ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੋਬਾਇਲ ਲੈਬੋਰਾਟਰੀ ਰਾਂਹੀ ਦੁੱਧ ਦੇ ਸੈਂਪਲ ਕੀਤੇ ਟੈਸਟ

ਐਸ.ਏ.ਐਸ. ਨਗਰ, 2 ਅਗਸਤ (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਹਾਲੀ ਦੇ ਫੇਜ਼-4 ਵਿਖੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਤੇ ਦੁੱਧ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣ ਲਈ ਦੁੱਧ ਪਰਖ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਕੈਂਪ ਦਾ ਉਦਘਾਟਨ ਜਨਰਲ ਸਕੱਤਰ, ਜ਼ਿਲ੍ਹਾ ਕਾਂਗਰਸ ਕਮੇਟੀ, ਐਸ.ਏ.ਐਸ ਨਗਰ, ਸ੍ਰੀ ਪਰਮਜੀਤ ਸਿੰਘ ਵੱਲੋਂ ਕੀਤਾ ਗਿਆ|
ਡੇਅਰੀ ਟੈਕਨੋਲੋਜਿਸਟ ਸ੍ਰੀ ਦਰਸ਼ਨ ਸਿੰਘ ਦੀ ਦੇਖ ਰੇਖ ਹੇਠ ਲਗਾਏ ਗਏ ਦੁੱਧ ਪਰਖ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਏ ਜਾ ਰਹੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਅਧੀਨ ਮੋਬਾਇਲ ਲੈਬੋਰਾਟਰੀ ਰਾਂਹੀ ਦੁੱਧ ਦੇ 41 ਸੈਂਪਲ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋ 35 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ ਅਤੇ ਬਾਕੀ 6 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ| ਜਿਸ ਦੀ ਮਿਕਦਾਰ 11 ਤੋਂ 22 ਪ੍ਰਤੀਸ਼ਤ ਤੱਕ ਸੀ| ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਨਮੂਨੇ ਵਿੱਚ ਹਾਨੀਕਾਰਕ ਕੈਮੀਕਲ/ ਬਾਹਰੀ ਪਦਾਰਥ ਨਹੀਂ ਪਾਏ ਗਏ| ਸ੍ਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੇ ਨਮੂਨੇ ਟੈਸਟ ਕਰਨ ਉਪਰੰਤ ਨਤੀਜੇ ਲਿਖਤੀ ਰੂਪ ਵਿੱਚ ਮੌਕੇ ਤੇ ਹੀ ਮੁਫਤ ਦਿੱਤੇ ਗਏ|
ਡੇਅਰੀ ਟੈਕਨੋਲੋਜਿਸਟ ਨੇ ਦੱਸਿਆ ਕਿ ਹੁਣ ਸਾਰੇ ਵਿਭਾਗੀ ਦਫਤਰਾਂ ਵਿੱਚ ਵੀ ਦੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ| ਉਨ੍ਹਾਂ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤਾਂ ਬਾਰੇ ਜਾਣਕਾਰੀ ਦੇਣਾ ਹੈ ਅਤੇ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾਵਾਂ ਨੂੰ ਖਤਮ ਕਰ ਸਕਦੇ ਹਨ| ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਹਰਦੇਵ ਸਿੰਘ ਤੋਂ ਇਲਾਵਾ ਗੁਰਦੀਪ ਸਿੰਘ, ਕਸ਼ਮੀਰ ਸਿੰਘ, ਕੁਲਦੀਪ ਕੌਰ, ਬਿਮਲਾ ਸੈਣੀ, ਰੁਚੀਕਾ ਪਠਾਨੀਆਂ, ਅਜੀਤ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ, ਐਸ.ਕੇ. ਬਾਂਸਲ, ਮਨਜੀਤ ਸਿੰਘ ਸਮੇਤ ਹੋਰ ਦੁੱਧ ਖਪਤਕਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *