਾਣਾ ਕਿਸੇ ਵੀ ਤਰ੍ਹਾਂ ਅਸਰਦਾਰ ਨਹੀਂ ਹੁੰਦਾ|
ਮਲੇਰੀਆ ਬਾਰੇ ਸਿਵਲ ਸਰਜਨ ਨੇ ਕਿਹਾ ਕਿ ਇਹ ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ ਤੇ ਸਾਫ਼ ਖੜੇ ਪਾਣੀ ਵਿਚ ਵੀ ਪੈਦਾ ਹੁੰਦਾ ਹੈ| ਇਹ ਮੱਛਰ ਰਾਤ ਅਤੇ ਸਵੇਰ ਵੇਲੇ ਲੜਦਾ ਹੈ ਤੇ ਕੋਈ ਵੀ ਬੁਖ਼ਾਰ ਮਲੇਰੀਆ ਹੋ ਸਕਦਾ ਹੈ|
ਇਸ ਮੌਕੇ ਜ਼ਿਲ੍ਹਾ ਐਪੀਡੋਮਿਓਲੋਜਿਸਟ ਡਾ. ਸ਼ਲਿੰਦਰ ਕੌਰ ਨੇ ਕਿਹਾ ਕਿ ਸਰੀਰ ਅੰਦਰਲੇ ਪਲੇਟਲੈਟਸ ਜਾਂ ਸੈਲ ਘਟਣ ਤੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੈਲਾਂ ਦੀ ਥੋੜੀ-ਬਹੁਤ ਕਮੀ ਆਮ ਤੌਰ ਤੇ ਹਰ ਬੁਖ਼ਾਰ ਵਿਚ ਹੋ ਜਾਂਦੀ ਹੈ| ਸੈਲ ਘਟਣ ਦਾ ਅਰਥ ਡੇਂਗੂ ਬੁਖ਼ਾਰ ਹੋਣਾ ਬਿਲਕੁਲ ਵੀ ਨਹੀਂ|’ ਡੇਂਗੂ ਬੁਖ਼ਾਰ ਦੀ ਪੁਸ਼ਟੀ ਸਿਰਫ਼ ਟੈਸਟ ਰਾਹੀਂ ਹੀ ਹੋ ਸਕਦੀ ਹੈ| ਜ਼ਿਲ੍ਹਾ ਐਪੀਡੋਮਿਓਲੋਜਿਸਟ (ਆਈਡੀਐਸਪੀ) ਡਾ. ਦੀਪਤੀ ਨੇ ਲੋਕਾਂ ਨੂੰ ਮਲੇਰੀਆ ਤੇ ਸਵਾਈਨ ਫ਼ਲੂ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ| ਇਸ ਮੌਕੇ ਐਸ ਐਮ ਓ ਘੜੂੰਆਂ ਡਾ. ਕੁਲਜੀਤ ਕੌਰ, ਡਾ. ਸੰਗੀਤ ਪਾਲ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *